ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਨਗਰ ਕੌਂਸਲ ਅਧੀਨ ਆਉਂਦੇ ਖੇਤਰ ਦੌਲਤ ਸਿੰਘ ਵਾਲਾ 'ਚ ਬੁੱਧਵਾਰ ਸਵੇਰੇ ਸੜਕ 'ਤੇ ਬਰਸਾਤ ਦਾ ਪਾਣੀ ਭਰਿਆ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ। ਅਚਾਨਕ ਇਹ ਬੱਸ ਸੜਕ ਕਿਨਾਰੇ ਬਣੇ ਨਾਲੇ ਦੇ ਕੋਲ ਧੱਸ ਗਈ, ਜਿਸ ਤੋਂ ਬਾਅਦ ਬੱਸ ਦਾ ਟਾਇਰ ਹੇਠਾਂ ਖ਼ਿਸਕ ਜਾਣ ਕਾਰਨ ਬੱਸ ਪਲਟ ਗਈ। ਘਟਨਾ ਦੇ ਸਮੇਂ ਸਕੂਲ ਬੱਸ ’ਚ 15 ਦੇ ਕਰੀਬ ਬੱਚੇ ਸਵਾਰ ਸੀ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ 'ਚੰਡੀਗੜ੍ਹ-ਮੋਹਾਲੀ' ਕੀਤਾ ਪਾਣੀਓਂ-ਪਾਣੀ, ਤਸਵੀਰਾਂ 'ਚ ਦੇਖੋ ਕਿਹੋ ਜਿਹੇ ਰਹੇ ਹਾਲਾਤ
ਹਾਲਾਂਕਿ ਘਟਨਾ ਤੋਂ ਬਾਅਦ ਪਾਣੀ 'ਚ ਭਿੱਜੇ ਬੱਚੇ ਡਰੇ ਹੋਏ ਸਨ। ਜਾਣਕਾਰੀ ਅਨੁਸਾਰ ਬੱਸ ਡਰਾਈਵਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਦੋਂ ਸ਼ਿਵਾ ਇੰਨਕਲੇਵ ਤੋਂ ਪਿੰਡ ਦੌਲਤ ਸਿੰਘ ਵਾਲਾ ਭਬਾਤ ਜਾ ਰਿਹਾ ਸੀ ਤਾਂ ਸਾਹਮਣਿਓਂ ਇਕ ਹੋਰ ਬੱਸ ਆ ਗਈ। ਜਦੋਂ ਉਹ ਸਾਹਮਣੇ ਤੋਂ ਆ ਰਹੀ ਦੂਜੀ ਸਕੂਲੀ ਬੱਸ ਨੂੰ ਸਾਈਡ ਦੇਣ ਲੱਗਾ ਤਾਂ ਉਸ ਨੂੰ ਸੜਕ ਦੇ ਖੱਬੇ ਪਾਸੇ ਬਣੇ ਕੱਚੇ ਨਾਲੇ ਦਾ ਅੰਦਾਜ਼ਾ ਹੀ ਨਹੀਂ ਹੋਇਆ ਅਤੇ ਬੱਸ ਖੱਬੇ ਪਾਸੇ ਨੂੰ ਪਲਟ ਗਈ, ਹਾਲਾਂਕਿ ਜੇਕਰ ਨਜ਼ਦੀਕ ਮਿੱਟੀ ਨਾ ਪਈ ਹੁੰਦੀ ਤਾਂ ਬੱਸ ਪੂਰੀ ਤਰ੍ਹਾਂ ਪਲਟ ਸਕਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਤੇ ਸਰਕਾਰੀ ਅਦਾਰੇ ਹੁਣ ਨਹੀਂ ਕਰ ਸਕਣਗੇ ਮਨਮਰਜ਼ੀ, ਜਾਰੀ ਹੋਈ ਸਖ਼ਤ ਹੁਕਮਾਂ ਵਾਲੀ ਇਹ ਚਿੱਠੀ
ਉਸ ਨੇ ਦੱਸਿਆ ਕਿ ਬਰਸਾਤ ਹੋਣ ਕਾਰਨ ਬਰੇਕਾਂ ਵੀ ਘੱਟ ਕੰਮ ਕਰ ਰਹੀਆਂ ਸਨ। ਬਰੇਕ ਮਾਰਨ ਦੇ ਬਾਵਜੂਦ ਬੱਸ ਦਾ ਸੰਤੁਲਨ ਵਿਗੜਨ ਕਰ ਕੇ ਬੱਸ ਨਾਲੇ ਵੱਲ ਪਲਟ ਗਈ। ਉਸ ਨੇ ਦੱਸਿਆ ਕਿ ਉਸ ਨੇ ਅਤੇ ਬੱਸ ਦੇ ਕੰਡਕਟਰ ਨੇ ਸਥਾਨਕ ਲੋਕਾਂ ਦੀ ਮੱਦਦ ਨਾਲ ਡਰਾਈਵਰ ਸੀਟ ਰਾਹੀਂ ਬੱਚਿਆਂ ਨੂੰ ਸਹੀ-ਸਲਾਮਤ ਬਾਹਰ ਕੱਢਿਆ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਇੰਨਕਲੇਵ ਤੋਂ ਪਿੰਡ ਭਬਾਤ ਨੂੰ ਜਾਣ ਵਾਲੀ ਸੜਕ ਬਹੁਤ ਛੋਟੀ ਬਣਾਈ ਗਈ ਹੈ ਅਤੇ ਸੜਕ ਕਿਨਾਰੇ ਬਣਾਏ ਗਏ ਗੰਦੇ ਪਾਣੀ ਦੇ ਨਾਲੇ ਕਾਰਨ ਦੋ ਵੱਡੀਆਂ ਗੱਡੀਆਂ ਨਿਕਲ ਨਹੀਂ ਸਕਦੀਆਂ।
ਇਹ ਵੀ ਪੜ੍ਹੋ : PSEB 10ਵੀਂ ਦਾ ਨਤੀਜਾ : ਲੁਧਿਆਣਾ ਜ਼ਿਲ੍ਹੇ ਦੇ ਪਹਿਲੇ 3 ਸਥਾਨਾਂ 'ਤੇ ਧੀਆਂ ਨੇ ਗੱਡੇ ਝੰਡੇ
ਬਰਸਾਤ ਹੋਣ ਕਰਕੇ ਨਾਲੇ ਦੇ ਨਜ਼ਦੀਕ ਸੜਕ ਦੀਆਂ ਬਰਮਾਂ ਦੀ ਹਾਲਤ ਮਾੜੀ ਹੋ ਚੁੱਕੀ ਹੈ ਅਤੇ ਸਾਈਡਾਂ 'ਤੇ ਮਿੱਟੀ ਨਾ ਹੋਣ ਕਰਕੇ ਵੀ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਸੜਕ ਕਿਨਾਰੇ ਬਣੇ ਇਸ ਨਾਲੇ 'ਚ ਪਾਈਪਾਂ ਪਾ ਕੇ ਬਰਮਾਂ ਠੀਕ ਕਰਨੀਆਂ ਚਾਹੀਦੀਆਂ ਹਨ ਅਤੇ ਸ਼ਹਿਰ 'ਚ ਪਾਣੀ ਨਿਕਾਸੀ ਲਈ ਸੁਚੱਜੇ ਢੰਗ ਨਾਲ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਅਜਿਹੇ ਹਾਦਸੇ ਨਾ ਹੋ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਜੇ ਕੁਮਾਰ ਜੰਜੂਆ ਨੇ ਪੰਜਾਬ ਦੇ 41ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
NEXT STORY