ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ’ਚ ਲਾਵਾਰਸ ਲਾਸ਼ਾਂ ਦੇ ਲੰਬੇ ਸਮੇਂ ਤੱਕ ਮੁਰਦਾਘਰ ’ਚ ਪਏ ਰਹਿਣ ਦੇ ਮਾਮਲੇ ਦਾ ਨੋਟਿਸ ਲਿਆ ਹੈ। ਚੇਅਰਮੈਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਗੁਰਬੀਰ ਸਿੰਘ ਵਾਲੇ ਕਮਿਸ਼ਨ ਨੇ 2 ਅਗਸਤ ਨੂੰ ਪ੍ਰਾਪਤ ਸ਼ਿਕਾਇਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫਾਰੈਂਸਿਕ ਮੈਡੀਸਿਨ ਵਿਭਾਗ ਦੇ ਪ੍ਰੋਫੈਸਰ ਡਾ. ਸ਼ਿਲੇਖ ਮਿੱਤਲ ਵੱਲੋਂ ਭੇਜੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਇਹ ਹਸਪਤਾਲ ਇਕ ਸਥਾਨਕ ਸਿਹਤ ਦੇਖਭਾਲ ਕੇਂਦਰ ਹੈ, ਜਿੱਥੇ ਗੰਭੀਰ ਮਰੀਜ਼ਾਂ ਨੂੰ ਰੈਫ਼ਰ ਕੀਤਾ ਜਾਂਦਾ ਹੈ।
ਮਰੀਜ਼ਾਂ ਦੀ ਮੌਤ ਹੋਣ ’ਤੇ ਸਨਮਾਨਜਨਕ ਸਸਕਾਰ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਸਮੇਂ ਮੁਰਦਾਘਰ ’ਚ ਤਿੰਨ ਅਣਪਛਾਤੀਆਂ ਲਾਸ਼ਾਂ ਕਈ ਦਿਨਾਂ ਤੋਂ ਪਈਆਂ ਹਨ, ਜੋ ਸਨਮਾਨਜਨਕ ਅੰਤਿਮ ਰਸਮਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਪੁਲਸ ਅੰਤਿਮ ਰਸਮਾਂ ਤੇ ਪੋਸਟ ਮਾਰਟਮ ਲਈ ਲੋੜੀਂਦੇ ਜ਼ਰੂਰੀ ਪੇਪਰ ਪੇਸ਼ ਕਰਨ ਤੋਂ ਅਸਮਰੱਥ ਹੁੰਦੀ ਹੈ, ਜਿਸ ਕਾਰਨ ਇਨ੍ਹਾਂ ਤਿੰਨ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਸੰਭਵ ਨਹੀਂ ਹੋ ਸਕਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨ ਨੇ ਫ਼ਰੀਦਕੋਟ ਦੇ ਐੱਸ. ਐੱਸ. ਪੀ. ਤੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੀ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਆਪਣੀਆਂ ਵਿਸਥਾਰਤ ਰਿਪੋਰਟਾਂ ਪੇਸ਼ ਕਰਨ। ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ।
ਪਰਿਵਾਰ ਨਾਲ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੇ ਨਵਜੋਤ ਸਿੱਧੂ, ਮਸਤੀ ਕਰਦਿਆਂ ਦੀ ਵੀਡੀਓ ਕੀਤੀ ਸਾਂਝੀ
NEXT STORY