ਜਲੰਧਰ (ਵਿਸ਼ੇਸ਼) : ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਦੀ ਪੱਛਮੀ ਸਰਹੱਦ ’ਤੇ ਸੁਰੱਖਿਆ ਨੂੰ ਲੈ ਕੇ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਲਈ ਇਸ ਸਰਹੱਦ ’ਤੇ ਹੁਣ ਸੁਰੱਖਿਆ ਵਧਾਉਣ ਦੀ ਲੋੜ ਹੈ। ਹਾਲਾਂਕਿ ਅਫਗਾਨਿਸਤਾਨ ਦੇ ਨਾਲ ਭਾਰਤ ਦੀ ਸਿਰਫ 106 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ ਅਤੇ ਇਹ ਇਲਾਕਾ ਪਾਕਿ ਮਕਬੂਜ਼ਾ ਕਸ਼ਮੀਰ ਵਿਚ ਪੈਂਦਾ ਹੈ। ਇਸ ਰਸਤਿਓਂ ਭਾਰਤ ਵਿਚ ਘੁਸਪੈਠ ਹੋਣੀ ਮੁਸ਼ਕਲ ਹੈ ਪਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਜੰਮੂ-ਕਸ਼ਮੀਰ ਤੇ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਲਈ ਤਾਲਿਬਾਨ ਨੂੰ ਹਥਿਆਰ ਬਣਾ ਸਕਦੀ ਹੈ। ਭਾਰਤ ਦੇ ਨਾਲ ਪਾਕਿਸਤਾਨ ਦੀ ਕੁਲ 3323 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ ਅਤੇ ਇਸ ਵਿਚੋਂ ਲਗਭਗ 425 ਕਿਲੋਮੀਟਰ ਸਰਹੱਦ ਪੰਜਾਬ ਵਿਚ ਲੱਗਦੀ ਹੈ, ਜਦੋਂਕਿ ਜੰਮੂ-ਕਸ਼ਮੀਰ ਨਾਲ 1222 ਕਿਲੋਮੀਟਰ, ਰਾਜਸਥਾਨ ਨਾਲ 1170 ਕਿਲੋਮੀਟਰ ਅਤੇ ਗੁਜਰਾਤ ਨਾਲ ਪਾਕਿਸਤਾਨ ਦੀ 506 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ। ਭਾਰਤ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਘੁਸਪੈਠ ਦੇ ਲਿਹਾਜ਼ ਨਾਲ ਕਾਫੀ ਸੰਵੇਦਨਸ਼ੀਲ ਹੈ।
ਹਾਲਾਂਕਿ ਬੀਤੇ ਸਮੇਂ ’ਚ ਮੁੰਬਈ ਵਿਚ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨੇ ਸਮੁੰਦਰੀ ਹੱਦ ਦਾ ਸਹਾਰਾ ਲਿਆ ਸੀ ਪਰ ਪੰਜਾਬ ਦੇ ਨਾਲ ਲੱਗਦੀ ਸਰਹੱਦ ’ਤੇ ਡਰੋਨ ਰਾਹੀਂ ਪੰਜਾਬ ਵਿਚ ਹਥਿਆਰ ਭੇਜੇ ਜਾਣ ਦੀਆਂ ਘਟਨਾਵਾਂ ਅਤੇ ਪਠਾਨਕੋਟ ਹਮਲੇ ਵੇਲੇ ਅੱਤਵਾਦੀਆਂ ਵਲੋਂ ਵਰਤੋਂ ’ਚ ਲਿਆਂਦੇ ਗਏ ਰੂਟ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਪੰਜਾਬ ਦੀ ਸਥਿਤੀ ਵੀ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹੋ ਜਾਂਦੀ ਹੈ। ਅਫਗਾਨਿਸਤਾਨ ਵਿਚ ਜੇ ਤਾਲਿਬਾਨੀ ਕੰਟਰੋਲ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦਾ ਸਾਥ ਦੇ ਰਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਇਨ੍ਹਾਂ ਅੱਤਵਾਦੀਆਂ ਨੂੰ ਪੰਜਾਬ ਦੇ ਨਾਲ ਲੱਗਦੀ ਸਰਹੱਦ ਰਾਹੀਂ ਭਾਰਤ ਵਿਚ ਧੱਕ ਸਕਦੀ ਹੈ। ਇਸ ਸਥਿਤੀ ਦਾ ਸਾਹਮਣਾ ਕਰਨ ਲਈ ਸਰਹੱਦ ’ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਵਾੜਬੰਦੀ ਨੂੰ ਡਬਲ ਕਰਨ ਦੇ ਨਾਲ-ਨਾਲ ਸੁਰੱਖਿਆ ਫੋਰਸਾਂ ਦੀ ਮੌਜੂਦਗੀ ਵਧਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸੈਕੰਡ ਲਾਈਨ ਆਫ ਡਿਫੈਂਸ ਨੂੰ ਵੀ ਜ਼ਿਆਦਾ ਮਜ਼ਬੂਤ ਤੇ ਆਧੁਨਿਕ ਸਿਖਲਾਈ ਦਿੱਤੇ ਜਾਣ ਦੀ ਲੋੜ ਹੈ। ਤਾਲਿਬਾਨੀ ਅੱਤਵਾਦੀ ਗੋਲਾ-ਬਾਰੂਦ ਚਲਾਉਣ ਦੇ ਨਾਲ ਹੀ ਜੈਵਿਕ ਹਥਿਆਰ ਚਲਾਉਣ ਵਿਚ ਵੀ ਮਾਹਿਰ ਹਨ। ਇਸ ਲਈ ਸਾਡੇ ਜਵਾਨਾਂ ਦੀ ਸਿਖਲਾਈ ਵਿਚ ਵੀ ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਹੈ।
ਨੌਜਵਾਨਾਂ ਨੂੰ ਸਿਵਲ ਡਿਫੈਂਸ ਦੀ ਸਿਖਲਾਈ ਦੀ ਲੋੜ
ਪੰਜਾਬ ਵਿਚ ਲੋਕਾਂ ’ਚ ਸਿਵਲ ਡਿਫੈਂਸ ਦੀ ਸਿਖਲਾਈ ਦੀ ਕਮੀ ਹੈ। ਇਸ ਲਈ ਜੇ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਆਮ ਨਾਗਰਿਕਾਂ ਲਈ ਹਥਿਆਰਬੰਦ ਅੱਤਵਾਦੀਆਂ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਵਿਚ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਸਿਖਲਾਈ ਦਿੱਤੀ ਜਾਂਦੀ ਰਹੀ ਹੈ ਪਰ ਅੱਜਕੱਲ ਨੌਜਵਾਨਾਂ ਦਾ ਰੁਝਾਨ ਇਸ ਤਰ੍ਹਾਂ ਦੀ ਸਿਖਲਾਈ ਵੱਲ ਘੱਟ ਹੈ। ਇਸ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਦੇ ਨਾਲ ਹੀ ਲੋਕਾਂ ਨੂੰ ਸਿਵਲ ਡਿਫੈਂਸ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਭਾਰਤ ਦੀ ਪੱਛਮੀ ਸਰਹੱਦ
ਭਾਰਤ-ਅਫਗਾਨਿਸਤਾਨ 106 ਕਿ. ਮੀ.
ਭਾਰਤ-ਪਾਕਿਸਤਾਨ 3323 ਕਿ. ਮੀ.
ਰਾਜਸਥਾਨ 1170 ਕਿ. ਮੀ.
ਗੁਜਰਾਤ 506 ਕਿ. ਮੀ.
ਪੰਜਾਬ 425 ਕਿ. ਮੀ.
ਜੰਮੂ-ਕਸ਼ਮੀਰ 1222 ਕਿ. ਮੀ.
ਭਾਰਤ-ਪਾਕਿ ਸਰਹੱਦ ’ਤੇ ਸੁਰੱਖਿਆ
*ਬੀ. ਐੱਸ. ਐੱਫ. ਦੀ 659 ਬੀ. ਓ. ਪੀ.
*90 ਬੀ. ਓ. ਪੀ. ਦਾ ਨਿਰਮਾਣ ਕਾਰਜ ਪੂਰਾ
*2043.76 ਕਿ. ਮੀ. ਸਰਹੱਦ ’ਤੇ ਫਲੱਡ ਲਾਈਟਸ ਲੱਗੀਆਂ
*ਪਾਕਿ ਸਰਹੱਦ ’ਤੇ ਲਗਭਗ ਡੇਢ ਲੱਖ ਪੋਲ
*ਲਗਭਗ 50 ਹਜ਼ਾਰ ਫਲੱਡ ਲਾਈਟਸ
ਅਜਨਾਲਾ ਦੇ ਸਰਹੱਦੀ ਇਲਾਕਿਆਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 602ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY