ਲਹਿਰਾਗਾਗਾ/ਸੰਗਰੂਰ (ਗਰਗ, ਵੈੱਬ ਡੈਸਕ) : ਪਿੰਡ ਚੰਗਾਲੀਵਾਲਾ ਵਿਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੁੱਟਮਾਰ ਨਾਲ ਹੋਈ ਮੌਤ ਦੇ 9ਵੇਂ ਦਿਨ ਸਰਕਾਰ ਦੇ ਹੁਕਮਾਂ 'ਤੇ ਪੁਲਸ ਨੇ ਅਦਾਲਤ ਵਿਚ 4 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ ਵਿਚ ਰਿੰਕੂ, ਉਸ ਦੇ ਪਿਤਾ ਅਮਰਜੀਤ, ਲੱਕੀ ਅਤੇ ਬਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਕਤਲ ਦੌਰਾਨ ਇਸਤੇਮਾਲ ਕੀਤੇ ਗਏ ਡੰਡੇ ਅਤੇ ਰੱਸੀ ਆਦਿ ਚੀਜ਼ਾਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ, ਜਿਨ੍ਹਾਂ ਨੂੰ ਸਬੂਤਾਂ ਦੇ ਤੌਰ 'ਤੇ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ।
ਜਾਣਕਾਰੀ ਮੁਤਾਬਕ ਜਗਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੰਗਾਲੀਵਾਲਾ ਦਾ 21 ਅਕਤੂਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਸਬੰਧੀ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ 7 ਨਵੰਬਰ ਨੂੰ ਸਵੇਰੇ 9 ਵਜੇ ਜਦੋਂ ਉਹ ਗੁਰਦਿਆਲ ਸਿੰਘ ਪੰਚ ਦੇ ਘਰ ਬੈਠਾ ਸੀ ਤਾਂ ਰਿੰਕੂ ਪੁੱਤਰ ਅਮਰਜੀਤ ਸਿੰਘ, ਲੱਕੀ ਪੁੱਤਰ ਗੋਲੀ, ਬਿੱਟਾ ਉਰਫ ਬਿੰਦਰ ਸਿੰਘ ਉਸ ਕੋਲ ਆਏ ਅਤੇ ਉਸ ਨੂੰ ਕਿਹਾ ਕਿ ਲਾਡੀ ਨੇ ਸਾਨੂੰ ਕਿਹਾ ਕਿ ਤੈਨੂੰ ਦਵਾਈ ਦਿਵਾ ਕੇ ਲਿਆਉਣੀ ਹੈ, ਤੂੰ ਸਾਡੇ ਨਾਲ ਚੱਲ। ਇਸ ਤੋਂ ਬਾਅਦ ਰਿੰਕੂ ਅਤੇ ਬਿੱਟਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਵੀ ਹਾਜ਼ਰ ਸੀ। ਰਿੰਕੂ, ਬਿੱਟਾ ਅਤੇ ਅਮਰਜੀਤ ਸਿੰਘ ਨੇ ਉਸ ਨੂੰ ਥਮਲੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਡੰਡਿਆਂ ਅਤੇ ਰਾਡ ਨਾਲ ਕੁੱਟਿਆ, ਇੱਥੋਂ ਤੱਕ ਕਿ ਪਲਾਸ ਨਾਲ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਨੌਚ ਦਿੱਤਾ। ਫਿਰ ਲਾਡੀ ਪੁੱਤਰ ਪੂਰਨ ਸਿੰਘ ਨੇ ਮੌਕੇ 'ਤੇ ਆ ਕੇ ਉਸ ਨੂੰ ਛੁਡਵਾਇਆ ਅਤੇ ਘਰ ਭੇਜ ਦਿੱਤਾ। ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਚੰਗੀਗੜ੍ਹ ਪੀ.ਜੀ.ਆਈ. 'ਚ ਦਾਖਲ ਕਰਾਇਆ ਗਿਆ, ਜਿੱਥੇ ਇਨਫੈਕਸ਼ਨ ਵਧਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਪਰ ਇਲਾਜ ਦੌਰਾਨ 16 ਨਵੰਬਰ ਨੂੰ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵੱਲੋਂ ਪਿਸ਼ਾਬ ਪਿਲਾ ਦਿੱਤਾ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਨੂੰ 3 ਮਹੀਨੇ ਅੰਦਰ ਸਜ਼ਾ ਦਿਵਾਉਣ ਦਾ ਹੁਕਮ ਦਿੱਤਾ ਸੀ।
ਗੈਰ-ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਕੈਪਟਨ ਨੇ 70 ਸਾਲਾਂ ਦਾ ਰਿਕਾਰਡ ਤੋੜਿਆ : 'ਆਪ'
NEXT STORY