ਸੰਗਰੂਰ(ਬੇਦੀ, ਯਾਦਵਿੰਦਰ) : 3582 ਮਾਸਟਰ ਕਾਡਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਤੋਂ ਆਏ ਅਧਿਆਪਕਾਂ ਜਿਨ੍ਹਾਂ ਵਿਚ ਔਰਤ ਅਧਿਆਪਕਾਵਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਸੰਬੋਧਨ ਕਰਦਿਆਂ ਯੂਨੀਅਨ ਦੇ ਸਰਪ੍ਰਸਤ ਰਾਜਪਾਲ ਖਨੌਰੀ, ਦਲਜੀਤ ਸਫੀਪੁਰ, ਜਨਰਲ ਸਕੱਤਰ ਸੁਖਵਿੰਦਰ ਗਿਰ ਅਤੇ ਮੈਡਮ ਰਾਜਵੰਤ ਕੌਰ ਨੇ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨਵ-ਨਿਯੁਕਤ ਅਧਿਆਪਕਾਂ ਨਾਲ ਵਿਤਕਰਾ ਕਰ ਰਿਹਾ ਹੈ ਕਿਉਂਕਿ ਹੁਣ ਤੱਕ ਦੀਆਂ ਵਿਭਾਗ 'ਚ ਹੋਈਆਂ ਭਰਤੀਆਂ ਦਾ ਪਰਖ ਕਾਲ ਦਾ ਸਮਾਂ 2 ਸਾਲ ਤੱਕ ਰਿਹਾ ਹੈ ਪਰ ਸਾਡਾ ਪਰਖ ਕਾਲ ਦਾ ਸਮਾਂ 3 ਸਾਲ ਕੀਤਾ ਹੋਇਆ ਹੈ ਅਤੇ ਉੱਪਰੋਂ ਸਾਡੇ 'ਤੇ ਬਦਲੀਆਂ ਦੀ ਸ਼ਰਤ ਰੱਖੀ ਹੋਈ ਹੈ, ਜਿਸ ਤਹਿਤ ਅਸੀਂ ਅਗਲੇ 2 ਸਾਲਾਂ ਤੱਕ ਬਦਲੀ ਲਈ ਵੀ ਅਪਲਾਈ ਨਹੀਂ ਕਰ ਸਕਦੇ। ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਾਡੀ ਭਰਤੀ ਦੌਰਾਨ 75 ਫੀਸਦੀ ਅਧਿਆਪਕਾਂ ਨੂੰ ਸਰਹੱਦੀ ਜ਼ਿਲਿਆਂ ਦੇ ਸਕੂਲਾਂ ਵਿਚ ਸਟੇਸ਼ਨ ਦਿੱਤੇ ਗਏ, ਜਿਸ ਕਾਰਣ ਸਾਨੂੰ ਆਪਣੇ ਘਰਾਂ ਤੋਂ ਤਿੰਨ ਸੌ ਕਿਲੋਮੀਟਰ ਦੂਰ ਇਨ੍ਹਾਂ ਸਕੂਲਾਂ ਵਿਚ ਸਿਰਫ 10,300 ਰੁਪਏ ਨੌਕਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਆਪਣੀਆਂ ਮੰਗਾਂ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰਨ ਸਾਨੂੰ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਦੌਰਾਨ ਡਾ. ਗੌਰਵਜੀਤ, ਸ਼ਾਮ ਪਾਤੜਾ, ਮੈਡਮ ਅਮਨਦੀਪ ਕੌਰ ਸੰਗਰੂਰ, ਕਮਲ ਧੂਰੀ, ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਕੇਸਰ ਗੁਰੂ, ਮੇਜਰ ਜਲਾਲਾਬਾਦ, ਗੁਰਬਚਨ ਸਿੰਘ, ਹਰਦੀਪ ਸਿੰਘ ਜੁਗਲ, ਨਰਿੰਦਰ ਕੌਰ, ਜਸਮੀਤ ਕੌਰ, ਅਨੀਤਾ ਰਾਣੀ, ਪੂਜਾ ਰਾਣੀ, ਲਤਾ ਰਾਣੀ ਅਤੇ ਬਲਜੀਤ ਕੌਰ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਮੌਜੂਦ ਸਨ।

ਸਿੱਖਿਆ ਮੰਤਰੀ ਦੇ ਪੀ. ਏ. ਨੂੰ ਦਿੱਤਾ ਮੰਗ-ਪੱਤਰ
