ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਮਾਣਯੋਗ ਹਾਈ ਕੋਰਟ ਨੇ ਮਾਰਕਫੈੱਡ ਖਰੀਦ ਏਜੰਸੀ ਦੇ ਡੀ. ਐੱਮ. ਨੂੰ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਕੰਟੈਂਪ ਆਫ ਕੋਰਟ ਮੰਨਦੇ ਹੋਏ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਜਨੀਸ਼ ਭੋਲਾ ਦੇ ਸ਼ੈਲਰ ਕੀਰਤੀ ਰਾਈਸ ਮਿੱਲ ’ਚ ਫੌਰੀ ਤੌਰ ’ਤੇ ਜੀਰੀ ਲਾਉਣ ਦੇ ਹੁਕਮ ਸੁਣਾਏ ਹਨ। ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਦਿਖਾਉਂਦਿਆਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਜਨੀਸ਼ ਭੋਲਾ ਨੇ ਦੱਸਿਆ ਕਿ ਮੇਰੇ ਸ਼ੈਲਰ ਕੀਰਤੀ ਰਾਈਸ ਮਿੱਲ ਦੀ ਅਲਾਟਮੈਂਟ ਹੋ ਗਈ ਸੀ, ਜਿਸ ਦੇ ਐਗਰੀਮੈਂਟ ਦੀ ਕਾਪੀ ਮਾਰਕਫੈੱਡ ਨੂੰ ਦੇ ਦਿੱਤੀ ਸੀ। 22 ਨਵੰਬਰ 2018 ਨੂੰ ਮੇਰੇ ਵੱਲੋਂ ਸਕਿਓਰਿਟੀ ਡਰਾਫਟ ਵੀ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਾਰਕਫੈੱਡ ਵੱਲੋਂ 14-15 ਹਜ਼ਾਰ ਮੈਟ੍ਰਿਕ ਟਨ ਜੀਰੀ ਦੀ ਖਰੀਦ ਕੀਤੀ ਗਈ। ਇਸ ਜੀਰੀ ਨੂੰ ਸਾਰੇ ਸ਼ੈਲਰਾਂ ’ਚ ਵੰਡ ਕੇ ਲਾਉਣਾ ਸੀ ਪਰ ਮੇਰੇ ਨਾਲ ਮਾਰਕਫੈੱਡ ਦੇ ਅਧਿਕਾਰੀ ਨਿੱਜੀ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਜਾਣ-ਬੂਝ ਕੇ ਮੇਰੇ ਸ਼ੈਲਰ ਵਿਚ ਇਕ ਵੀ ਗੱਟਾ ਜੀਰੀ ਦਾ ਨਹੀਂ ਲਾਇਆ, ਜਿਸ ’ਤੇ ਮੈਂ ਇਨਸਾਫ ਲੈਣ ਲਈ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾਇਆ। ਮਾਣਯੋਗ ਹਾਈ ਕੋਰਟ ਨੇ ਡੀ. ਐੱਮ ਮਾਰਕਫੈੱਡ ਨੂੰ ਮੇਰੇ ਸ਼ੈਲਰ ’ਚ ਜੀਰੀ ਲਾਉਣ ਦੇ ਹੁਕਮ ਦਿੱਤੇ ਪਰ ਡੀ. ਐੱਮ. ਵੱਲੋਂ ਇਹ ਮਾਮਲਾ ਕਮੇਟੀ ਨੂੰ ਸੌਂਪਣ ਲਈ ਕਿਹਾ ਗਿਆ। ਮਾਣਯੋਗ ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਅਡੀਸ਼ਨਲ ਡਾਇਰੈਕਟਰ ਕਮ-ਕੰਟਰੋਲਰ ਲੀਗਲ ਮੈਟਰੋਲੋਜੀ, ਪੰਜਾਬ ਸਰਕਾਰ, ਐਡੀਸ਼ਨਲ ਡਾਇਰੈਕਟਰ ਫਾਇਨਾਂਸ, ਡਿਪਟੀ ਡਾਇਰੈਕਟਰ ਰਾਈਸ ਲਏ ਗਏ। ਇਸ ਕਮੇਟੀ ਵੱਲੋਂ ਵੀ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਕੀਤੀ ਗਈ ਅਤੇ ਡੀ. ਐੱਮ. ਮਾਰਕਫੈੱਡ ਨੂੰ ਨਿਰਦੇਸ਼ ਦਿੱਤੇ ਗਏ ਕਿ ਕੀਰਤੀ ਰਾਈਸ ਮਿੱਲ ’ਚ ਜੀਰੀ ਲਾਈ ਜਾਵੇ ਪਰ ਮਾਰਕਫੈੱਡ ਦੇ ਡੀ. ਐੱਮ. ਵੱਲੋਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਮੈਨੂੰ ਫਿਰ ਤੋਂ ਮਾਣਯੋਗ ਹਾਈ ਕੋਰਟ ਵਿਚ ਕੰਟੈਂਪ ਆਫ ਕੋਰਟ ਦੀ ਪਟੀਸ਼ਨ ਪਾਉਣੀ ਪਈ। ਹਾਈ ਕੋਰਟ ਨੇ ਫੌਰੀ ਤੌਰ ’ਤੇ ਮਾਰਕਫੈੱਡ ਨੂੰ ਮੇਰੇ ਸ਼ੈਲਰ ਵਿਚ ਜੀਰੀ ਲਾਉਣ ਦੇ ਹੁਕਮ ਦਿੱਤੇ ਗਏ ਅਤੇ ਕੋਰਟ ਵਿਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ।
ਮਾਮਲਾ ਪਿੰਡ ਦੁਲਮਾ ਦੇ ਛੱਪਡ਼ ’ਚੋਂ ਮਿਲੀ ਲਾਸ਼ ਦਾ
NEXT STORY