ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਿਪਟਣ ਲਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਲਗਭਗ ਡੇਢ-ਦਹਾਕੇ ਬਾਅਦ ਸਦਨ 'ਚ ਸੱਤਾਧਾਰੀ ਬੈਂਚਾਂ ਨੇ ਗੰਭੀਰਤਾ ਦਿਖਾਈ ਹੈ। ਸਿਫ਼ਰ ਕਾਲ ਉਪਰੰਤ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਆਵਾਰਾ ਕੁੱਤਿਆਂ ਦੀ ਬੇਹੱਦ ਵਧੀ ਸਮੱਸਿਆ ਬਾਰੇ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਹੱਲ ਲਈ ਉਚੇਚੇ ਕਦਮ ਉਠਾਉਣ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰ ਸਮੱਸਿਆ ਮੰਨਿਆ ਹੈ। ਜਦਕਿ ਮੰਤਰੀ ਬਾਜਵਾ ਨੇ ਇਸ ਲਈ ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ। ਜਦਕਿ ਸਾਬਕਾ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ 'ਚ ਬਿਜਲਈ ਭੱਠੀਆਂ ਲਗਾਉਣ ਦੀ ਸਲਾਹ ਦਿੱਤੀ, ਕਿਉਂਕਿ ਹੱਡਾਰੋੜੀ ਦੇ ਕੁੱਤਿਆਂ ਦੇ ਝੁੰਡ 'ਆਦਮਖ਼ੋਰ' ਬਣ ਰਹੇ ਹਨ।
ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2018 'ਚ 1.13 ਲੱਖ ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ, ਜਦਕਿ 2017 'ਚ ਇਹ ਅੰਕੜਾ 1.12 ਲੱਖ ਸੀ। ਇਨ੍ਹਾਂ ਲੋਕਾਂ 'ਚ 50 ਫ਼ੀਸਦੀ ਬੱਚੇ ਸਨ। ਇਹ ਸਿਰਫ਼ ਉਹ ਮਾਮਲੇ ਹਨ, ਜਿਨ੍ਹਾਂ ਬਾਰੇ ਹਸਪਤਾਲਾਂ ਤੋਂ ਜਾਣਕਾਰੀ ਮਿਲੀ ਹੈ। ਮਾਹਿਰਾਂ ਅਨੁਸਾਰ ਅਸਲ ਅੰਕੜਾ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਪੰਜਾਬ ਵਿਚ ਹਰ ਰੋਜ਼ ਆਵਾਰਾ ਕੁੱਤਿਆਂ ਵੱਲੋਂ ਕੱਟਣ ਦੇ 300 ਮਾਮਲੇ ਸਾਹਮਣੇ ਆਉਂਦੇ ਹਨ। ਬੀਤੇ ਦੋ ਸਾਲਾਂ ਦੌਰਾਨ ਪੰਜਾਬ ਵਿਚ 2 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁੱਤਿਆਂ ਨੇ ਕੱਟਿਆ ਹੈ। ਪੰਜਾਬ 'ਚ ਆਵਾਰਾ ਕੁੱਤਿਆਂ ਦੀ ਗਿਣਤੀ 5 ਲੱਖ ਤੋਂ ਉੱਪਰ ਦੱਸੀ ਜਾ ਰਹੀ ਹੈ ਸਾਲ 2012 'ਚ ਇਹ ਗਿਣਤੀ 4 ਲੱਖ 77 ਹਜ਼ਾਰ ਸੀ। ਆਰ. ਟੀ. ਆਈ. ਅਧੀਨ ਪ੍ਰਾਪਤ ਜਾਣਕਾਰੀ ਅਨੁਸਾਰ 2017 'ਚ ਆਵਾਰਾ ਕੁੱਤਿਆਂ ਦੀ ਪੰਜ ਜ਼ਿਲਿਆਂ 'ਚ ਸਭ ਤੋਂ ਵੱਧ ਦਹਿਸ਼ਤ ਰਹੀ ਹੈ। ਲੁਧਿਆਣਾ 'ਚ 13000, ਪਟਿਆਲਾ 'ਚ 97000, ਜਲੰਧਰ 'ਚ 8100, ਹੁਸ਼ਿਆਰਪੁਰ 'ਚ 9700 ਅਤੇ ਕਪੂਰਥਲਾ 'ਚ 6700 ਵਿਅਕਤੀ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ। 2016 'ਚ ਅੰਮ੍ਰਿਤਸਰ 'ਚ 12000, ਮੋਹਾਲੀ 'ਚ 11000, ਲੁਧਿਆਣਾ 'ਚ 10771, ਗੁਰਦਾਸਪੁਰ 'ਚ 10252 ਅਤੇ ਜਲੰਧਰ 'ਚ 8000 ਵਿਅਕਤੀਆਂ ਨੂੰ ਆਵਾਰਾ ਕੁੱਤਿਆਂ ਨੇ ਕੱਟਿਆ, 2016 ਦੌਰਾਨ ਫ਼ਤਿਹਗੜ੍ਹ ਸਾਹਿਬ 'ਚ ਕੁੱਤਿਆਂ ਦੇ ਕੱਟਣ ਦੇ ਕੇਸਾਂ 'ਚ ਵਾਧਾ ਹੋਇਆ ਸੀ। ਬਰਨਾਲਾ 'ਚ 2016 ਦੇ ਮੁਕਾਬਲੇ ਅਗਲੇ ਸਾਲ ਪੰਜ ਗੁਣਾ ਕੇਸ ਵਧੇ ਤੇ ਸਾਲ 2016 'ਚ 610 ਕੇਸਾਂ ਦੀ ਗਿਣਤੀ ਅਗਲੇ ਸਾਲ 3250 ਹੋ ਗਈ। ਰਿਹਾਇਸ਼ੀ ਖੇਤਰਾਂ ਵਿਚ ਘਰਾਂ ਨੂੰ ਚੈੱਕ ਕਰਨ ਲਈ ਸਰਕਾਰੀ ਛਾਪੇ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਕੁੱਝ ਲੋਕ ਸ਼ਿਕਾਰੀ ਕੁੱਤੇ ਜਿਵੇਂ ਪਿਟਬੁੱਲ ਆਦਿ ਨੂੰ ਪਾਲਤੂ ਜਾਨਵਰ ਰੱਖ ਲੈਂਦੇ ਹਨ। ਇਹ ਆਂਢ-ਗੁਆਂਢ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ ਹਨ। ਅਜਿਹਿਆਂ ਘਰਾਂ ਨੂੰ ਰਿਪੋਰਟ ਕਰਨ ਲਈ ਇੱਕ ਰਾਜ ਵਿਆਪੀ ਹੈਲਪ ਲਾਈਨ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਡਿਫਾਲਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਕੁੱਤਿਆਂ ਬਾਰੇ ਭੜਕਾਊ ਤੇ ਅਸ਼ਲੀਲ ਗੀਤਾ ਗਾਉਣ ਵਾਲੇ ਗਾਇਕਾਂ ਅਤੇ ਕੁੱਤਿਆਂ ਦੀਆਂ ਹਿੰਸਕ ਖੇਡਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ।
ਮਾਣੁੰਕੇ ਦੇ ਪ੍ਰਸਤਾਵ 'ਤੇ ਜਵਾਬ ਦਿੰਦਿਆਂ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਨਹੀਂ ਸਗੋਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕਣ ਦਾ ਭਰੋਸਾ ਦਿੱਤਾ। ਬਾਜਵਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਮੱਸਿਆ ਬਹੁਤ ਵਿਕਰਾਲ ਰੂਪ ਲੈ ਚੁੱਕੀ ਹੈ, ਪਰ ਕੇਂਦਰ ਸਰਕਾਰ ਦੇ ਸੰਵੇਦਨਸ਼ੀਲ ਕਾਨੂੰਨਾਂ ਕਾਰਨ ਮੁਲਾਜ਼ਿਮ ਵੀ ਅਵਾਰਾ ਕੁੱਤਿਆਂ ਖਿਲਾਫ ਕਾਰਵਾਈ ਕਰਨ ਤੋਂ ਡਰਦੇ ਹਨ। ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਇਸ ਦਾ ਹੱਲ ਲੱਭਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉੱਧਰ, ਇਸ ਧਿਆਨ ਦਿਵਾਊ ਮਤੇ 'ਤੇ ਬਾਜਵਾ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰ ਸਮੱਸਿਆ ਮੰਨਿਆ। ਮੁੱਖ ਮੰਤਰੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਹਾਲ ਹੀ 'ਚ ਇਸ ਸਮੱਸਿਆ ਨੂੰ ਲੈ ਕੇ ਇਕ ਉਚ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਸੀ ਅਤੇ ਕੁੱਤਿਆਂ ਦੀ ਜਨਸੰਖਿਆ 'ਚ ਵਾਧਾ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਨਿਰਦੇਸ਼ ਦਿੱਤੇ ਗਏ ਹਨ।
ਕੈਪਟਨ ਸਾਹਮਣੇ ਖੁੱਲ੍ਹ ਕੇ ਬੋਲੇ ਮੰਤਰੀ ਤੇ ਵਿਧਾਇਕ, ਸਖਤ ਕਦਮ ਚੁੱਕਣ ਲਈ ਕਿਹਾ
NEXT STORY