ਸੰਗਰੂਰ : ਸ਼੍ਰੋਮਣੀ ਅਕਾਲੀ ਦੱਲ ਵੱਲੋਂ ਅੱਜ ਢੀਂਡਸਿਆਂ ਦੇ ਗੜ੍ਹ ਕਹੇ ਜਾਣ ਵਾਲੇ ਸੰਗਰੂਰ ਦੀ ਅਨਾਜ ਮੰਡੀ ਵਿਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਅਕਾਲੀ ਲੀਡਰਸ਼ਿਪ ਨੇ ਜਿੱਥੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ ਗਈਆਂ, ਉਥੇ ਹੀ ਢੀਂਡਸਾ ਪਰਿਵਾਰ 'ਤੇ ਜੰਮ ਕੇ ਭੜਾਸ ਕੱਢੀ। ਆਗੂਆਂ ਨੇ ਕਿਹਾ ਕਿ ਵਾਅਦੇ ਅਤੇ ਲਾਰੇਬਾਜ਼ੀਆਂ ਵਿਚ ਨਿਪੁੰਨ ਮੌਜੂਦਾ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ, ਜਿਸ ਦੇ ਚਲਦੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੇ ਹਰ ਵਾਅਦੇ ਦਾ ਹਿਸਾਬ ਮੰਗਣ ਲਈ ਆਪਣੀ ਆਵਾਜ਼ ਬੁਲੰਦ ਕਰ ਲਈ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ' ਤੇ ਹਮਲਾ ਕਰਦਿਆਂ ਉਸ ਨੂੰ 'ਗੱਦਾਰ' ਤੱਕ ਕਹਿ ਦਿੱਤਾ। ਸੁਖਬੀਰ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 20-25 ਸਾਲਾਂ ਦੀ ਸਿਆਸਤ ਦੌਰਾਨ ਵੱਡੇ ਢੀਂਡਸਾ ਦੇ ਪੈਰੀਂ ਹੱਥ ਲਾਉਂਦਾ ਸੀ ਅਤੇ ਉਨ੍ਹਾਂ ਵੱਲੋਂ ਕਿਹਾ ਜਾਣ ਵਾਲਾ ਕੋਈ ਕੰਮ ਕਰ ਕੇ ਮੈਂ ਖੁਦ ਉਨ੍ਹਾਂ ਦੇ ਘਰ ਜਾ ਕੇ ਰਿਪੋਰਟ ਦਿੰਦਾ ਸੀ। ਉਨ੍ਹਾਂ ਇੱਥੋਂ ਤੱਕ ਵੀ ਕਿਹਾ ਕਿ ਹੁਣ ਵੀ ਮੈਂ ਇਸ ਮਸਲੇ 'ਤੇ 6 ਵਾਰ ਢੀਂਡਸਾ ਤੋਂ ਮੁਆਫ਼ੀ ਵੀ ਮੰਗੀ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਅਖ਼ਬਾਰਾਂ ਦੇ ਮਾਧਿਅਮ ਰਾਹੀਂ ਵੀ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਤਿਆਰ ਹਾਂ ਪਰ ਢੀਂਡਸਾ ਪਰਿਵਾਰ ਕਾਂਗਰਸ ਦੇ ਹੱਥੇ ਚੜ੍ਹ ਕੇ ਪਾਰਟੀ ਨੂੰ ਖਤਮ ਕਰਨ 'ਤੇ ਤੁਲ ਗਿਆ, ਜਿਹੜਾ ਪਾਰਟੀ ਨੂੰ ਕਦੇ ਵੀ ਮਨਜ਼ੂਰ ਨਹੀਂ।
