ਗੋਨਿਆਣਾ (ਵਿਜੇ ਵਰਮਾ,ਗੋਰਾ ਲਾਲ) : ਸਬ-ਤਹਿਸੀਲ ਗੋਨਿਆਣਾ ਵਿੱਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇੱਕ ਵੱਡੇ ਸਕੈਂਡਲ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹਨ ਕਿ ਕੁਝ ਆਰਜ਼ੀ ਨਵੀਸਾਂ, ਤਹਿਸੀਲ ਕਰਮਚਾਰੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੁਰਾਣੀਆਂ ਰਸੀਦਾਂ ਦੀ ਵਰਤੋਂ ਕਰਕੇ ਰਜਿਸਟਰੀਆਂ ਕੀਤੀਆਂ ਗਈਆਂ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।
ਸੂਤਰਾਂ ਮੁਤਾਬਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਰਜਿਸਟਰੀਆਂ 'ਤੇ ਲੱਗੀਆਂ ਰਸੀਦਾਂ ਦੀ ਜਾਂਚ ਦੌਰਾਨ ਉਨ੍ਹਾਂ 'ਤੇ ਤਿੰਨ ਸਾਲ ਅਤੇ ਦੋ ਸਾਲ ਪੁਰਾਣੀਆਂ ਤਰੀਕਾਂ ਦਰਜ ਮਿਲੀਆਂ। ਇਸ ਤੋਂ ਬਾਅਦ ਹੋਈ ਮੁੱਢਲੀ ਪੜਤਾਲ ਵਿੱਚ ਕਥਿਤ ਤੌਰ 'ਤੇ ਅਜਿਹੇ ਕਈ ਹੋਰ ਕੇਸ ਸਾਹਮਣੇ ਆਏ, ਜਿੱਥੇ ਪੁਰਾਣੀਆਂ ਰਸੀਦਾਂ ਦੀ ਵਰਤੋਂ ਕਰਕੇ ਰਜਿਸਟਰੀਆਂ ਕੀਤੀਆਂ ਗਈਆਂ। ਮਾਮਲੇ ਵਿੱਚ ਇੱਕ ਕਾਂਗਰਸੀ ਆਗੂ ਦੇ ਰਾਜਨੀਤਿਕ ਪਰਿਵਾਰ ਨਾਲ ਸਬੰਧਿਤ ਤਹਿਸੀਲਦਾਰ ਦੀ ਭੂਮਿਕਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਤਹਿਸੀਲਦਾਰ ਦੇ ਡਰਾਈਵਰ, ਕਲਰਕ ਅਤੇ ਕੁਝ ਹੋਰ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇੰਨੇ ਵੱਡੇ ਪੱਧਰ 'ਤੇ ਗੜਬੜ ਸੰਭਵ ਨਹੀਂ ਸੀ।
ਇਲਾਕੇ ਦੇ ਕੁਝ ਪ੍ਰਾਪਰਟੀ ਡੀਲਰਾਂ ਅਤੇ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਬ-ਤਹਿਸੀਲ ਗੋਨਿਆਣਾ ਵਿੱਚ ਰਜਿਸਟਰੀਆਂ ਲਈ ਮਹੀਨਿਆਂ ਤੱਕ ਫਾਈਲਾਂ ਲਟਕਾਈਆਂ ਜਾਂਦੀਆਂ ਹਨ ਤੇ ਕਥਿਤ ਤੌਰ 'ਤੇ ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਹੀ ਕੰਮ ਅੱਗੇ ਵਧਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਆਰਜ਼ੀ ਨਵੀਸਾਂ ਅਤੇ ਕੁਝ ਕਰਮਚਾਰੀਆਂ ਦਾ ਇੱਕ ਗਠਜੋੜ ਸਰਕਾਰੀ ਨਿਯਮਾਂ ਨੂੰ ਅਣਡਿੱਠਾ ਕਰਕੇ ਆਪਣੀਆਂ ਜੇਬਾਂ ਭਰਨ ਵਿੱਚ ਲੱਗਾ ਹੋਇਆ ਹੈ। ਸੂਤਰਾਂ ਅਨੁਸਾਰ ਮਾਮਲੇ ਦੀ ਚਰਚਾ ਜਨਤਕ ਹੋਣ ਤੋਂ ਬਾਅਦ ਇੱਕ ਆਰਜ਼ੀ ਨਵੀਸ ਅਤੇ ਕੁਝ ਹੋਰ ਸ਼ੱਕੀ ਵਿਅਕਤੀ ਦਫ਼ਤਰਾਂ ਤੋਂ ਗੈਰਹਾਜ਼ਰ ਦੱਸੇ ਜਾ ਰਹੇ ਹਨ। ਇਸ ਨਾਲ ਲੋਕਾਂ ਦੇ ਸ਼ੱਕ ਹੋਰ ਗਹਿਰੇ ਹੋ ਗਏ ਹਨ।
ਇਮਾਨਦਾਰ ਜਾਂਚ ਹੋਈ ਤਾਂ ਖੁੱਲ੍ਹ ਸਕਦੇ ਹਨ ਵੱਡੇ ਰਾਜ
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਸ ਪੂਰੇ ਮਾਮਲੇ ਦੀ ਕਿਸੇ ਸੁਤੰਤਰ ਏਜੰਸੀ ਜਾਂ ਉੱਚ ਪੱਧਰੀ ਕਮੇਟੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਰੁਪਏ ਦੇ ਘੋਟਾਲੇ ਦਾ ਪਰਦਾਫਾਸ਼ ਹੋ ਸਕਦਾ ਹੈ ਅਤੇ ਕਈ ਵੱਡੇ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ।
ਇਸ ਸਬੰਧੀ ਪੱਖ ਜਾਣਨ ਲਈ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਏਡੀਸੀ ਬਠਿੰਡਾ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਗੋਨਿਆਣਾ ਮੰਡੀ ਅਤੇ ਆਸ-ਪਾਸ ਦੇ ਖੇਤਰਾਂ 'ਚ ਇਸ ਕਥਿਤ ਘੋਟਾਲੇ ਦੀ ਖੂਬ ਚਰਚਾ ਹੈ। ਕਿਸਾਨਾਂ, ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ 'ਚ ਹੈਰਾਨੀ ਹੈ ਕਿ ਜੇ ਦੋਸ਼ ਸਹੀ ਹਨ ਤਾਂ ਸਰਕਾਰ ਦੀ ਨੱਕ ਹੇਠਾਂ ਇੰਨੇ ਵੱਡੇ ਪੱਧਰ 'ਤੇ ਗੜਬੜ ਕਿਵੇਂ ਹੁੰਦੀ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੀਨਾਨਗਰ ਦੇ ਸਰਕਾਰੀ ਸਕੂਲ 'ਚ ਲੱਗੀ ਅੱਗ, ਇਲਾਕੇ 'ਚ ਦਹਿਸ਼ਤ
NEXT STORY