ਬਠਿੰਡਾ (ਵਿਜੈ ਵਰਮਾ) : ਜ਼ਿਲ੍ਹੇ ਦੇ ਪਿੰਡ ਭਗਤਾ ਭਾਈ 'ਚ ਪੁਲਸ ਦੀ ਕਾਰਵਾਈ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਰਪੰਚ ਦੀ ਸ਼ਿਕਾਇਤ ’ਤੇ ਇੱਕ ਸ਼ਰਾਬੀ ਵਿਅਕਤੀ ਨੂੰ ਫੜਨ ਪਹੁੰਚੀ ਪੁਲਸ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਘਟਨਾ ਦਾ CCTV ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਤੂਲ ਫੜ ਗਿਆ ਹੈ ਅਤੇ ਸੋਸ਼ਲ ਮੀਡੀਆ ’ਤੇ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਕਰਮਚਾਰੀ ਉਸ ਵਿਅਕਤੀ ਨੂੰ ਫੜ ਕੇ ਮਾਰ-ਕੁੱਟ ਕਰਦੇ ਹੋਏ ਪਹਿਲੀ ਮੰਜ਼ਿਲ ਤੋਂ ਹੇਠਾਂ ਲੈ ਕੇ ਆ ਰਹੇ ਸਨ, ਇਸ ਦੌਰਾਨ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ। ਡਿੱਗਣ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਸ ਦੇ ਤਿੰਨ ਮੁਲਾਜ਼ਮ ਉਸ ਨੂੰ ਮਰਿਆ ਸਮਝ ਕੇ ਮੌਕੇ ਤੋਂ ਚਲੇ ਗਏ।
ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸੰਬੰਧਤ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਸੀ ਤੇ ਸੰਤੁਲਨ ਗੁਆ ਬੈਠਣ ਕਾਰਨ ਖੁਦ ਹੀ ਹੇਠਾਂ ਡਿੱਗ ਗਿਆ। ਪੁਲਸ ਦਾ ਦਾਅਵਾ ਹੈ ਕਿ ਘਟਨਾ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਰਮਿਆਨ ਹਿੰਦੂ ਮਹਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਪਾਠਕ ਨੇ ਪੁਲਸ ਦੀ ਕਾਰਵਾਈ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਲੱਖਾਂ ਰੁਪਏ ਖਰਚ ਕਰਕੇ ਸੜਕ ਸੁਰੱਖਿਆ ਯੋਜਨਾਵਾਂ ਤਿਆਰ ਕਰ ਸਕਦੀ ਹੈ, ਪਰ ਇੱਕ ਜ਼ਖ਼ਮੀ ਵਿਅਕਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਲੱਤ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ, ਉਸ ਨੂੰ ਬਚਾਉਣ ਦੀ ਬਜਾਏ ਪੁਲਸ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆਈ, ਜੋ ਬਹੁਤ ਹੀ ਸ਼ਰਮਨਾਕ ਗੱਲ ਹੈ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇੱਕ ਰਾਜਨੀਤਿਕ ਨੇਤਾ ਵੱਲੋਂ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਦੇ ਚਲਦੇ ਪੁਲਸ ਘਰ ’ਤੇ ਪਹੁੰਚੀ ਅਤੇ ਇਹ ਘਟਨਾ ਵਾਪਰੀ। ਉੱਧਰ ਇਸ ਮਾਮਲੇ ਵਿੱਚ ਐੱਸਐੱਸਪੀ ਬਠਿੰਡਾ ਵੱਲੋਂ ਫਿਲਹਾਲ ਇਹੀ ਕਿਹਾ ਗਿਆ ਹੈ ਕਿ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਡਿੱਗਿਆ ਸੀ। ਹਾਲਾਂਕਿ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਪੁਲਸ ਪ੍ਰਤੀ ਨਾਰਾਜ਼ਗੀ ਸਾਫ਼ ਨਜ਼ਰ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡਾ ਧਮਾਕਾ ਕਰਨ ਦੀ ਤਿਆਰੀ 'ਚ ਬਿਕਰਮ ਮਜੀਠੀਆ, ਭਲਕੇ 4 ਵਜੇ ਸੱਦੀ ਪ੍ਰੈੱਸ ਕਾਨਫਰੰਸ
NEXT STORY