ਸੰਗਰੂਰ (ਯਾਦਵਿੰਦਰ,ਰਾਜੇਸ਼ ਕੋਹਲੀ) : ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਵਾਅਦਿਆਂ ਨੂੰ ਝੂਠ ਦੀ ਪੰਡ ਕਰਾਰ ਦਿੰਦਿਆਂ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਕਰਦਿਆਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੀ. ਐੱਡ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਧਰਨਾ ਲਾਈ ਬੈਠੇ ਇਨ੍ਹਾਂ ਧਰਨਾਕਾਰੀ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਵੀ ਕੀਤਾ।
ਕੜਾਕੇ ਦੀ ਪੈ ਰਹੀ ਗਰਮੀ ਵਿਚ ਹੇਠਾਂ ਭੱਠੀ ਵਾਂਗ ਤਪਦੀ ਸੜਕ 'ਤੇ ਬੈਠੇ ਇਨ੍ਹਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਤੇ ਨਵਜੀਵਨ ਬਰਨਾਲਾ ਨੇ ਕਿਹਾ ਪੰਜਾਬ ਅੰਦਰ ਹੱਥਾਂ ਵਿਚ ਡਿਗਰੀਆਂ ਫੜੀ ਬੈਠੇ ਕਈ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰ ਇਨ੍ਹਾਂ ਨੂੰ ਰੁਜ਼ਗਾਰ ਦੇਣ ਵਿਚ ਅਸਫਲ ਹੋ ਰਹੀ ਹੈ ਤੇ ਅੱਜ ਮਜ਼ਬੂਰਨ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਹੱਕ ਲੈਣ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਭਾਗ ਦੀ ਹਰ ਦਿੱਤੇ ਟੈਸਟ ਦੀ ਕਸਵੱਟੀ 'ਤੇ ਖਰੇ ਉਤਰੇ ਹਾਂ ਪਰ ਸਿੱਖਿਆ ਵਿਭਾਗ ਅਧਿਆਪਕਾਂ ਦੀ ਹੋਰ ਭਰਤੀ ਕੱਢਣ ਵਿਚ ਢਿੱਲ ਵਰਤ ਰਿਹਾ ਹੈ, ਜਦਕਿ ਸੂਬੇ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
'ਲੁਧਿਆਣਾ ਸਿਵਲ ਹਸਪਤਾਲ' ਪੁੱਜੇ ਜੇਲ ਮੰਤਰੀ, ਲੋਕਾਂ ਵਲੋਂ ਪ੍ਰਦਰਸ਼ਨ
NEXT STORY