ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਵੱਲੋਂ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਸੂਬਾਈ ਸਮਾਗਮ ਦੀ ਤਿਆਰੀ ਸਬੰਧੀ ਅੱਜ ਦਾਣਾ ਮੰਡੀ ਬਰਨਾਲਾ ਵਿਖੇ ਇਕ ਸਿੱਖਿਆਦਾਇਕ ਤਿਆਰੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਤੇ ਔਰਤ ਕਾਰਕੁੰਨਾਂ ਵੱਲੋਂ ਸੈਂਕਡ਼ਿਆਂ ਦੀ ਤਾਦਾਦ ’ਚ ਸ਼ਿਰਕਤ ਕਰਨ ਸਦਕਾ ਇਹ ਮੀਟਿੰਗ ਵਿਸ਼ਾਲ ਕਾਨਫਰੰਸ ਦਾ ਰੂਪ ਧਾਰ ਗਈ। ਇਸ ਮੌਕੇ ਸ਼ਹੀਦਾਂ ਦੀ ਯਾਦ ’ਚ ਮੋਨ ਧਾਰ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਨੂੰ ਕਮੇਟੀ ਦੇ ਮੈਂਬਰ ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਲਛਮਣ ਸਿੰਘ ਸੇਵੇਵਾਲਾ ਤੇ ਜਗਮੇਲ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿਖੇ ਅੰਗਰੇਜ਼ਾਂ ਵੱਲੋਂ ਕੀਤੇ ਕਤਲੇਆਮ ਸਮੇਂ ਮੁਲਕ ਦੇ ਲੋਕਾਂ ਦੀ ਆਰਥਕ-ਸਮਾਜਕ ਤੇ ਰਾਜਨੀਤਕ ਹਾਲਤਾਂ ਨੂੰ ਬਿਆਨ ਕਰਦਿਆਂ ਅੰਗਰੇਜ਼ਾਂ ਵੱਲੋਂ ਭਾਰਤੀ ਲੋਕਾਂ ਦੀ ਹਰ ਪੱਖੋਂ ਨਰਕ ਬਣਾਈ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ’ਤੇ ਝਾਤ ਪੁਆਈ ਗਈ। ਉਨ੍ਹਾਂ ਆਖਿਆ ਕਿ ਅੰਗਰੇਜ਼ ਸਾਮਰਾਜੀਆਂ ਵੱਲੋਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਕਾਰਨ ਪਏ ਅਕਾਲ ਸਦਕਾ ਭੁੱਖਮਰੀ ਨਾਲ ਹੀ 1 ਕਰੋਡ਼ 90 ਲੱਖ ਲੋਕ ਮਾਰੇ ਗਏ ਸਨ ਅਤੇ ਪਲੇਗ ਵਰਗੀਆਂ ਬੀਮਾਰੀਆਂ ਨਾਲ 2 ਕਰੋਡ਼ 87 ਲੱਖ 31 ਹਜ਼ਾਰ 324 ਲੋਕ 1911 ਤੋਂ 1914 ਤੱਕ ਦੇ 4 ਸਾਲਾਂ ’ਚ ਮੌਤ ਦੇ ਮੂੰਹ ਪੈ ਗਏ ਸਨ। ਜਦੋਂ ਕਿ ਕਿਸਾਨਾਂ ਦੀਆਂ 45 ਫੀਸਦੀ ਤੋਂ ਵਧੇਰੇ ਜ਼ਮੀਨਾਂ ਗਹਿਣੇ ਹੋ ਗਈਆਂ ਸਨ। ਅੰਗਰੇਜ਼ਾਂ ਦੀ ਇਸ ਅੰਨ੍ਹੀ ਲੁੱਟ ਦੀ ਸਤਾਈ ਪੰਜਾਬ ਤੇ ਦੇਸ਼ ਦੀ ਲੋਕਾਈ ਜਾਤਾਂ, ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਅੰਗਰੇਜ਼ਾਂ ਖਿਲਾਫ਼ ਮੈਦਾਨ ’ਚ ਨਿੱਤਰ ਪਈ ਸੀ। ਲੋਕਾਂ ਦੀ ਇਸ ਆਜ਼ਾਦੀ ਦੀ ਲਹਿਰ ਦੇ ਗਲ ਅੰਗੂਠਾ ਦੇਣ ਲਈ ਹੀ ਜਲਿਆਂਵਾਲਾ ਬਾਗ ਦਾ ਕਾਂਡ ਰਚਾਇਆ ਗਿਆ ਸੀ ਪਰ ਇਸ ਕਾਂਡ ਤੋਂ ਬਾਅਦ ਵੀ ਲੋਕ ਹੋਰ ਜ਼ੋਰ ਨਾਲ ਆਜ਼ਾਦੀ ਸੰਗਰਾਮ ’ਚ ਕੁੱਦ ਪਏ ਸਨ। ਉਨ੍ਹਾਂ ਆਖਿਆ ਕਿ ਸੰਨ 47 ’ਚ ਹੋਈ ਸੱਤਾ ਬਦਲੀ ਦੇ ਬਾਵਜੂਦ ਨਾ ਸਿਰਫ਼ ਸਾਮਰਾਜੀ ਲੁੱਟ ਜਾਰੀ ਹੈ ਸਗੋਂ ਹੋਰ ਵੀ ਤੇਜ਼ ਹੋ ਗਈ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੇ ਵੰਨ-ਸੁਵੰਨੇ ਹਾਕਮਾਂ ਵੱਲੋਂ ਵਿਕਾਸ ਦੇ ਨਾਂ ਹੇਠ ਅੱਜ ਵੀ ਦੇਸ਼ ਦੇ ਬਹੁਮੁਲੇ ਕੁਦਰਤੀ ਸਰੋਤਾਂ, ਜੰਗਲ, ਜ਼ਮੀਨਾਂ, ਖਾਣਾਂ, ਦਰਿਆਵਾਂ ਤੇ ਖਜ਼ਾਨੇ ਸਮੇਤ ਹਰ ਸ੍ਰੋਤ ਸਾਮਰਾਜੀਆਂ, ਬਹੁਕੌਮੀ ਕੰਪਨੀਆਂ ਤੇ ਟਾਟਿਆਂ, ਅਡਾਨੀਆਂ ਤੇ ਅੰਬਾਨੀਆਂ ਵਰਗੇ ਦੇਸੀ ਪੂੰਜੀਪਤੀਆਂ ਨੂੰ ਪਰੋਸ ਦਿੱਤਾ ਹੈ। ਰੋਲਟ ਐਕਟ ਨੂੰ ਮਾਤ ਪਾਉਂਦੇ ਕਾਲੇ ਕਾਨੂੰਨ ਘਡ਼ੇ ਤੇ ਲਾਗੂ ਕੀਤੇ ਜਾ ਰਹੇ ਹਨ ਅਤੇ ਅੰਗਰੇਜ਼ਾਂ ਤੋਂ ਵਿਰਾਸਤ ’ਚ ਹਾਸਲ ਕੀਤੀ ਪਾਡ਼ੋ ਤੇ ਰਾਜ ਕਰੋ ਦੀ ਨੀਤੀ ਤਹਿਤ ਫਿਰਕਾਪ੍ਰਸਤੀ ਤੇ ਅੰਨ੍ਹੇ ਰਾਸ਼ਟਰਵਾਦ ਭਡ਼ਕਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਮਨਾਉਣ ਦਾ ਅਰਥ ਸਾਮਰਾਜੀਆਂ, ਦੇਸੀ ਵੱਡੇ ਪੂੰਜੀਪਤੀਆਂ, ਜਗੀਰਦਾਰਾਂ ਤੇ ਭੌਂਅ ਸਰਦਾਰਾਂ ਤੋਂ ਮੁਕਤੀ ਲਈ ਸੰਗਰਾਮ ਨੂੰ ਤੇਜ਼ ਕਰਨਾ ਬਣਦਾ ਹੈ। ਇਸ ਲਈ ਅੱਜ ਲੋਕਾਂ ਦੇ ਅੰਸ਼ਿਕ ਮੁੱਦਿਆਂ ’ਤੇ ਚਲਦੇ ਘੋਲਾਂ ਨੂੰ ਰੋਜ਼ਗਾਰ ਦੀ ਗਰੰਟੀ, ਜ਼ਮੀਨਾਂ ਦੀ ਨਿਆਈ ਵੰਡ, ਸੂਦਖੋਰੀ ਦਾ ਖਾਤਮਾ, ਸਾਮਰਾਜੀਆਂ ਤੇ ਉਨ੍ਹਾਂ ਦੇ ਜੋਟੀਦਾਰ ਮੁਲਕ ਦੇ ਵੱਡੇ ਪੂੰਜੀਪਤੀਆਂ ਵੱਲੋਂ ਲੁੱਟਿਆ ਸਰਮਾਇਆ ਜ਼ਬਤ ਕਰਨ, ਸਾਮਰਾਜੀਆਂ ਨਾਲ ਕੀਤੀਆਂ ਅਣਸਾਵੀਆਂ ਸੰਧੀਆਂ ਰੱਦ ਕਰਨ, ਕਾਲੇ ਕਾਨੂੰਨ ਰੱਦ ਕਰਨ, ਕਸ਼ਮੀਰ ਤੇ ਆਦਿਵਾਸੀ ਖੇਤਰਾਂ ’ਚੋਂ ਫੌਜਾਂ ਵਾਪਸ ਬੁਲਾਉਣ ਵਰਗੇ ਮੁੱਦਿਆਂ ’ਤੇ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਮੌਜੂਦਾ ਸਮੇਂ ਦੇਸ਼ ’ਚ ਹੋ ਰਹੀਆਂ ਚੋਣਾਂ ਦੌਰਾਨ ਵੋਟ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਆਪਸੀ ਏਕਤਾ ਮਜ਼ਬੂਤ ਕਰਦੇ ਹੋਏ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਭਮੱਕਡ਼ ਭਾਵਨਾ ਮਨਾਂ ’ਚ ਵਸਾਕੇ ਸੰਗਰਾਮ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਪਹੁੰਚਣ ਲਈ ਪਿੰਡਾਂ ’ਚ ਤਿਆਰੀ ਮੁਹਿੰਮ ਭਖਾਉਣ ਲਈ ਮੀਟਿੰਗਾਂ, ਰੈਲੀਆਂ, ਕਾਨਫਰੰਸਾਂ ਤੇ ਮਸ਼ਾਲ ਮਾਰਚ ਕਰਨ ਦਾ ਵੀ ਸੱਦਾ ਦਿੱਤਾ ਗਿਆ। ਇਸ ਸਮੇਂ ਕਮੇਟੀ ਮੈਂਬਰ ਯਸ਼ਪਾਲ, ਹਰਜਿੰਦਰ ਸਿੰਘ, ਅਸ਼ਵਨੀ ਕੁਮਾਰ ਘੁੱਦਾ ਵੀ ਹਾਜ਼ਰ ਸਨ।
72 ਬੋਤਲਾਂ ਸ਼ਰਾਬ ਸਮੇਤ ਅੜਿੱਕੇ
NEXT STORY