ਜਲੰਧਰ (ਚਾਵਲਾ)—ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਕਮਿਸ਼ਨ ਵੱਲੋਂ ਮੰਗੇ ਗਏ ਰਿਕਾਰਡ ਨੂੰ ਬਿਨਾਂ ਬਾਦਲ ਦੇ ਡਰ-ਭੈਅ ਦੇ ਸੌਂਪਣ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਕਿ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲੇ ਅਤੇ ਇਸ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਨੰਗੇ ਹੋ ਸਕਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣ ਤੇ ਭਵਿੱਖ ਵਿਚ ਕੋਈ ਵਿਅਕਤੀ ਗੁਰੂ ਸਾਹਿਬ ਦਾ ਨਿਰਾਦਰ ਕਰਨ ਬਾਰੇ ਸੋਚ ਵੀ ਨਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਗੰ੍ਰਥ ਸਾਹਿਬ ਜੀ ਦਾ ਸਤਿਕਾਰ ਅਤੇ ਸਿੱਖ ਰਹਿਤ ਮਰਿਯਾਦਾ ਦਾ ਪਾਲਣ ਕਰਵਾਉਣਾ ਹੀ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਹੈ। ਅੱਜ ਸਿੱਖ ਪੰਥ-ਕੌਮ ਲਈ ਇਕ ਇਤਿਹਾਸਕ ਘੜੀ ਹੈ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ ਤੇ ਜੇਕਰ ਪ੍ਰੋ. ਬਡੂੰਗਰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਮੌਕੇ ਤੋਂ ਖੁੰਝ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੇ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਸ. ਸਰਨਾ ਨੇ ਕਿਹਾ ਕਿ ਪ੍ਰੋ. ਬਡੂੰਗਰ ਨਿਸ਼ਚਾ ਕਰਨ ਕਿ ਉਹ ਪੜਤਾਲੀਆ ਕਮਿਸ਼ਨ ਦਾ ਸਹਿਯੋਗ ਕਰਨਗੇ ਅਤੇ ਉਹ ਸਾਰੇ ਦਸਤਾਵੇਜ਼ ਨਸ਼ਰ ਕਰਨਗੇ ਕਿ ਬਲਾਤਕਾਰੀ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ ਕਰਨ ਤੋਂ ਬਾਅਦ ਲੱਖਾਂ ਰੁਪਏ ਦੇ ਇਸ਼ਤਿਹਾਰ ਕਿਸ ਦੇ ਇਸ਼ਾਰੇ 'ਤੇ ਛਾਪੇ ਗਏ ਸਨ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਪ੍ਰੋ. ਬਡੂੰਗਰ ਆਪਣੀ ਪ੍ਰਧਾਨਗੀ ਬਚਾਉਣ ਅਤੇ ਅਗਲੀ ਪ੍ਰਧਾਨਗੀ ਪੱਕੀ ਕਰਨ ਖਾਤਿਰ ਗੁਰੂ ਤੋਂ ਬੇਮੁਖ ਹੋ ਕੇ ਬਾਦਲ ਦਾ ਹੁਕਮ ਮੰਨ ਰਹੇ ਹਨ।
ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਤਾਂ ਆਪਣੀ ਕਾਰਜਸ਼ੈਲੀ ਨਾਲ ਕੌਮ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਲਈ ਬਾਦਲ ਪਰਿਵਾਰ ਦਾ ਆਦੇਸ਼ ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਵੱਡਾ ਹੈ। ਇਸ ਤੋਂ ਇਲਾਵਾ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਿਕਾਰਡ ਪੜਤਾਲੀਆ ਕਮਿਸ਼ਨ ਨੂੰ ਸੌਂਪਿਆ ਜਾਂਦਾ ਹੈ ਤਾਂ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਲਾਤਕਾਰੀ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਵਾਲੇ ਦਸਤਾਵੇਜ਼ ਵੀ ਨਸ਼ਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਇਸ ਗੱਲ ਦਾ ਵੀ ਖਤਰਾ ਹੈ ਕਿ ਉਨ੍ਹਾਂ ਦਾ ਰਾਜ਼ ਖੁੱਲ੍ਹ ਜਾਵੇਗਾ ਕਿ ਉਨ੍ਹਾਂ ਨੇ ਬਹਿਬਲ ਕਲਾਂ 'ਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਪੁਲਸ ਵਾਲਿਆਂ ਨੂੰ ਕਿਸ ਦੇ ਇਸ਼ਾਰੇ 'ਤੇ ਛੱਡ ਦਿੱਤਾ ਸੀ? ਤੇ ਗੁਰੂ ਸਾਹਿਬ ਦਾ ਨਿਰਾਦਰ ਕਰਨ ਤੇ ਇਸ ਦੀ ਸਾਜ਼ਿਸ਼ ਰਚਣ ਵਾਲੇ ਕਿਉਂ ਨਹੀਂ ਫੜੇ ਗਏ ਸਨ? ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਆਪਣੇ ਪਾਜ ਖੁੱਲ੍ਹਣ ਦਾ ਭੈਅ ਸਤਾ ਰਿਹਾ ਹੈ, ਜਿਸ ਕਾਰਨ ਉਹ ਕਿਸੇ ਵੀ ਕੀਮਤ 'ਤੇ ਆਨੇ-ਬਹਾਨੇ ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਪੜਤਾਲੀਆ ਕਮਿਸ਼ਨ ਨੂੰ ਦੇਣ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਕੇਸ ਅਦਾਲਤ ਵਿਚ ਪਹੁੰਚੇਗਾ ਤਾਂ ਉਸ ਸਮੇਂ ਸ. ਕ੍ਰਿਪਾਲ ਸਿੰਘ ਬਡੂੰਗਰ ਅਦਾਲਤ ਦੇ ਹੁਕਮਾਂ ਨੂੰ ਮੰਨਣਗੇ ਜਾਂ ਫਿਰ ਬਾਦਲ ਦੇ ਹੁਕਮਾਂ ਨੂੰ? ਸ. ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਗੁਰੂ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਣ ਦਾ ਚੇਤਾ ਕਰਾਉਂਦਿਆਂ ਪੜਤਾਲੀਆ ਕਮਿਸ਼ਨ ਨੂੰ ਸਹਿਯੋਗ ਅਤੇ ਲੋੜੀਂਦਾ ਰਿਕਾਰਡ ਸੌਂਪਣ ਦੀ ਅਪੀਲ ਕੀਤੀ।
ਫਗਵਾੜਾ-ਗੁਰਾਇਆ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 1 ਦੀ ਮੌਤ (ਤਸਵੀਰਾਂ)
NEXT STORY