ਚੰਡੀਗੜ੍ਹ : ਪੰਜਾਬ 'ਚ ਸਿਆਸੀ ਨੇਤਾਵਾਂ, ਡੇਰੇਦਾਰਾਂ, ਧਾਰਮਿਕ ਆਗੂਆਂ ਅਤੇ ਪੁਲਸ ਅਫਸਰਾਂ ਦਾ ਸੁਰੱਖਿਆ ਦੇ ਨਾਂ 'ਤੇ 'ਫੈਸ਼ਨ' ਪੰਜਾਬ ਦੀ ਸਭ ਤੋਂ ਵੱਡੀ ਟੈਨਸ਼ਨ ਬਣ ਗਿਆ ਹੈ। ਅਸਲ 'ਚ ਸਰਕਾਰ ਵਲੋਂ ਮਿਲੀ ਸੁਰੱਖਿਆ ਨੂੰ ਉਕਤ ਲੋਕਾਂ ਨੇ ਆਪਣਾ ਫੈਸ਼ਨ ਹੀ ਬਣਾ ਲਿਆ ਹੈ, ਜਿਸ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਸਲਾਨਾ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਪੰਜਾਬ ਦੇ ਆਗੂਆਂ ਵਲੋਂ ਆਮ ਤੌਰ 'ਤੇ ਕਾਲੇ ਕੱਪੜਿਆਂ ਵਾਲੇ ਕਮਾਂਡੋਜ਼ ਦੀ ਸੁਰੱਖਿਆ ਲਈ ਜ਼ਿਆਦਾ ਮੰਗ ਕੀਤੀ ਜਾਂਦੀ ਹੈ।
ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਕਮਾਂਡੋਜ਼ ਦੀ ਸੁਰੱਖਿਆ ਛਤਰੀ 'ਚ ਘਿਰਿਆ ਬੰਦਾ ਇਕ ਵੱਡੇ ਨੇਤਾ ਵਾਲਾ ਪ੍ਰਭਾਵ ਪਾਉਂਦਾ ਹੈ ਅਤੇ ਲੋਕਾਂ 'ਚ ਦਬਦਬਾ ਵੱਧ ਜਾਂਦਾ ਹੈ ਪਰ ਇਹ ਸਿਆਸੀ ਆਗੂ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਹੁਣ ਇਨ੍ਹਾਂ ਆਗੂਆਂ ਅਤੇ ਵੱਡੇ ਲੋਕਾਂ ਦੀ ਸੁਰੱਖਿਆ ਛਤਰੀ 'ਚ ਕਟੌਤੀ ਕਰਨਾ ਪੰਜਾਬ ਪੁਲਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਸੀਨੀਅਰ ਪੁਲਸ ਅਧਿਕਾਰੀਆਂ ਵਲੋਂ ਸੁਰੱਖਿਆ ਛਤਰੀ ਘੱਟ ਕਰਨ ਦੇ ਕੀਤੇ ਲੰਬੇ ਅਭਿਆਸ ਤੋਂ ਬਾਅਦ ਭਾਵੇਂ 600 ਦੇ ਕਰੀਬ ਮੁਲਾਜ਼ਮਾਂ ਨੂੰ ਨਿਜੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲਸ ਦੀ ਡਿਊਟੀ ਸਾਂਭਣ ਦੇ ਹੁਕਮ ਦਿੱਤੇ ਹਨ, ਫਿਰ ਵੀ 8 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਅਜੇ ਵੀ ਨਿਜੀ ਸੁਰੱਖਿਆ 'ਚ ਤਾਇਨਾਤ ਹਨ। ਗ੍ਰਹਿ ਵਿਭਾਗ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ, ਸ਼ਿਵ ਸੈਨਿਕਾਂ, ਪ੍ਰਮੁੱਖ ਡੇਰੇਦਾਰਾਂ ਅਤੇ ਹੋਰਨਾਂ ਧਾਰਮਿਕ ਆਗੂਆਂ ਨੂੰ 240 ਸੁਰੱਖਿਆ ਕਾਰਾਂ ਮੁਹੱਈਆ ਕਰਾਈਆਂ ਗਈਆਂ ਹਨ ਅਤੇ ਤੇਲ ਵੀ ਸਰਕਾਰੀ ਖਰਚੇ 'ਤੇ ਦਿੱਤਾ ਜਾਂਦਾ ਹੈ। ਇਨ੍ਹਾਂ ਕਾਰਾਂ 'ਚ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਲੈਂਡ ਕਰੂਜ਼ਰ, ਮੌਟੈਰੋ ਤੋਂ ਲੈ ਕੇ ਜਿਪਸੀਆਂ ਤੱਕ ਸ਼ਾਮਲ ਹਨ। ਪੁਲਸ ਵਲੋਂ ਸਿਪਾਹੀਆਂ, ਹੌਲਦਾਰਾਂ ਨੂੰ ਇਨ੍ਹਾਂ ਗੱਡੀਆਂ ਦੇ ਡਰਾਈਵਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਲੰਚ-ਡਿਨਰ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਗੁਰੂ ਨਗਰੀ ਦੇ ਟੂਰਿਸਟ
NEXT STORY