ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਫੂਡ ਤੇ ਡਰੱਗ ਪ੍ਰਸ਼ਾਸਨ ਦੇ ਵਿਸ਼ੇਸ਼ ਉਪਰਾਲਿਆਂ ਤਹਿਤ ਅਤੇ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਸ. ਕਾਹਨ ਸਿੰਘ ਪੰਨੂ ਦੇ ਨਿਰਦੇਸ਼ਾਂ ਅਨੁਸਾਰ 1 ਤੋਂ 15 ਅਪ੍ਰੈਲ ਤੱਕ ਬਰਨਾਲਾ ਜ਼ਿਲੇ ਅੰਦਰ ਫੂਡ ਸੇਫ਼ਟੀ ਵੈਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੂਡ ਸੇਫ਼ਟੀ ਵੈਨ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਹੀ ਦੁੱਗ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਖਾਣ-ਪੀਣ ਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫੂਡ ਸੇਫ਼ਟੀ ਵੈਨ ਰਾਹੀਂ ਲੋਕ ਖਾਣ-ਪੀਣ ਵਾਲੀ ਕਿਸੇ ਵੀ ਵਸਤੂ ਦੀ ਜਾਂਚ 50 ਰੁਪਏ ਸਰਕਾਰੀ ਫ਼ੀਸ ਦੇ ਕੇ ਉਸ ਦੇ ਸੈਂਪਲ ਦੀ ਜਾਂਚ ਕਰਵਾ ਸਕਦੇ ਹਨ, ਤਾਂ ਜੋ ਉਹ ਖਾਣੇ ਦੀ ਸ਼ੁੱਧਤਾ ਨੂੰ ਪਰਖ ਸਕਣ ਅਤੇ ਤੰਦਰੁਸਤ ਜੀਵਨ ਮਾਣ ਸਕਣ। ਉਨ੍ਹਾਂ ਨੇ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਜ਼ਿਲਾ ਵਾਸੀਆਂ ਨੂੰ ਵੀ ਹਦਾਇਤ ਕੀਤੀ ਕਿ ਅਜਿਹੀਆਂ ਵਸਤੂਆਂ ਤਿਆਰ ਕਰਨ ਮੌਕੇ ਉਹ ਸਾਫ਼-ਸਫ਼ਾਈ ਦਾ ਪੂਰਾ ਖਿਆਲ ਰੱਖਣ। ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇਹ ਵੈਨ ਸੈਂਪਲਾਂ ਦੀ ਜਾਂਚ ਕਰਨ ਵਾਲੀ ਲੈਬ ਸਮੇਤ ਲੋਡ਼ੀਂਦੇ ਸਟਾਫ਼ ਨਾਲ ਲੈਸ ਹੋਵੇਗੀ। ਜ਼ਿਲਾ ਸਿਹਤ ਅਫ਼ਸਰ ਡਾ. ਰਾਜ ਕੁਮਾਰ ਨੇੇ ਦੱਸਿਆ ਕਿ ਇਹ ਫੂਡ ਸੇਫ਼ਟੀ ਵੈਨ 1 ਅਪ੍ਰੈਲ ਨੂੰ ਰੇਲਵੇ ਸਟੇਸ਼ਨ ਬਰਨਾਲਾ, 2 ਅਪ੍ਰੈਲ ਨੂੰ ਬੱਸ ਸਟੈਂਡ ਬਰਨਾਲਾ ਤੇ 22 ਏਕਡ਼ ਮਾਰਕੀਟ, 3 ਨੂੰ ਆਈ.ਟੀ.ਆਈ. ਚੌਕ, 4 ਨੂੰ ਧਨੌਲਾ ਫਾਟਕ, 5 ਅਪ੍ਰੈਲ ਨੂੰ ਵਾਲਮੀਕ ਚੌਕ ਤਪਾ, 6 ਨੂੰ ਬਾਹਰਲਾ ਅੱਡਾ ਤਪਾ, 7 ਨੂੰ ਭਦੌਡ਼ ਬੱਸ ਅੱਡੇ ਨੇਡ਼ੇ, 8 ਅਪ੍ਰੈਲ ਨੂੰ ਵੱਡਾ ਚੌਕ ਭਦੌਡ਼, 9 ਨੂੰ ਪਿੰਡ ਛਾਪਾ ਤੇ ਮਹਿਲ ਕਲਾਂ, 10 ਨੂੰ ਪਿੰਡ ਚੰਨਣਵਾਲ ਤੇ ਰਾਏਸਰ, 11 ਅਪ੍ਰੈਲ ਨੂੰ ਧਨੌਲਾ ਦੇ ਮੇਨ ਬਾਜ਼ਾਰ ’ਚ, 12 ਨੂੰ ਧਨੌਲਾ ਦੇ ਗੁਰਦੁਆਰਾ ਸਾਹਿਬ ਨੇਡ਼ੇ, 13 ਨੂੰ ਕੱਚਾ ਕਾਲਜ ਰੋਡ ਬਰਨਾਲਾ, 14 ਨੂੰ ਅਗਰਸੇਨ ਚੌਕ ਬਰਨਾਲਾ ਅਤੇ 15 ਅਪ੍ਰੈਲ ਨੂੰ ਸੇਖਾਂ ਫਾਟਕ ਬਰਨਾਲਾ ਨੇਡ਼ੇ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਬਰਨਾਲਾ ਪਰਵਿੰਦਰ ਸਿੰਘ ਭੱਟੀ, ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਸੁਪਰਡੈਂਟ ਹਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
ਪੇਪਰ 10ਵੀਂ ਦਾ ਨਕਸ਼ਾ ਨੌਵੀਂ ਦਾ
NEXT STORY