ਚੌਕ ਮਹਿਤਾ (ਕੈਪਟਨ) : ਸਥਾਨਕ ਸੇਵਾ ਕੇਂਦਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬੇਖੌਫ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੇਕਰ ਇਸ ਚੋਰੀ ਨੂੰ ਥਾਣਾ ਮਹਿਤਾ ਅੰਦਰ ਹੋਈ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿਉਂਕਿ ਸੇਵਾ ਕੇਂਦਰ ਥਾਣਾ ਮਹਿਤਾ ਤੋਂ ਤਕੀਰਬਨ 50 ਫੁੱਟ ਦੀ ਦੂਰੀ 'ਤੇ ਹੈ। ਚੋਰੀ ਦੀ ਇਸ ਵਾਰਦਾਤ ਨੇ ਥਾਣਾ ਮਹਿਤਾ ਦੀ ਚੌਕਸੀ 'ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਜੇਕਰ ਆਪਣੀ ਸੁਰੱਖਿਆ ਖੁਦ ਨਹੀਂ ਕਰ ਸਕਦੀ ਤਾਂ ਫਿਰ ਆਮ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਦਾਅਵੇ ਕਿਸ ਆਧਾਰ 'ਤੇ ਕਰਦੀ ਹੈ।
ਸੇਵਾ ਕੇਂਦਰ ਦੀ ਇੰਚਾਰਜ ਮੈਡਮ ਨਵਦੀਪ ਕੌਰ ਸੀਨੀਅਰ ਕੰਪਿਊਟਰ ਆਪਰੇਟਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ 8:30 ਵਜੇ ਇੱਥੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਮੁੱਖ ਦਰਵਾਜ਼ੇ ਦੇ ਲੌਕ ਟੁੱਟੇ ਹੋਏ ਸਨ। ਸੇਵਾ ਕੇਂਦਰ ਦੇ ਅੰਦਰ ਲੱਗਾ ਵਿੰਡੋਜ ਏ.ਸੀ., 8 ਯੂ.ਪੀ.ਐੱਸ. ਬੈਟਰੀਆਂ ਤੇ ਇਕ ਜੀਓ ਡੋਂਗਲ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਕੁਝ ਜ਼ਰੂਰੀ ਫਾਈਲਾਂ ਗੁੰਮ ਹੋ ਚੁੱਕੀਆਂ ਹਨ ਅਤੇ ਚੋਰਾਂ ਵੱਲੋਂ ਬਾਇਓਮੈਟ੍ਰਿਕ ਮਸ਼ੀਨ ਵੀ ਤੋੜ ਦਿੱਤੀ ਗਈ ਹੈ। ਇਸ ਸਬੰਧੀ ਐੱਸ. ਐੱਚ. ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ 'ਚ ਰੁੱਝੇ ਹਨ। ਚੋਰੀ ਦੀ ਇਸ ਵਾਰਦਾਤ ਬਾਰੇ ਉਨ੍ਹਾਂ ਨੂੰ ਅਜੇ ਕੋਈ ਖਬਰ ਨਹੀਂ ਹੈ।
ਪੰਜਾਬ ਪੁਲਸ 'ਤੇ ਭਾਰੀ ਪਈ 'ਚੰਡੀਗੜ੍ਹ ਪੁਲਸ', ਕੱਟਿਆ 10 ਹਜ਼ਾਰ ਦਾ ਚਲਾਨ (ਵੀਡੀਓ)
NEXT STORY