ਅਧਿਆਪਕਾਂ ਦੀ ਇਕੱਤਰਤਾ ਨੂੰ ਵੇਖਦਿਆਂ ਡੀ. ਐੱਸ. ਪੀ. ਸਤਪਾਲ ਸ਼ਰਮਾ ਮੁਲਾਜ਼ਮਾਂ ਨੂੰ ਲੈ ਕੇ ਮੌਜੂਦ ਰਹੇ। ਬਾਅਦ ਵਿਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਵਿਦੇਸ਼ ਗਏ ਹੋਣ ਦੇ ਚੱਲਦੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੇ ਪੀ. ਏ. ਸੰਦੀਪ ਗਰਗ ਨਾਲ ਅਧਿਆਪਕ ਆਗੂਆਂ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਯੂਨੀਅਨ ਆਗੂਆਂ ਨੇ ਆਪਣਾ ਮੰਗ-ਪੱਤਰ ਦਿੰਦਿਆਂ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਅਤੇ 26 ਜੁਲਾਈ ਨੂੰ 1 ਵਜੇ ਚੰਡੀਗੜ੍ਹ ਸੈਕਟਰੀਏਟ ਵਿਖੇ ਯੂਨੀਅਨ ਨੂੰ ਪੈਨਲ ਮੀਟਿੰਗ ਦਾ ਸਮਾਂ ਦਿੱਤਾ।

ਇਹ ਹਨ ਮੰਗਾਂ
- 3582 ਅਧਿਆਪਕਾਂ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ। ਕਿਉਂਕਿ ਇਸ ਵਿਭਾਗ ਵਿਚ ਪਹਿਲਾਂ ਨਿਯੁਕਤ ਐਸ. ਐਸ. ਏ. ਰਮਸਾ ਅਧਿਆਪਕਾਂ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਗਿਆ ਹੈ ਜਦੋਂ ਕਿ ਐਸ. ਐਸ. ਏ. ਰਮਸਾ ਅਧਿਆਪਕ 3582 ਅਧਿਆਪਕਾਂ ਤੋਂ ਬਾਅਦ ਵਿਚ ਸਿੱਖਿਆ ਵਿਭਾਗ ਵਿਚ ਆਏ ਸਨ।
- 3582 ਅਧਿਆਪਕਾਂ ਦੀ ਬਦਲੀ 'ਤੇ ਲੱਗੀ 3 ਸਾਲ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਅਤੇ ਪਹਿਲ ਦੇ ਅਧਾਰ 'ਤੇ ਆਪਣੇ ਘਰ ਤੋਂ 250 ਤੋਂ 300 ਕਿਲੋਮੀਟਰ ਦੂਰ ਨਿਯੁਕਤ ਕੀਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਲਿਆਂ ਵਿਚ ਬਦਲਿਆ ਜਾਵੇ।
- ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਨਵੀਂ ਤਬਾਦਲਾ ਨੀਤੀ ਵਿਚ ਤਬਦੀਲੀ ਕਰਕੇ 3582 ਅਧਿਆਪਕਾਂ ਨੂੰ ਬਦਲੀ ਦਾ ਸਭ ਤੋਂ ਪਹਿਲਾ ਮੌਕਾ ਦਿੱਤਾ ਜਾਵੇ, ਕਿਉਂਕਿ 3582 ਅਧਿਆਪਕ ਆਪਣੇ ਘਰਾਂ ਤੋਂ ਲਗਭਗ 250 ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਸੇਵਾ ਨਿਭਾ ਰਹੇ ਹਨ।
- 3582 ਭਰਤੀ ਦੀਆਂ ਰਹਿੰਦੀਆਂ ਵੇਟਿੰਗ ਲਿਸਟਾਂ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ।
- 3582 ਅਧਿਆਪਕਾਂ ਦੀਆਂ ਪਹਿਲੇ ਸਟੇਸ਼ਨ ਤੋਂ ਹੋਰ ਕਿਸੇ ਦੂਰ ਸਟੇਸ਼ਨ 'ਤੇ ਆਰਜੀ ਐਡਜਸਟਮੈਂਟ ਨਾ ਕੀਤੀਆਂ ਜਾਣ ਅਤੇ ਜੋ ਪਹਿਲਾਂ ਕੀਤੀਆਂ ਗਈਆਂ ਹਨ ਉਹ ਤੁਰੰਤ ਰੱਦ ਕੀਤੀਆਂ ਜਾਣ।
ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੇਣ ਦੀ ਤਜਵੀਜ਼ ਨੂੰ ਮਨਜ਼ੂਰੀ
NEXT STORY