ਢੀਂਡਸਾ 'ਤੇ ਸਿੱਧੇ ਹਮਲੇ ਕਰਦਿਆਂ ਸੁਖਬੀਰ ਨੇ ਕਿਹਾ ਕਿ ਮੈਨੂੰ ਤਾਨਾਸ਼ਾਹ ਕਹਿਣ ਵਾਲਾ ਢੀਂਡਸਾ ਦੱਸੇ ਕਿ ਤਾਨਾਸ਼ਾਹ ਕੌਣ ਹੈ। ਸੰਗਰੂਰ ਤੇ ਬਰਨਾਲਾ ਜ਼ਿਲਿਆਂ 'ਚ ਪਾਰਟੀ ਦੀ ਕੋਈ ਨਿਯੁਕਤੀ ਢੀਂਡਸਾ ਦੀ ਸਹਿਮਤੀ ਤੋਂ ਬਿਨਾਂ ਹੋਣੀ ਅਸੰਭਵ ਸੀ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਜਿੰਨੀ ਵਾਰ ਪਾਰਟੀ ਵਿਚੋਂ ਬਾਹਰ ਕੱਢਿਆ, ਉਹ ਕਾਰਵਾਈ ਢੀਂਡਸਾ ਦੇ ਕਹਿਣ 'ਤੇ ਹੀ ਕੀਤੀ, ਜੋ ਸਾਡੀ ਵੱਡੀ ਭੁੱਲ ਵੀ ਸੀ। ਉਨ੍ਹਾਂ ਕਿਹਾ ਕਿ ਵੱਡਾ ਢੀਂਡਸਾ ਇੱਥੋਂ ਤੱਕ ਤਾਨਾਸ਼ਾਹ ਹੈ ਕਿ ਉਸ ਨੇ ਆਪਣਾ ਫੈਸਲਾ ਆਪਣੇ ਪੁੱਤਰ 'ਤੇ ਥੋਪ ਦਿੱਤਾ ਅਤੇ ਫਰਮਾਨ ਜਾਰੀ ਕਰ ਦਿੱਤਾ ਕਿ ਜਾਂ ਤਾਂ ਉਹ ਅਕਾਲੀ ਦਲ ਨਾਲ ਰਹੇ ਜਾਂ ਫਿਰ ਉਨ੍ਹਾਂ ਨਾਲ। ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਬੇਦਖ਼ਲ ਕਰਨ ਤੱਕ ਵੀ ਧਮਕੀ ਦੇ ਦਿੱਤੀ ਸੀ, ਜਿਸ ਕਾਰਣ ਮਜਬੂਰਨ ਉਸ ਨੂੰ ਆਪਣੇ ਪਿਤਾ ਨਾਲ ਜਾਣਾ ਪਿਆ। ਉਨ੍ਹਾਂ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦੇ ਅਕਾਲੀ ਵਰਕਰਾਂ ਤੋਂ ਮੁਆਫੀ ਮੰਗੀ ਕਿ ਉਨ੍ਹਾਂ ਨੂੰ ਅਸੀਂ ਇਨਸਾਫ ਨਹੀਂ ਦਿੱਤਾ। ਉਨ੍ਹਾਂ ਢੀਂਡਸਾ ਪਰਿਵਾਰ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਨੂੰ ਵਰਕਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਅਕਾਲੀ ਦਲ ਨੂੰ ਖੋਖਲਾ ਕਰਨ ਵਾਲੇ ਕਾਂਗਰਸ ਦੇ ਯਾਰ ਹਨ।
ਉਨ੍ਹਾਂ ਨੇ ਬਾਗੀ ਟਕਸਾਲੀ ਆਗੂਆਂ ਨੂੰ ਜਾਅਲੀ ਆਗੂ ਗਰਦਾਨਦਿਆਂ ਕਿਹਾ ਕਿ ਇਹ 'ਜਾਅਲੀ' ਆਗੂ ਦੱਸਣ ਕਿ ਇਨ੍ਹਾਂ ਨੇ ਪਾਰਟੀਆਂ ਲਈ ਕੀ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ 2002-07 ਦੀ ਕਾਂਗਰਸ ਸਰਕਾਰ ਵਿਚ ਸਾਰੇ ਮੋਹਰੀ ਅਕਾਲੀ ਆਗੂਆਂ 'ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਪਰਚੇ ਦਰਜ ਕਰ ਦਿੱਤੇ। ਇੱਥੋਂ ਤੱਕ ਕਿ ਉਨ੍ਹਾਂ ਦੋਵੇਂ ਪਿਉ-ਪੁੱਤਰਾਂ ਨੂੰ ਚੁੱਕ ਕੇ ਜੇਲ ਵਿਚ ਬੰਦ ਕਰ ਦਿੱਤਾ। ਉਸ ਸਮੇਂ ਇੰਨੇ ਸਰਕਾਰੀ ਜਬਰ ਦੇ ਬਾਵਜੂਦ ਢੀਂਡਸਾ ਪਰਿਵਾਰ ਸਾਰੇ ਮੈਂਬਰਾਂ ਨੂੰ ਪੁਲਸ ਨੇ ਆਪਣੀ ਛਤਰ-ਛਾਇਆ ਵਿਚ ਰੱਖਿਆ, ਜਿਸ ਤੋਂ ਸਪੱਸ਼ਟ ਸੀ ਕਿ ਢੀਂਡਸਾ ਪਰਿਵਾਰ ਦੀ ਮੁੱਢ ਤੋਂ ਕਾਂਗਰਸ ਨਾਲ ਗੰਢਤੁਪ ਰਹੀ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਗੀ ਅਕਾਲੀ ਆਗੂਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਵੇਖ ਲੈਣ, ਲੋਕ ਦੱਸਣਗੇ, ਉਹ ਕਿਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਹੁੰਦੀ ਹੈ ਇਸ 'ਤੇ ਬਾਦਲ ਪਰਿਵਾਰ ਦਾ ਕੋਈ ਕਬਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ, ਅਜਿਹੇ ਇਕ ਦੋ ਆਪੂ ਬਣੇ ਆਗੂ ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ।
ਉਥੇ ਹੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣੀ ਨੂੰ 3 ਸਾਲ ਹੋ ਗਏ ਹਨ। ਰੋਜ਼ਾਨਾ ਇਹੀ ਸੁਣਨ ਨੂੰ ਮਿਲਦਾ ਹੈ ਕਿ ਖਜ਼ਾਨਾ ਖਾਲੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਾਬ੍ਹ ਇਕ ਮਹੀਨੇ ਲਈ ਮੈਨੂੰ ਚਾਰਜ ਦਿਓ ਮੈਂ ਖਜ਼ਾਨਾ ਭਰ ਦਵਾਂਗੇ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਵਰਕਰਾਂ ਨੂੰ ਨਹੀਂ ਮਿਲਦਾ ਉਹ ਮੁੱਖ ਮੰਤਰੀ ਨਹੀਂ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਗਰੀਬਾਂ, ਮਜ਼ਦੂਰਾਂ ਅਤੇ ਸਾਰੇ ਧਰਮਾਂ ਦੇ ਮੰਤਰੀ ਸਨ ਇਸੇ ਲਈ ਉਨ੍ਹਾਂ ਨੂੰ 5 ਵਾਰ ਲਾਗਾਤਰ ਮੁੱਖ ਮੰਤਰੀ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੀ ਸਰਕਾਰ ਸਮੇਂ ਕਈ ਵਿਕਾਸ ਹੋਏ। ਉਨ੍ਹਾਂ ਕਿਹਾ ਜਦੋਂ ਬਾਦਲਾਂ ਦੀ ਸਰਕਾਰ ਆਏਗੀ ਕੈਪਟਨ ਵੱਲੋਂ ਬੰਦ ਕੀਤੀਆਂ ਗਈਆਂ ਸਾਰੀਆਂ ਸਹੂਲਤਾਂ ਦੁਬਾਰਾ ਚਾਲੂ ਕੀਤੀਆਂ ਜਾਣਗੀਆਂ।
ਇਸ ਮੌਕੇ ਜਥੇਦਾਰ ਤੋਤਾ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ, ਦਲਜੀਤ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।
ਅੰਮ੍ਰਿਤਸਰ ਜੇਲ ਬਰੇਕ ਕਾਂਡ 'ਚ 7 ਪੁਲਸ ਮੁਲਾਜ਼ਮ ਮੁਅੱਤਲ
NEXT STORY