ਸੁਲਤਾਨਪੁਰ ਲੋਧੀ (ਧੀਰ, ਜੋਸ਼ੀ) - ਬਿਹਾਰ ਦੇ 5 ਜ਼ਿਲਿਆਂ ਤੋਂ ਆਏ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਸੀਚੇਵਾਲ ਦਾ ਦੌਰਾ ਕਰ ਕੇ ਇਥੇ ਸਥਾਪਿਤ ਕੀਤੇ ਗਏ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਵਰਤਣ ਲਈ 20 ਸਾਲ ਤੋਂ ਸਫਲ ਤਜਰਬਾ ਕੀਤਾ ਹੈ। ਬਿਹਾਰ ਤੋਂ ਆਏ ਅਧਿਕਾਰੀਆਂ ਨੂੰ ਸੀਚੇਵਾਲ ਮਾਡਲ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਸੋਧਿਆ ਹੋਇਆ ਗੰਦਾ ਪਾਣੀ ਖੇਤੀ ਲਈ ਸੰਪੂਰਨ ਖੁਰਾਕ ਹੈ। ਇਸ ਪਾਣੀ ਦੀ ਵਰਤੋਂ ਨਾਲ ਕਿਸਾਨਾਂ 'ਤੇ ਆਰਥਿਕ ਬੋਝ ਘੱਟ ਪੈਂਦਾ ਹੈ। ਕਿਸਾਨਾਂ ਨੂੰ ਖਾਦ ਘੱਟ ਵਰਤਣੀ ਪੈਂਦੀ ਹੈ ਤੇ ਫਸਲ ਦੀ ਪੈਦਾਵਾਰ ਵੱਧ ਨਿਕਲਦੀ ਹੈ।
ਜ਼ਿਕਰਯੋਗ ਹੈ ਕਿ ਸਾਲ 2017 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਸੀਚੇਵਾਲ ਮਾਡਲ ਤੇ ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰਕੇ ਗਏ ਸਨ, ਜਿਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਬਿਹਾਰ 'ਚ ਸੀਚੇਵਾਲ ਮਾਡਲ ਦੀ ਤਰਜ਼ 'ਤੇ ਗੰਦੇ ਪਾਣੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸੀਚੇਵਾਲ ਮਾਡਲ ਰਾਹੀਂ ਹੁਣ ਤਕ ਪੰਜਾਬ ਦੇ 150 ਤੋਂ ਵੱਧ ਪਿੰਡ ਪ੍ਰਦੂਸ਼ਣ ਮੁਕਤ ਹੋ ਚੁੱਕੇ ਹਨ। ਹਰਿਆਣਾ ਸਰਕਾਰ ਵਲੋਂ 5 ਪਿੰਡ ਇਸ ਮਾਡਲ ਰਾਹੀਂ ਪ੍ਰਦੂਸ਼ਣ ਮੁਕਤ ਕੀਤੇ ਜਾ ਚੁੱਕੇ ਹਨ। ਇਕ ਪਿੰਡ 'ਚ ਉਤਰ ਪ੍ਰਦੇਸ਼ ਦੀ ਸਰਕਾਰ ਸੀਚੇਵਾਲ ਮਾਡਲ ਅਪਣਾ ਚੁੱਕੀ ਹੈ। ਇਸ ਸਾਲ ਪੰਜਾਬ ਸਰਕਾਰ ਨੇ 100 ਤੋਂ ਵੱਧ ਪਿੰਡਾਂ ਨੂੰ ਸੀਚੇਵਾਲ ਮਾਡਲ ਰਾਹੀਂ ਪ੍ਰਦੂਸ਼ਣ ਮੁਕਤ ਕਰਨ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ। ਸੰਤ ਸੀਚੇਵਾਲ ਨੇ ਬਿਹਾਰ ਤੋਂ ਆਏ ਇਨ੍ਹਾਂ ਅਧਿਕਾਰੀਆਂ ਨੂੰ ਪਿੰਡ ਦਾ ਠੋਸ ਕੂੜਾ ਸੰਭਾਲਣ ਲਈ ਇਜ਼ਾਦ ਕੀਤੀ ਗਈ ਮਸ਼ੀਨ ਵੀ ਦਿਖਾਈ। ਉਨ੍ਹਾਂ ਟੀਮ ਨੂੰ ਜਾਣਕਾਰੀ ਦਿੱਤੀ ਕਿ ਸਾਡੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਆਪਣਾ ਤਰਲ ਅਤੇ ਠੋਸ ਕੂੜਾ ਸਫਲਤਾਪੂਰਵਕ ਸੰਭਾਲਦੇ ਆ ਰਹੇ ਸੀ। ਸਾਨੂੰ ਆਪਣੇ ਬਜ਼ੁਰਗਾਂ ਦੇ ਵਰਤੇ ਸਫਲ ਤਜਰਬਿਆਂ ਤੋਂ ਲਾਹਾ ਲੈਂਦੇ ਹੋਏ ਆਪਣੀ ਰਹਿੰਦ ਖੂੰਹਦ ਨੂੰ ਸੋਧ ਕੇ ਖੇਤੀ ਲਈ ਵਰਤਣਾ ਹੀ ਸਭ ਤੋਂ ਲਾਹੇਵੰਦ ਹੈ।
ਬਿਹਾਰ ਦੇ ਜ਼ਿਲਾ ਬੰਕਾ ਦੇ ਠੋਸ, ਤਰਲ ਕੂੜਾ ਪ੍ਰਬੰਧਨ ਸਲਾਹਕਾਰ ਰਾਹੁਲ ਕੁਮਾਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਗੰਦੇ ਪਾਣੀਆਂ ਅਤੇ ਠੋਸ ਕੂੜੇ ਨੂੰ ਸੰਭਾਲਣ ਦੇ ਪ੍ਰਬੰਧ ਇਕ ਪਿੰਡ ਵਿਚ ਰਹਿ ਕੇ ਕੀਤੇ ਹਨ, ਉਹ ਕਾਬਲੇ ਤਾਰੀਫ਼ ਹਨ। ਇਸ ਮਾਡਲ ਰਾਹੀਂ ਬਿਹਾਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਉਥੋਂ ਦਾ ਪ੍ਰਸ਼ਾਸਨ ਯਤਨਸ਼ੀਲ ਹੈ। ਇਸ ਮੌਕੇ ਬਿਹਾਰ ਦੇ ਜ਼ਿਲਾ ਸ਼ਰਨ ਦੇ ਸਲਾਹਕਾਰ ਸ਼ਸ਼ੀਕਾਂਤ ਸਿੰਘ, ਮਨੋਜ ਕੁਮਾਰ ਜ਼ਿਲਾ ਪੱਛਮੀ ਚੰਪਾਰਨ, ਕਿਰਨ ਕਾਰੇਦੀਆ ਜ਼ਿਲਾ ਨਾਲੰਦਾ, ਸੁਰੇਸ਼ ਕੁਮਾਰ ਜ਼ਿਲਾ ਨਵਾਦਾ ਸਣੇ 5 ਪਿੰਡਾਂ ਦੇ ਮੁਖੀ ਨਾਲ ਆਏ ਸਨ।
ਮੋਹਾਲੀ ਵਾਂਗ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ ਖੁੱਲ੍ਹਣਗੇ 'ਓਪਨ ਜਿੰਮ'!
NEXT STORY