ਨੂਰਪੁਰਬੇਦੀ (ਭੰਡਾਰੀ)— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ. ਕੇ. ਪੀ. ਸਿੰਘ ਨੇ 14 ਫਰਵਰੀ 2019 'ਚ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਫ਼ੌਜੀ ਕੁਲਵਿੰਦਰ ਸਿੰਘ ਦੀ ਯਾਦ 'ਚ ਬਨਣ ਵਾਲੇ ਯਾਦਗਾਰੀ ਮਾਰਗ ਅਤੇ ਗੇਟ ਦਾ ਅੱਜ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਹਵਾ ਨਾਲ ਭਰੇ ਗੁਬਾਰੇ ਉਡਾ ਕੇ 1 ਕਰੋੜ 69 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ 2.15 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਰਾਣਾ. ਕੇ. ਪੀ. ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਉਨ੍ਹਾਂ ਕਿਹਾ ਕਿ ਉਕਤ ਯਾਦਗਾਰਾਂ ਦਾ ਮਹੱਤਵ ਹੈ ਕਿ ਆਉਣ ਵਾਲੀਆਂ ਨਸਲਾਂ ਸੈਨਿਕਾਂ ਦੇ ਇਸ ਬਲਿਦਾਨ ਨੂੰ ਸਦਾ ਲਈ ਯਾਦ ਰੱਖਣ ਅਤੇ ਜਿਸ ਦੇ ਚੱਲਦਿਆਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਿਆ ਗਿਆ ਅਤੇ ਹੁਣ ਸਰਕਾਰ ਵੱਲੋਂ ਸ਼ਹੀਦ ਦੀ ਯਾਦ 'ਚ ਸੜਕ ਤੇ ਯਾਦਗਾਰੀ ਗੇਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੁਕਤਾਚੀਨੀ ਕਰਨੀ ਬਹੁਤ ਅਸਾਨ ਜਦਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਪਹਿਲੀ ਲੜਾਈ ਕੋਰੋਨਾ ਨਾਲ ਲੜ ਰਹੀ ਹੈ ਅਤੇ ਦੂਜੀ ਲੜਾਈ ਡਰੱਗਜ਼ ਦੇ ਨਾਲ ਜਦਕਿ ਤੀਜੀ ਲੜਾਈ ਦੇਸ਼ ਵਿਰੋਧੀ ਅਨਸਰਾਂ ਨਾਲ ਲੜੀ ਜਾ ਰਹੀ ਹੈ। ਇਸਤੋਂ ਇਲਾਵਾ ਚੌਥੀ ਲੜਾਈ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਗੋਲੀ-ਸਿੱਕਾ ਅਤੇ ਹਥਿਆਰਾਂ ਨੂੰ ਲੈ ਕੇ ਪ੍ਰੋਕਸੀ ਵਾਰ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਸੂਬਾ ਸਰਕਾਰ ਚਾਰੋਂ ਫਰੰਟਾਂ 'ਤੇ ਲੜੀ ਜਾ ਰਹੀ ਲੜਾਈ 'ਚ ਫੈਸਲਾਕੁੰਨ ਜਿੱਤ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਕਹਿੰਦਾ ਹਾਂ ਕਿ ਨਸ਼ੇ ਜੜ੍ਹੋ ਖਤਮ ਹੋਏ ਹਨ ਪਰ ਕਾਫ਼ੀ ਹੱਦ ਤੱਕ ਘਟੇ ਜ਼ਰੂਰ ਹਨ ਜੋ ਹੁਣ ਅਸਾਨੀ ਨਾਲ ਨਹੀਂ ਮਿਲ ਰਹੇ ਹਨ।
ਉਨ੍ਹਾਂ ਕਿਹਾ ਕਿ 20-20 ਦਾ ਮੁੱਦਾ ਲੈ ਕੇ ਖਾਲਿਸਤਾਨੀਆਂ ਨੇ ਜੋ ਕੰਮ ਚੁੱਕਿਆ ਸੀ ਦੇ ਵਿਰੁੱਧ ਵੀ ਕੈਪਟਨ ਸਰਕਾਰ ਲਾਮਬੱਧ ਹੋਈ ਹੈ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਭਰੌਸਾ ਦਿਲਾਇਆ ਕਿ ਭਵਿੱਖ 'ਚ ਜਦੋਂ ਕਦੇ ਵੀ ਸ਼ਹੀਦ ਦੇ ਪਰਿਵਾਰ ਦੀ ਕੋਈ ਵੀ ਮੰਗ ਹੋਵੇਗੀ ਨੂੰ ਹਰ ਹਾਲ 'ਚ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਸਪੀਕਰ ਰਾਣਾ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਕਨੂੰ ਗਰਗ, ਨਗਰ ਪੰਚਾਇਤ ਨੂਰਪੁਰਬੇਦੀ ਦੇ ਸਾਬਕਾ ਪ੍ਰਧਾਨ ਮਾ. ਜਗਨ ਨਾਥ ਭੰਡਾਰੀ, ਸਰਪੰਚ ਗੁਰਵਿੰਦਰ ਸਿੰਘ, ਅਰਜੁਨ ਸਿੰਘ, ਦੇਸਰਾਜ ਸੈਣੀਮਾਜਰਾ, ਬਲਵਿੰਦਰ ਢੀਂਡਸਾ, ਹਰਦਿਆਲ ਖੱਟੜਾ, ਰਾਣਾ ਜੈਨ ਸਿੰਘ, ਹੁਸਨ ਲਾਲ ਚੌਹਾਨ, ਰੋਹਿਤ ਸ਼ਰਮਾ ਸਰਪੰਚ ਅਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਕੁੱਝ ਮਹੀਨੇ ਪਹਿਲਾਂ ਵਿਦੇਸ਼ੋਂ ਪਰਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
NEXT STORY