ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਵੱਲੋਂ ਬੇਤਰਤੀਬ ਤਰੀਕੇ ਨਾਲ ਲਾਏ ਡਿਸਪੋਜ਼ਲ ਪੰਪ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ। ਇਲਾਕਿਆਂ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਡਿਸਪੋਜ਼ਲ ਪੰਪ ਸ਼ੁਰੂ ਕਰਨ ਉਪਰੰਤ ਸੀਵਰੇਜ ਦੇ ਗੰਦੇ ਦੀਆਂ ਫੁਹਾਰਾਂ ਸੜਕ 'ਤੇ ਜਾਂਦੇ ਰਾਹਗੀਰਾਂ ਉਪਰ ਪੈ ਰਹੀਆਂ ਹਨ।
ਤੁੰਗਾਂਵਾਲੀ ਪੁਲੀ ਮਜੀਠਾ ਰੋਡ ਤੋਂ ਗੰਦੇ ਨਾਲੇ 'ਤੇ ਬਣਾਈ ਨਵੀਂ ਸੜਕ ਦੇ ਕਿਨਾਰੇ ਵੱਡੀ ਪਾਈਪ 'ਚੋਂ ਸੀਵਰੇਜ ਦਾ ਗੰਦਾ ਪਾਣੀ ਸੜਕ ਤੋਂ ਨਿਕਲਦੇ ਰਾਹਗੀਰਾਂ 'ਤੇ ਪੈਂਦਾ ਹੈ। ਲੋਕ ਸਵੇਰੇ ਪਾਠ-ਪੂਜਾ ਕਰ ਕੇ ਕੰਮਾਂ ਲਈ ਨਿਕਲਦੇ ਹਨ ਪਰ ਸੜਕ ਤੋਂ ਨਿਕਲਦੇ ਸਮੇਂ ਗੰਦੇ ਪਾਣੀ ਦੀਆਂ ਬੂੰਦਾਂ ਪੈਣ 'ਤੇ ਕਈ ਲੋਕ ਕੱਪੜੇ ਬਦਲਣ ਲਈ ਵਾਪਸ ਘਰਾਂ ਨੂੰ ਚਲੇ ਜਾਂਦੇ ਹਨ।
ਸ਼ਹਿਰਵਾਸੀ ਮਨਮੀਤ ਸਿੰਘ, ਸੁਰਿੰਦਰ ਸ਼ਰਮਾ, ਦਿਲਬਾਗ ਸਿੰਘ, ਮਨਵਿੰਦਰ ਸਿੰਘ, ਤਲਵਿੰਦਰ ਸਿੰਘ ਭਾਟੀਆ ਤੇ ਕੁਲਤਾਰ ਸਿੰਘ ਨੇ ਕਿਹਾ ਕਿ ਸੀਵਰੇਜ ਦਾ ਪਾਣੀ ਕਈ ਮਹੀਨਿਆਂ ਤੋਂ ਰਾਹਗੀਰਾਂ 'ਤੇ ਪੈ ਰਿਹਾ ਹੈ। ਅਧਿਕਾਰੀਆਂ, ਕਰਮਚਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਜਾ ਰਿਹਾ। ਸੜਕ ਦੇ ਕਿਨਾਰੇ ਗੋਲ ਚਬੂਤਰੇ ਵਿਚ ਵੱਡੀ ਪਾਈਪ ਜ਼ਰੀਏ ਅੰਡਰਗਰਾਊਂਡ ਬਣਾਏ ਵੱਡੇ ਨਾਲੇ ਵਿਚ ਜਾਣ ਵਾਲੇ ਪਾਣੀ ਦੀ ਨਿਕਾਸੀ ਦੌਰਾਨ ਲੋਕਾਂ 'ਤੇ ਪੈਣ ਵਾਲੇ ਗੰਦੇ ਪਾਣੀ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੈ। ਗੋਲ ਚਬੂਤਰੇ 'ਤੇ ਪਾਈਪ ਦੇ ਕਰੀਬ ਪੱਕੇ ਤੌਰ 'ਤੇ ਸੀਮੈਂਟ ਦੀ ਸਲੈਬ ਬਣਾ ਕੇ ਰਖਵਾਈ ਜਾਵੇ ਜਾਂ ਕੋਈ ਹੋਰ ਇੰਤਜ਼ਾਮ ਕਰਵਾਇਆ ਜਾਵੇ।
ਦੀਵਾਰ ਉੱਚੀ ਕਰਵਾ ਦਿਆਂਗੇ : ਐਕਸੀਅਨ “: ਨਗਰ ਨਿਗਮ ਦੇ ਐਕਸੀਅਨ ਤਿਲਕ ਰਾਜ ਜੱਸੜ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਦੇ ਤੇਜ਼ ਪ੍ਰੈਸ਼ਰ ਕਰ ਕੇ ਪਾਣੀ ਜੇਕਰ ਲੋਕਾਂ 'ਤੇ ਪੈਣ ਨਾਲ ਮੁਸ਼ਕਿਲ ਆ ਰਹੀ ਹੈ ਤਾਂ ਗੋਲ ਚਬੂਤਰੇ ਦੀ ਦੀਵਾਰ ਨੂੰ ਹੋਰ ਉੱਚਾ ਕਰਵਾ ਦਿੱਤਾ ਜਾਵੇਗਾ।
ਪਰੇਡ ਦੇਖਣ ਆਏ ਦਰਸ਼ਕਾਂ ਨੂੰ ਚਿੜਾ ਰਿਹਾ 400 ਫੁੱਟ ਉੱਚਾ ਪਾਕਿਸਤਾਨੀ ਝੰਡਾ
NEXT STORY