ਅੰਮ੍ਰਿਤਸਰ (ਸਰਬਜੀਤ): ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸੰਗਠਨ ਮਹਾਮੰਤਰੀ, ਰਾਜ ਸਭਾ ਮੈਂਬਰ ਅਤੇ ਭਾਜਪਾ ਪੰਜਾਬ ਤੇ ਹਰਿਆਣਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਆਪਣੇ ਪੰਜਾਬ ਦੌਰੇ ਦੇ ਆਖਰੀ ਪੜਾਅ ਦੌਰਾਨ ਗੁਰੂ ਨਗਰੀ ਪਹੁੰਚੇ। ਇਸ ਦੌਰਾਨ ਜਿੱਥੇ ਉਹਨਾਂ ਦਾ ਭਾਜਪਾ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਸ੍ਰੀ ਦੁਰਗਾਣਾ ਤੀਰਥ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸੂਬਾ ਮਹਾਮੰਤਰੀ ਅਨਿਲ ਸਰੀਨ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਹੋਏ। ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਸ੍ਰੀ ਦੁਰਗਿਆਣਾ ਕਮੇਟੀ ਦੇ ਦਫਤਰ ਵਿਖੇ ਪ੍ਰਧਾਨ ਲਕਸ਼ਮੀ ਕਾਂਤ ਚਾਵਲਾ, ਮਹਾਸਚਿਵ ਅਰੁਣ ਖੰਨਾ ਵੱਲੋਂ ਸ੍ਰੀ ਦੁਰਗਿਆਣਾ ਤੀਰਥ ਦਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਉਪ ਪ੍ਰਧਾਨ ਸੁਧੀਰਸ਼੍ਰੀਦਰ, ਚੇਅਰਮੈਨ ਡਾ ਰਾਕੇਸ਼ ਸ਼ਰਮਾ, ਵਿਧੂਪੁਰੀ, ਹਰਸ਼ ਖੰਨਾ ਤੋਂ ਇਲਾਵਾ ਕਮੇਟੀ ਦੇ ਹੋਰ ਵੀ ਮੈਂਬਰ ਹਾਜ਼ਰ ਸਨ।
ਇਸ ਉਪਰੰਤ ਉਹਨਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਉਹਨਾਂ ਨੇ ਜਿੱਥੇ ਇੱਕ ਆਮ ਸ਼ਰਧਾਲੂ ਵਾਂਗ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਕੁਝ ਸਮਾਂ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਡਾ. ਪੁਨੀਆ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀਆਂ ਸਾਰੀਆਂ ਕਿਆਸਅਰਾਈਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ਅਤੇ ਸੰਗਠਨਾਤਮਕ ਸਮਰੱਥਾ ਦੇ ਆਧਾਰ ’ਤੇ ਚੋਣ ਲੜੇਗੀ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਨਸ਼ੇ ਅਤੇ ਭ੍ਰਿਸ਼ਟਾਚਾਰ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਨਸ਼ਿਆਂ ਅਤੇ ਨਾਰਕੋ-ਟੈਰਰਿਜ਼ਮ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਇੱਕ ਸਮਰਪਿਤ ਅਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਐਕਸ਼ਨ ਪਲਾਨ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਹੈ।
ਡਾ. ਪੁਨੀਆ ਨੇ ਕਿਹਾ ਕਿ ਸ੍ਰੀ ਦੁਰਗਿਆਣਾ ਤੀਰਥ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਕੇਂਦਰੀ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਅਸੀਮ ਸ਼ਾਂਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਗੁਰੂ ਚਰਨਾਂ ਵਿੱਚ ਪੰਜਾਬ ਸਮੇਤ ਦੇਸ਼ ਦੇ ਉੱਜਵਲ ਭਵਿੱਖ ਅਤੇ ਸ਼ਾਂਤੀ ਲਈ ਅਰਦਾਸ ਕੀਤੀ।
ਜਲੰਧਰ 'ਚ ਬਾਰਿਸ਼ ਵਿਚਾਲੇ ਕੋਬਰਾ ਸੱਪ ਨੇ ਪਈਆਂ ਭਾਜੜਾਂ!
NEXT STORY