ਲੁਧਿਆਣਾ (ਪੰਕਜ)-ਥਾਣਾ ਮਾਡਲ ਟਾਊਨ ਦੇ ਅਧੀਨ ਪੈਂਦੇ ਆਤਮ ਨਗਰ 'ਚ ਕਾਰੋਬਾਰੀ ਪਰਿਵਾਰ ਵਲੋਂ ਬਿਨਾਂ ਵੈਰੀਫਿਕੇਸ਼ਨ ਕਰਵਾਏ 10 ਦਿਨ ਪਹਿਲਾਂ ਰੱਖੇ ਨੌਕਰ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕੋਠੀ 'ਚ ਇਕੱਲੀ ਬਜ਼ੁਰਗ ਮਾਲਕਣ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟੇ ਤੇ ਫਰਾਰ ਹੋ ਗਏ। ਦੋਸ਼ੀ ਨੌਕਰ ਅਤੇ ਉਸ ਦੇ ਸਾਥੀਆਂ ਦੀ ਤਲਾਸ਼ 'ਚ ਲੱਗੀ ਪੁਲਸ ਨੇ ਦੋਸ਼ੀਆਂ ਦੇ ਸਕੈੱਚ ਤਿਆਰ ਕਰਵਾ ਕੇ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੋਹਾੜਾ 'ਚ ਸਪਿਨਿੰਗ ਮਿੱਲ ਦੇ ਮਾਲਕ ਓਮ ਪ੍ਰਕਾਸ਼ ਜੋ ਕਿ 32 ਆਤਮ ਨਗਰ 'ਚ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ, ਨੇ ਲਗਭਗ 10 ਦਿਨ ਪਹਿਲਾਂ ਹੀ ਆਪਣੀ ਕੋਠੀ 'ਚ ਘਰੇਲੂ ਕੰਮਾਂ ਲਈ ਰਾਜੇਸ਼ ਕੁਮਾਰ ਨਾਂ ਦਾ ਇਕ ਨੌਕਰ ਰੱਖਿਆ ਸੀ। ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਕੋਠੀ 'ਚ ਰੱਖੇ ਰਾਜੇਸ਼ ਨੇ ਚੰਦ ਦਿਨਾਂ 'ਚ ਪਰਿਵਾਰ ਦੇ ਮੈਂਬਰਾਂ ਨੂੰ ਵਿਸ਼ਵਾਸ 'ਚ ਲੈ ਲਿਆ। 15 ਜਨਵਰੀ ਨੂੰ ਹਮੇਸ਼ਾ ਦੀ ਤਰ੍ਹਾਂ ਓਮ ਪ੍ਰਕਾਸ਼ ਆਪਣੀ ਫੈਕਟਰੀ ਲਈ ਨਿਕਲ ਗਿਆ, ਇਸ ਦੌਰਾਨ ਉਨ੍ਹਾਂ ਦੀ ਪਤਨੀ ਸਨੇਹ ਲਤਾ (67) ਘਰ 'ਚ ਇਕੱਲੀ ਰਹਿ ਗਈ। ਪਹਿਲਾਂ ਤੋਂ ਮੌਕੇ ਦੀ ਤਲਾਸ਼ 'ਚ ਬੈਠੇ ਰਾਜੇਸ਼ ਨੇ ਜਦ ਦੇਖਿਆ ਕਿ ਕੋਠੀ 'ਚ ਬਜ਼ੁਰਗ ਮਾਲਕਣ ਦੇ ਇਲਾਵਾ ਹੋਰ ਕੋਈ ਨਹੀਂ ਹੈ ਤਾਂ ਦੁਪਹਿਰ 12 ਵਜੇ ਦੇ ਲਗਭਗ ਉਸ ਨੇ ਆਪਣੇ ਤਿੰਨ ਸਾਥੀਆਂ ਨੂੰ ਕੋਠੀ 'ਚ ਬੁਲਾ ਲਿਆ ਤੇ ਬਜ਼ੁਰਗ ਦੀਆਂ ਬਾਹਾਂ ਅਤੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਉਸ ਨੂੰ ਬੈੱਡਰੂਮ 'ਚ ਬੰਦ ਕਰ ਦਿੱਤਾ ਅਤੇ ਉਸ ਦੇ ਹੱਥਾਂ 'ਚ ਪਾਈਆਂ ਸੋਨੇ ਦੀਆਂ ਚੂੜੀਆਂ, ਕੰਨਾਂ ਦੀਆਂ ਵਾਲੀਆਂ ਤੇ ਮੋਬਾਇਲ ਫੋਨ ਲੁੱਟਣ ਦੇ ਬਾਅਦ ਅਲਮਾਰੀ ਦੀਆਂ ਚਾਬੀਆਂ ਦਾ ਗੁੱਛਾ ਵੀ ਲੁੱਟ ਲਿਆ, ਜਿਸ ਦੇ ਬਾਅਦ ਸਾਰੇ ਦੋਸ਼ੀਆਂ ਨੇ ਅਲਮਾਰੀਆਂ ਖੋਲ੍ਹ ਕੇ ਉਸ 'ਚ ਰੱਖੇ ਬਾਕੀ ਗਹਿਣੇ, ਲੱਖਾਂ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਇਕੱਠਾ ਕੀਤਾ ਅਤੇ ਫਰਾਰ ਹੋ ਗਏ। ਵਾਰਦਾਤ ਤੋਂ ਘਬਰਾਈ ਮਹਿਲਾ ਨੇ ਦੋਸ਼ੀਆਂ ਦੇ ਜਾਣ ਤੋਂ ਬਾਅਦ ਹਿੰਮਤ ਕਰ ਕੇ ਗੁਆਂਢੀਆਂ ਨੂੰ ਬੁਲਾ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੇ ਤੁਰੰਤ ਘਟਨਾ ਦੀ ਸੂਚਨਾ ਮਾਡਲ ਟਾਊਨ ਪੁਲਸ ਨੂੰ ਦਿੱਤੀ।
ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੌਕਰ ਅਤੇ ਉਸ ਦੇ ਸਾਥੀਆਂ ਦੀ ਪਛਾਣ ਕਰਨ ਲਈ ਪੁਲਸ ਨੇ ਕੋਠੀ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੌਕਰ ਦਾ ਪੁਲਸ ਨੇ ਸਕੈੱਚ ਤਿਆਰ ਕਰ ਕੇ ਸਾਰੇ ਥਾਣਿਆਂ ਦੀ ਪੁਲਸ ਨੂੰ ਭੇਜ ਦਿੱਤਾ ਹੈ। ਦੋਸ਼ੀ ਵਲੋਂ ਇਸਤੇਮਾਲ ਕੀਤੇ ਗਏ ਮੋਬਾਇਲ ਫੋਨ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਕੀਨਣ ਦੋਸ਼ੀ ਨੇ ਕੋਠੀ 'ਚ ਕੰਮ ਕਰਨ ਦੌਰਾਨ ਆਪਣਾ ਨਾਂ ਤੇ ਪਤਾ ਗਲਤ ਦੱਸਿਆ ਹੋਵੇਗਾ, ਫਿਰ ਵੀ ਪੁਲਸ ਨੇ ਵੱਖ-ਵੱਖ ਤਰ੍ਹਾਂ ਨਾਲ ਜਾਂਚ ਸ਼ੁਰੂ ਕਰ ਕੇ ਦੋਸ਼ੀਆਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਇਲਾਵਾ ਉਸ ਦੇ ਜਾਣਕਾਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਨਸ਼ਾ ਸਮੱਗਲਿੰਗ ਕਰਦੇ 2 ਜੀਜਿਆਂ ਦੇ ਫੜੇ ਜਾਣ ਤੋਂ ਬਾਅਦ ਸਾਲਾ ਦੁਬਈ ਤੋਂ ਆ ਕੇ ਕਰਨ ਲੱਗਾ ਸਪਲਾਈ
NEXT STORY