ਸੁਲਤਾਨਪੁਰ ਲੋਧੀ : ਪਿੰਡ ਜਾਣੀਆ ਚਾਹਲਾਂ 'ਚ ਪਏ 175 ਮੀਟਰ ਦੇ ਲੰਬੇ ਪਾੜ ਨੂੰ ਬੰਨਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਤ ਸਮਾਜ ਨੇ ਕਾਰ ਸੇਵਾ ਆਰੰਭ ਕਰ ਦਿੱਤੀ ਹੈ। ਸੰਤ ਸੀਚੇਵਾਲ ਆਪ ਮਿੱਟੀ ਦੇ ਬੋਰੇ ਸਿਰ 'ਤੇ ਚੁੱਕ ਕੇ ਸੇਵਾ 'ਚ ਹਿੱਸਾ ਪਾਉਂਦੇ ਰਹੇ। ਗਿੱਦੜਪਿੰਡੀ ਇਲਾਕੇ ਦੇ ਕਿਸਾਨਾਂ ਨੂੰ ਆਸ ਬੱਝ ਗਈ ਹੈ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਉਸੇ ਤਰ੍ਹਾਂ ਨਾਲ ਬੰਨ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਵੇਂ 2008 ਵਿੱਚ ਆਏ ਹੜ੍ਹ ਦੌਰਾਨ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ 72 ਘੰਟਿਆਂ ਵਿੱਚ 500 ਫੁੱਟ ਚੌੜਾ ਬੰਨ ਬਣਾ ਦਿੱਤਾ ਸੀ। ਇਹ ਬੰਨ ਬੰਨਣ ਵਿੱਚ ਫੌਜ ਦੇ ਜਵਾਨਾਂ ਦੇ ਨਾਲ-ਨਾਲ ਦੂਜਿਆਂ ਜਿਲ੍ਹਿਆਂ ਵਿੱਚੋਂ ਆਏ ਲੋਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਕੱਬਡੀ, ਹਾਕੀ ਦੇ ਖਿਡਾਰੀ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਜਾਣੀਆ ਚਾਹਲ ਪਿੰਡ ਵਿੱਚ ਬੰਨ ਲੰਘੀ ਸ਼ਾਮ ਹੀ ਬੰਨਣਾ ਸ਼ੁਰੂ ਕਰ ਦਿੱਤਾ ਸੀ ਪਰ ਅੱਜ ਕੰਮ ਵਿੱਚ ਤੇਜ਼ੀ ਆ ਗਈ ਹੈ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਸੇਵਾ ਲਈ ਸਮੁੱਚੇ ਪੰਜਾਬ ਦੇ ਇਲਾਕਿਆਂ ਵਿੱਚੋਂ ਪਹੁੰਚ ਰਹੇ ਹਨ। ਪਿੱਛਲੇ 6 ਦਿਨਾਂ ਤੋਂ ਪਾਣੀ ਵਿਚ ਘਿਰੇ ਪਿੰਡਾਂ ਵਿੱਚ ਲੰਗਰ ਤੇ ਹੋਰ ਵਸਤਾਂ ਪਹੁੰਚਾਉਣ ਲਈ ਸੰਤ ਸੀਚੇਵਾਲ ਆਪ ਘੰਟਿਆਂ ਬੱਧੀ ਕਿਸ਼ਤੀ ਚਲਾਉਂਦੇ ਆ ਰਹੇ ਹਨ। ਸੰਤ ਸਮਾਜ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਖੁਖਰੈਣ ਡੇਰਾ ਬਾਬਾ ਹਰਜੀ ਸਾਹਿਬ ਤੋਂ ਸੰਤ ਅਮਰੀਕ ਸਿੰਘ ਖੁਖਰੈਣ, ਮਹਾਤਮਾ ਮੁਨੀ ਖੈੜਾ ਬੇਟ, ਲੋਹੀਆ ਖ਼ਾਸ ਤੋਂ ਸੰਤ ਪਾਲ ਸਿੰਘ ਤੇ ਗੁਰਦੁਆਰਾ ਗੁਰੂ ਸਰ ਸਾਹਿਬ ਸੈਲਾਬਾਦ ਤੋਂ ਸੰਤ ਲੀਡਰ ਸਿੰਘ ਜੀ ਦੇ ਸੇਵਾਦਾਰ ਵੱਡੀ ਗਿਣਤੀ 'ਚ ਬੰਨ ਬੰਨਣ ਲਈ ਪਹੁੰਚੇ ਹੋਏ ਹਨ।ਪਿੰਡ ਤਲਵੰਡੀ ਸੰਘੇੜਾ ਤੋਂ ਨੌਜਵਾਨ ਮਿੱਟੀ ਦੇ ਬੋਰੇ ਭਰ ਕੇ ਲਿਆਏ ਸਨ।

ਬੰਨ੍ਹ ਟੁਟਣ ਨਾਲ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾ ਨੇ ਪ੍ਰਤੀ ਖੇਤ 50 ਹਾਜ਼ਾਰ ਠੇਕੇ 'ਤੇ ਜ਼ਮੀਨ ਲਈ ਹੋਈ ਸੀ ਤੇ ਹੁਣ ਝੋਨੇ ਦੀ ਸਾਰੀ ਫਸਲ ਤਬਾਹ ਹੋ ਗਈ ਹੈ।ਸਰਕਾਰ ਨੇ ਏਨਾ ਮੁਆਵਾਜ਼ਾ ਦੇਣਾ ਨਹੀਂ ਜਿੰਨ੍ਹਾ ਠੇਕਾ ਉਨ੍ਹਾ ਨੇ ਭਰਨਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਨਾਲ ਹੋਈ ਤਬਾਹੀ ਦਾ ਅਸਲ ਅੰਦਾਜ਼ਾ ਤਾਂ ਪਾਣੀ ਉਤਰਣ ਤੋਂ ਬਾਅਦ ਹੀ ਲੱਗਣਾ ਹੈ । ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਜ਼ਿੰਦਗੀ ਆਮ ਵਾਂਗ ਹੋਣ ਨੂੰ ਕਾਫ਼ੀ ਸਮਾਂ ਲੱਗੇਗਾ। ਪੀੜਤ ਲੋਕ ਵੀ ਜਿਗਰੇ ਵਾਲੇ ਹਨ, ਜਿੰਨ੍ਹਾਂ ਨੇ ਤਬਾਹੀ ਆਪਣੇ ਅੱਖੀ ਦੇਖਕੇ ਹੰਝੂ ਨਹੀਂ ਕੇਰੇ। ਉਨ੍ਹਾਂ ਲੰਗਰ ਲਿਆਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਵਸਤਾਂ ਲੈ ਕੇ ਆਉਣ। ਪੰਜਾਬ ਦੇ ਕਈ ਹਿੱਸਿਆਂ 'ਚੋਂ ਲੰਗਰ ਲੈ ਕੇ ਆਏ ਦਾਨੀ ਸੱਜਣਾਂ ਨੂੰ ਲੰਗਰ ਵਾਪਸ ਲਿਜਾਣਾ ਪੈ ਰਿਹਾ ਹੈ। ਪਾਣੀ 'ਚ ਘਿਰੇ ਲੋਕਾਂ ਨੂੰ ਮੱਛਰਦਾਨੀਆਂ, ਓਡੋਮਾਸ, ਦਵਾਈਆਂ, ਸੁੱਕਾ ਦੁੱਧ, ਰਾਸ਼ਨ ਆਦਿ ਦੀ ਜ਼ਿਆਦਾ ਲੋੜ ਹੈ।
ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਏ ਬਾਜਵਾ, ਦੇਣਗੇ ਇਕ ਮਹੀਨੇ ਦੀ ਤਨਖਾਹ
NEXT STORY