ਬਰਨਾਲਾ (ਵਿਵੇਕ ਸਿੰਧਵਾਨੀ) : ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਿਰਫ ਤਿੰਨ ਮਹੀਨਿਆਂ ਦੇ ਰਾਜ ਤੋਂ ਹੀ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਹੋ ਗਏ ਹਨ ਅਤੇ ਉਹ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ‘ਆਪ’ ਨੂੰ ਸਬਕ ਸਿਖਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਸਥਾਨਕ ਡੀ. ਐੱਚ ਹੋਟਲ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਬਾਂਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਰ-ਵਾਰ ਇਕ ਮੌਕਾ ‘ਆਪ’ ਨੂੰ ਦੇਣ ਦਾ ਨਾਅਰਾ ਲਾ ਕੇ ਸੱਤਾ ਵਿਚ ਆਈ ਸੀ ਪਰ ਹੁਣ ਪੰਜਾਬ ਦੇ ਲੋਕਾਂ ਲਈ ਇਹ ਇਕ ਮੌਕਾ ਹੀ ਬਹੁਤ ਭਾਰੀ ਪੈ ਗਿਆ ਹੈ। ਉਨ੍ਹਾਂ ਕਿਹਾ ‘ਆਪ’ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਹੋਰਨਾਂ ਸੂਬਿਆਂ ਤੇ ਅਖ਼ਬਾਰਾਂ ਵਿਚ ਆਪਣੀ ਵਾਹ-ਵਾਹੀ ਦੇ ਇਸ਼ਤਿਹਾਰ ਦੇ ਕੇ ਸੂਬੇ ਦੇ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਖ਼ਰਾਬ ਕਰਨ ਵਿਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਅੱਜ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਹਰੇਕ ਵਿਅਕਤੀ ਭਲੀ-ਭਾਂਤੀ ਜਾਣੂ ਹੈ। ਉਨ੍ਹਾਂ ਕਿਹਾ ਜਿਸ ਤੇਜ਼ੀ ਨਾਲ ਸਿਰਫ ਤਿੰਨ ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾਂ ਡਿੱਗਿਆ ਹੈ,ਇੰਨੀ ਛੇਤੀ ਮੈਂ ਆਪਣੀ ਪੂਰੀ ਉਮਰ ਵਿਚ ਕਿਸੇ ਵੀ ਪਾਰਟੀ ਦਾ ਗ੍ਰਾਫ ਡਿੱਗਦਾ ਨਹੀਂ ਵੇਖਿਆ। ਉਨ੍ਹਾਂ ਕਿਹਾ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਾਂ ਵਿਚ ਦਰਾਰ ਪੈਦਾ ਕਰ ਰਹੀ ਹੈ। ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿਰਫ ਚਾਰ ਸਾਲ ਲਈ ਫੌਜ ਵਿਚ ਭਰਤੀ ਲਈ ਨਵਾਂ ਸਿਸਟਮ ਲਾਗੂ ਕੀਤਾ ਹੈ ਜਿਸ ਤੋਂ ਲੋਕ ਪੂਰੀ ਤਰ੍ਹਾਂ ਨਾਲ ਨਿਰਾਸ਼ ਹਨ। ਉਨ੍ਹਾਂ ਕਿਹਾ ਅੱਠ ਸਾਲਾਂ ਵਿਚ ਜੋ ਕੇਂਦਰ ਸਰਕਾਰ ਨੇ 16 ਕਰੋੜ ਨੌਕਰੀਆਂ ਨੌਜਵਾਨਾਂ ਨੂੰ ਦੇਣੀਆਂ ਸਨ, ਉਸ ਦੇ ਬਦਲੇ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਉਹ ਡੇਢ ਸਾਲ ਵਿਚ ਦੱਸ ਲੱਖ ਨੌਕਰੀਆਂ ਦੇਣਗੇ। ਉਨ੍ਹਾਂ ਕਿਹਾ ਸਰਕਾਰ ਨੂੰ ਸਿਰਫ ਚਾਰ ਸਾਲ ਵਾਲੀ ਨੌਕਰੀ ਦੀ ਸਕੀਮ ਨਹੀਂ ਲਿਆਉਣੀ ਚਾਹੀਦੀ ਸੀ ਸਗੋਂ ਇਨ੍ਹਾਂ ਨੂੰ ਇਹ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮਾਂ ਵਿਚ ਟ੍ਰੇਨਿੰਗ ਦਵਾਈ ਜਾਵੇ ਤਾਂ ਜੋ ਉਹ 20-21 ਸਾਲ ਦੀ ਉਮਰ ਵਿਚ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ।
ਈ. ਡੀ. ਵੱਲੋਂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਖੁਦ ਈ. ਡੀ. ਸਾਹਮਣੇ ਪੇਸ਼ ਹੋ ਕੇ ਆਇਆ ਹਾਂ ਇਹ ਸਿਰਫ ਇਕ ਵਿਰੋਧੀ ਧਿਰ ਨੂੰ ਪਰੇਸ਼ਾਨ ਕਰਨ ਦੀ ਸਾਜ਼ਿਸ਼ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਸਾਬਕਾ ਮੈਂਬਰ ਨਰਿੰਦਰ ਸ਼ਰਮਾ, ਅਮਰਜੀਤ ਕਾਕਾ, ਅਨਿਲ ਬਾਂਸਲ ਨਾਣਾ, ਸੂਰਤ ਸਿੰਘ ਬਾਜਵਾ, ਬਲਦੇਵ ਭੁੱਚਰ ਆਦ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਲੁੱਟ-ਖੋਹ ਦੇ ਮਾਮਲੇ ’ਚ ਭਗੌੜਾ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ, 32 ਬੋਰ ਦਾ ਪਿਸਤੌਲ ਬਰਾਮਦ
NEXT STORY