ਲੁਧਿਆਣਾ (ਰਾਜ): ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਸ਼ਨ ਦੇ ਪਹਿਲੇ ਦਿਨ ਸਕੂਲ ਜਾ ਰਹੀ ਇਕ ਵਿਦਿਆਰਥਣ ਨੂੰ ਉਸ ਦੇ 35 ਸਾਲਾ ਗੁਆਂਢੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਨੇ ਨਾ ਸਿਰਫ਼ ਮਾਸੂਮ ਨੂੰ ਮੌਤ ਦਾ ਡਰ ਦਿਖਾ ਕੇ ਅਗਵਾ ਕੀਤਾ, ਸਗੋਂ ਉਸ ਨੂੰ ਸ਼ਮਸ਼ਾਨਘਾਟ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਜਮਾਲਪੁਰ ਦੀ ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਨੀਰਜ ਕੁਮਾਰ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, 14 ਸਾਲਾ ਵਿਦਿਆਰਥਣ ਬੀਤੀ 1 ਅਪ੍ਰੈਲ ਨੂੰ ਸਵੇਰੇ ਆਪਣੇ ਘਰੋਂ ਸਕੂਲ ਲਈ ਨਿਕਲੀ ਸੀ। ਜਿਉਂ ਹੀ ਉਹ ਮੁਹੱਲੇ ਤੋਂ ਕੁਝ ਦੂਰੀ 'ਤੇ ਪਹੁੰਚੀ ਤਾਂ ਗਲੀ ਵਿਚ ਰਹਿਣ ਵਾਲੇ ਮੁਲਜ਼ਮ ਨੀਰਜ ਕੁਮਾਰ ਨੇ ਉਸ ਦਾ ਰਾਹ ਰੋਕ ਲਿਆ। ਮੁਲਜ਼ਮ ਨੇ ਵਿਦਿਆਰਥਣ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ। ਮੁਲਜ਼ਮ ਕਾਫ਼ੀ ਦੇਰ ਤਕ ਮਾਸੂਮ ਨੂੰ ਰਾਮ ਨਗਰ ਦੀਆਂ ਗਲੀਆਂ ਵਿਚ ਘੁਮਾਉਂਦਾ ਰਿਹਾ ਤੇ ਡਰਾ ਧਮਕਾ ਕੇ ਉਸ 'ਤੇ ਵਿਆਹ ਕਰਨ ਦਾ ਦਬਾਅ ਬਣਾਉਂਦਾ ਰਿਹਾ। ਜਦੋਂ ਵਿਦਿਆਰਥਣ ਨੇ ਰੋਂਦੇ ਹੋਏ ਘਰ ਜਾਣ ਦੀ ਗੁਹਾਰ ਲਗਾਈ ਤਾਂ ਮੁਲਜ਼ਮ ਉਸ ਨੂੰ ਪਿੰਡ ਦੇ ਸ਼ਮਸ਼ਾਨਘਾਟ ਲੈ ਗਿਆ, ਜਿੱਥੇ ਉਸ ਨੇ ਨਾਬਾਲਗਾ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ।
ਦਰਿੰਦਗੀ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਵਿਦਿਆਰਥਣ ਨੂੰ ਮੁਹੱਲੇ ਦੇ ਨੇੜੇ ਸੁੱਟ ਕੇ ਫ਼ਰਾਰ ਹੋ ਗਿਆ। ਜਦੋਂ ਪੀੜਤਾ ਘਰ ਪਹੁੰਚੀ ਤਾਂ ਉਸ ਨੇ ਮਾਂ ਨੂੰ ਹੱਡਬੀਤੀ ਸੁਣਾਈ। ਪਰਿਵਾਰ ਨੇ ਬਿਨਾ ਦੇਰ ਕੀਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਜਮਾਲਪੁਰ ਥਾਣੇ ਦੀ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ।
ਪੰਜਾਬ: ਨੌਜਵਾਨ ਕੁੜੀ ਤੇ 2 ਮੁੰਡਿਆਂ ਦੀ ਅਜਿਹੀ ਹਾਲਤ 'ਚ ਵੀਡੀਓ ਵਾਇਰਲ, ਹਰਕਤ ’ਚ ਆਈ ਪੁਲਸ
NEXT STORY