ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਬੀਤੇ ਦਿਨ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮੇਅਰ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਲਾਕੜਾ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸੜਕਾਂ, ਸੀਵਰੇਜ ਪ੍ਰਣਾਲੀ ਅਤੇ ਸ਼ਹਿਰ 'ਚ ਗੰਦਗੀ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ 'ਚ ਚੌਧਰੀ ਸੰਤੋਖ ਸਿੰਘ ਨੂੰ ਦੱਸਿਆ ਗਿਆ ਕਿ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ 35 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। 120 ਫੁੱਟੀ ਰੋਡ 'ਤੇ ਵਾਟਰ ਡ੍ਰੇਨੇਜ ਪ੍ਰਣਾਲੀ ਲਈ 20 ਕਰੋੜ ਰੁਪਏ ਦਾ ਪ੍ਰਾਜੈਕਟ ਸਮਾਰਟ ਸਿਟੀ ਦੇ ਤਹਿਤ ਬਣਾਇਆ ਗਿਆ ਹੈ ਅਤੇ ਪ੍ਰੀਤ ਨਗਰ ਅਤੇ ਸੋਢਲ ਰੋਡ ਇਲਾਕਿਆਂ 'ਚ ਸੀਵਰੇਜ ਪ੍ਰਣਾਲੀ ਸੁਧਾਰ ਲਈ ਅਮਰੂਤ ਯੋਜਨਾ ਦੇ ਤਹਿਤ 5.41 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।
ਘਰਾਂ 'ਚੋਂ ਕੂੜਾ ਚੁੱਕਣ ਦੇ ਮਾਮਲੇ 'ਚ ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 100 ਰੇਹੜੀਆਂ ਅਤੇ 20 ਇਲੈਕਟ੍ਰਿਕ ਵਾਹਨ ਖਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ ਕੂੜਾ ਇਕੱਠਾ ਕਰਨ ਲਈ ਮਨੁੱਖੀ ਕਿਰਤ ਵੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ 'ਚ ਇਸ ਸਮੇਂ ਕੂੜਾ ਇਕੱਠਾ ਕਰਨ ਦਾ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਪੂਰੇ ਇਲਾਕੇ 'ਚ ਫੈਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ 500 ਟਨ ਕੂੜਾ ਇਕੱਠਾ ਹੁੰਦਾ ਹੈ ਅਤੇ ਇਸ ਨੂੰ ਵਾਤਾਵਰਣ ਪੱਖੀ ਪ੍ਰਣਾਲੀ ਨੂੰ ਧਿਆਨ 'ਚ ਰੱਖ ਕੇ ਪ੍ਰੋਸੈੱਸ ਕੀਤਾ ਜਾਂਦਾ ਹੈ। ਵਰਿਆਣਾ 'ਚ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਦਸੰਬਰ 2019 ਤੱਕ ਬਣ ਕੇ ਤਿਆਰ ਹੋ ਜਾਵੇਗਾ। ਉਸ ਤੋਂ ਬਾਅਦ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਾਰਪੋਰੇਸ਼ਨ ਨੇ 2240 ਅਰਜ਼ੀਆਂ ਮਨਜ਼ੂਰੀ ਲਈ ਭੇਜੀਆਂ ਅਤੇ ਘਰਾਂ ਦੇ ਨਿਰਮਾਣ ਲਈ ਨਵੀਆਂ ਅਰਜ਼ੀਆਂ ਵੀ ਲਈਆਂ ਜਾ ਰਹੀਆਂ ਹਨ।
ਸੰਸਦ ਮੈਂਬਰ ਚੌਧਰੀ ਨੇ ਡਿਵੀਜ਼ਨਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨਾਲ ਮੀਟਿੰਗ ਕੀਤੀ
ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਰਾਜੇਸ਼ ਅਗਰਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਰਾਜਿੰਦਰ ਬੇਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਜੀਤ ਸਿੰਘ ਆਹਲੂਵਾਲੀਆ ਅਤੇ ਜਲੰਧਰ ਡਿਵੈੱਲਪਮੈਂਟ ਅਥਾਰਟੀ ਦੇ ਸੀ. ਈ. ਓ. ਅਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਇੰਚਾਰਜ ਜਤਿੰਦਰ ਜ਼ੋਰਵਾਲ ਵੀ ਸਨ। ਮੀਟਿੰਗ 'ਚ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਨਵਾਂ ਰੂਪ ਦੇਣ ਅਤੇ ਸੈਕਿੰਡ ਐਂਟਰੀ ਗੇਟ ਬਣਾਉਣ ਦੇ ਮਾਮਲੇ 'ਤੇ ਵਿਚਾਰ ਕੀਤਾ ਗਿਆ।
ਡੀ. ਆਰ. ਐੱਮ. ਅਗਰਵਾਲ ਨੇ ਚੌਧਰੀ ਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਦੀ ਪਹਿਲੀ ਐਂਟਰੀ ਦੇ ਸੁੰਦਰੀਕਰਨ, ਲੈਂਡ ਸਕੇਪਿੰਗ ਅਤੇ ਪਾਰਕਿੰਗ ਦਾ ਕੰਮ ਅਗਲੇ 6 ਮਹੀਨਿਆਂ 'ਚ ਪੂਰਾ ਹੋ ਜਾਵੇਗਾ, ਜਿਸ 'ਤੇ ਕੁੱਲ 7.5 ਕਰੋੜ ਰੁਪਏ ਖਰਚ ਆਉਣਗੇ। ਇਸੇ ਤਰ੍ਹਾਂ ਸਮਾਰਟ ਕਲਾਸ ਰੂਮ, ਕੰਟਰੋਲ ਸੈਂਟਰ ਦਾ ਨਿਰਮਾਣ, ਐੱਲ. ਈ. ਡੀ. ਲਾਈਟਾਂ ਲਾਉਣ, ਸੋਲਰ ਸਿਸਟਮ ਲਾਉਣ ਅਤੇ ਸਾਈਨ ਬੋਰਡ ਲਾਉਣ ਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਧਿਆਨ 'ਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ 'ਚ ਮੁੱਢਲੇ ਢਾਂਚੇ ਦਾ ਨਿਰਮਾਣ ਹੋਵੇਗਾ ਅਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ।
ਕੀਨੀਆ 'ਚ ਹੜ੍ਹ ਕਾਰਨ ਨਵਾਂਸ਼ਹਿਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
NEXT STORY