ਹੁਸ਼ਿਆਰਪੁਰ (ਘੁੰਮਣ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਅੱਜ ਝੋਨੇ ਦੇ ਨਕਲੀ ਬੀਜ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਭੇਜਣ ਲਈ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ 'ਚ ਮੰਗ ਕੀਤੀ ਗਈ ਕਿ ਜਿਹੜੇ ਲੋਕ ਕਿਸਾਨਾਂ ਨਾਲ ਧੋਖਾ ਕਰਦੇ ਰਹੇ ਅਤੇ ਪੀ. ਆਰ-128 ਤੇ ਪੀ. ਆਰ-129 ਦਾ ਡੁਪਲੀਕੇਟ ਬੀਜ ਵੇਚਦੇ ਰਹੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਹ ਬਹੁਤ ਅਜੀਬ ਗੱਲ ਹੈ ਕਿ ਦੋਵੇਂ ਕਿਸਮਾਂ ਦਾ ਬੀਜ ਅਜੇ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਥੋੜ੍ਹੀ-ਥੋੜ੍ਹੀ ਮਿਕਦਾਰ 'ਚ ਕਿਸਾਨਾਂ ਨੂੰ ਸਿੱਧਾ ਸਪਲਾਈ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਸੀ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਹੋਰ ਕਿਸੇ ਵੀ ਸੰਸਥਾ ਜਾਂ ਸਟੋਰ ਕੋਲ ਬੀਜ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਵੇਚਣ ਦੀ ਪ੍ਰਵਾਨਗੀ ਹੈ ਪਰ ਇਹ ਬੀਜ ਸੈਂਕੜੇ ਕੁਇੰਟਲ ਪ੍ਰਾਈਵੇਟ ਸੀਡਜ਼ ਵੇਚਣ ਵਾਲਿਆਂ ਕੋਲ ਕਿਥੋਂ ਆ ਗਿਆ ਅਤੇ ਥੋੜ੍ਹੇ ਦਿਨਾਂ 'ਚ ਹੀ ਇਹ ਬੀਜ ਮਲਟੀਪਲਾਈ ਕਿਵੇਂ ਕਰ ਲਿਆ ਗਿਆ। ਇਹ ਕਿਸੇ ਵਿਗਿਆਨਕ ਤੱਥ 'ਤੇ ਪੂਰਾ ਨਹੀਂ ਉਤਰਦਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਮੰਗ ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਉਕਤ ਸਕੈਂਡਲ ਕਰਨ ਵਾਲਿਆਂ ਨਾਲ ਸਰਕਾਰ ਨਰਮੀ ਵਰਤ ਰਹੀ ਹੈ। ਜਿਸਤੋਂ ਇਹ ਸਾਫ ਹੋ ਰਿਹਾ ਹੈ ਕਿ ਹੁਕਮਰਾਨ ਧਿਰ ਦੀ ਸਿੱਧੀ ਸਿਆਸੀ ਸਰਪ੍ਰਸਤੀ ਅਤੇ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ 20 ਹਜ਼ਾਰ ਪ੍ਰਤੀ ਕੁਇੰਟਲ ਹਜ਼ਾਰਾਂ ਕਰੋੜ ਰੁਪਏ ਦਾ ਘੋਟਾਲਾ ਬੀਜ ਵੇਚਣ ਸਮੇਂ ਕੀਤਾ ਗਿਆ ਹੈ। ਅਕਾਲੀ ਦਲ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਸਚਾਈ ਲੋਕਾਂ ਸਾਹਮਣੇ ਆ ਸਕੇ ਤੇ ਇਸ ਜੁਰਮ ਦੇ ਭਾਗੀਦਾਰਾਂ ਨੂੰ ਸਖਤ ਸਜ਼ਾਵਾਂ ਮਿਲ ਸਕਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਧਿਆਨ 'ਚ ਲਿਆਂਦਾ ਕਿ ਕਾਂਗਰਸ ਸਰਕਾਰ ਬਹੁਤ ਵੱਡੇ-ਵੱਡੇ ਘੋਟਾਲੇ ਕਰ ਰਹੀ ਹੈ ਅਤੇ ਹਜ਼ਾਰਾਂ-ਕਰੋੜਾਂ ਰੁਪਏ ਦਾ ਚੂਨਾ ਸਰਕਾਰੀ ਖਜਾਨੇ ਨੂੰ ਲਗਾਇਆ ਜਾ ਰਿਹਾ ਹੈ। ਸ਼ਰਾਬ ਦੀਆਂ ਫੈਕਟਰੀਆਂ ਰਾਹੀਂ ਘਰੋ-ਘਰੀ ਸ਼ਰਾਬ ਪਹੁੰਚਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਤੇ ਨਕਲੀ ਫੈਕਟਰੀਆਂ ਵੀ ਫੜੀਆਂ ਗਈਆਂ ਹਨ, ਜਿਸ ਨਾਲ ਸੂਬੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਭੇਜੀ ਗਈ ਆਟਾ-ਦਾਲ ਦੀ ਵੰਡ 'ਚ ਵੀ ਬਹੁਤ ਵੱਡਾ ਘਪਲਾ ਹੋਇਆ ਹੈ, ਜਿਸ ਦੀ ਵੀ ਜਾਂਚ ਕਰਵਾਈ ਜਾਵੇ। ਇਹ ਵੀ ਕਿਹਾ ਗਿਆ ਕਿ ਉਪਰੋਕਤ ਮਸਲਿਆਂ ਦੇ ਨਾਲ-ਨਾਲ ਸੂਬੇ ਵਿਚ ਅਤਿ ਮਾੜੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਅੱਜ ਹਰ ਵਰਗ ਕਈ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਹੈ ਪਰ ਸਰਕਾਰ ਇਸਦਾ ਕੋਈ ਹੱਲ ਨਹੀਂ ਕਰ ਰਹੀ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਕਾਲੀ ਦਲ, ਸਰਬਜੋਤ ਸਿੰਘ ਸਾਬੀ ਸਕੱਤਰ ਜਨਰਲ ਯੂਥ ਅਕਾਲੀ ਦਲ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਟਾਂਡਾ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲਾ ਪ੍ਰਧਾਨ ਸ਼ਹਿਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਸੋਹਣ ਸਿੰਘ ਠੰਡਲ ਸਾਬਮਾ ਮੁੱਖ ਪਾਰਲੀਮਾਨੀ ਸਕੱਤਰ, ਕਮਲਜੀਤ ਸਿੰਘ ਤੁਲੀ ਸੀਨੀਅਰ ਅਕਾਲੀ ਆਗੂ ਆਦਿ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
ਮਹੰਤ ਹੁਕਮ ਦਾਸ ਦੇ ਅਕਾਲ ਚਲਾਣੇ ਤੋਂ ਬਾਅਦ ਦੂਸਰੀ ਧਿਰ ਨੇ ਜਤਾਈ ਮਹੰਤੀ ਲਈ ਦਾਅਵੇਦਾਰੀ
NEXT STORY