ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟਿਆਲਾ ਵਿਖੇ 6 ਨਵੰਬਰ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਮੁੱਖ ਸਕੱਤਰ ਅਤੇ ਸਕੱਤਰ ਦੀਆਂ ਤਰੱਕੀਆਂ ਸਬੰਧੀ ਛਪੀਆਂ ਗੁੰਮਰਾਹਕੁੰਨ ਖਬਰਾਂ ਨੇ ਪੰਥਕ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਸ ਸਬੰਧੀ ਕੁਝ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕੀਆਂ ਸ਼ਖਸੀਅਤਾਂ ਅਤੇ ਵਿਦਵਾਨਾਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ 'ਚ ਸਕੱਤਰ ਦੇ ਅਹੁਦੇ ਲਈ ਜਮਾਤਾਂ ਨਾਲੋਂ ਤਜਰਬੇ 'ਤੇ ਕੰਮ ਕਰਨ ਦੀ ਭਾਵਨਾ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ ਅਧਿਕਾਰੀ ਆਪਣੀ ਸੀਨੀਆਰਟੀ ਤੇ ਤਜਰਬੇ ਦੇ ਆਧਾਰ 'ਤੇ ਸਮੇਂ-ਸਮੇਂ ਤਰੱਕੀ ਹਾਸਲ ਕਰ ਰਹੇ ਹਨ। ਉਨ੍ਹਾਂ 'ਤੇ ਭਰਤੀ ਹੋਣ ਸਮੇਂ ਦੇ ਨਿਯਮ ਲਾਗੂ ਹੁੰਦੇ ਹਨ ਜੋ ਨਿਯਮ ਅਖਬਾਰਾਂ 'ਚ ਦੱਸੇ ਜਾ ਰਹੇ ਹਨ ਉਹ ਕੇਵਲ ਸਿੱਧੇ ਤੌਰ 'ਤੇ ਸਕੱਤਰ ਦੀ ਨਵੀਂ ਨਿਯੁਕਤੀ ਲਈ ਹਨ।
ਸ਼੍ਰੋਮਣੀ ਕਮੇਟੀ ਅਨੁਸਾਰ ਵੈਸੇ ਵੀ ਐੱਸ. ਜੀ. ਪੀ. ਸੀ. 'ਚ ਪਿਛਲੇ 4 ਦਹਾਕਿਆਂ ਦੇ ਪ੍ਰਸ਼ਾਸਕੀ ਢਾਂਚੇ 'ਤੇ ਨਜ਼ਰ ਮਾਰੀ ਜਾਵੇ ਤਾਂ ਸ਼ਾਇਦ ਹੀ ਕੋਈ ਘੱਟ ਤਜਰਬੇ 'ਤੇ ਵੱਧ ਪੜ੍ਹਾਈ ਵਾਲਾ ਇਸ ਅਹੁਦੇ 'ਤੇ ਪੁੱਜਾ ਹੋਵੇ। ਜੇਕਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਸਵ. ਪ੍ਰਧਾਨ ਸੰਤ ਚੰਨਣ ਸਿੰਘ ਤੇ ਜਥੇ. ਗੁਰਚਰਨ ਸਿੰਘ ਟੌਹੜਾ ਦੇ ਲੰਮਾ ਸਮਾਂ ਨਿੱਜੀ ਸਕੱਤਰ ਦੇ ਅਹੁਦੇ 'ਤੇ ਰਹੇ ਅਬਿਨਾਸ਼ੀ ਸਿੰਘ ਜਿਨ੍ਹਾਂ ਦੀ ਕਾਬਲੀਅਤ ਦਾ ਉਨ੍ਹਾਂ ਦੇ ਸਾਥੀ ਅੱਜ ਵੀ ਲੋਹਾ ਮੰਨਦੇ ਹਨ, ਉਹ ਮੈਟ੍ਰਿਕ ਪਾਸ ਵੀ ਨਹੀਂ ਸਨ। 1997 'ਚ ਜਥੇ. ਟੌਹੜਾ ਦੇ ਪ੍ਰਧਾਨਗੀ ਸਮੇਂ ਜਦੋਂ ਸ. ਸੁਖਦੇਵ ਸਿੰਘ ਭੌਰ ਕਾਰਜਕਾਰੀ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਖੁਦ ਤਜਰਬੇ ਦੇ ਆਧਾਰ 'ਤੇ ਸੁਰਜੀਤ ਸਿੰਘ ਨੂੰ ਸਕੱਤਰ ਪਦ ਉੱਨਤ ਕੀਤਾ ਇਹ ਵੀ ਉਸ ਸਮੇਂ ਜਦੋਂ ਸ਼੍ਰੋਮਣੀ ਕਮੇਟੀ 'ਚ ਇਕ ਹੀ ਸਕੱਤਰ ਸਾਰਾ ਕੰਮਕਾਜ ਦੇਖਦਾ ਸੀ ਅਤੇ ਉਨ੍ਹਾਂ ਵਲੋਂ ਕੀਤੇ ਕਾਰਜ ਅਤੇ ਬਣਾਏ ਬਜਟ ਦਾ ਸ਼ਾਇਦ ਅੱਜ ਕੋਈ ਪੜ੍ਹਿਆ ਲਿਖਿਆ ਸਕੱਤਰ ਵੀ ਮੁਕਾਬਲਾ ਨਾ ਕਰ ਸਕਦਾ ਹੋਵੇ, ਉਹ ਵੀ ਮੈਟ੍ਰਿਕ ਪਾਸ ਹੀ ਸਨ।
ਉਨ੍ਹਾਂ ਤੋਂ ਬਾਅਦ ਕੁਲਵੰਤ ਸਿੰਘ ਰੰਧਾਵਾ ਤੇ ਹਰਬੇਅੰਤ ਸਿੰਘ ਵੀ ਮੈਟ੍ਰਿਕ ਪਾਸ ਹੀ ਸਨ ਜੋ ਤਰੱਕੀ ਮਿਲਣ 'ਤੇ ਸਕੱਤਰ ਬਣੇ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਬਾਖੂਬੀ ਚਲਾਇਆ। ਇਥੇ ਹੀ ਬਸ ਨਹੀਂ ਰਘਬੀਰ ਸਿੰਘ ਰਾਜਾਸਾਂਸੀ ਅਤੇ ਰਣਬੀਰ ਸਿੰਘ ਵੀ ਮੈਟ੍ਰਿਕ ਪਾਸ ਹੀ ਸਨ ਅਤੇ ਸਰਵਿਸ ਤੇ ਸੀਨੀਆਰਟੀ ਨਾਲ ਹੀ ਸਕੱਤਰ ਤਰੱਕੀ ਮਿਲਣ ਉਪਰੰਤ ਸੇਵਾਮੁਕਤ ਹੋਏ ਜਿਸ ਮਤਾ ਨੰਬਰ.267/2009 ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ ਉਸ ਮਤੇ ਤੋਂ ਬਾਅਦ ਹੀ ਸਤਬੀਰ ਸਿੰਘ ਜੋ ਮੈਟ੍ਰਿਕ ਪਾਸ ਸਨ ਪਦਉੱਨਤ ਹੋ ਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਣੇ। ਜਿਥੋਂ ਤੱਕ ਵੱਧ ਪੜ੍ਹੇ ਲਿਖੇ ਸਕੱਤਰਾਂ ਦੀ ਗੱਲ ਹੈ ਉਨ੍ਹਾਂ 'ਚ ਡਾ. ਗੁਰਬਚਨ ਸਿੰਘ ਬਚਨ ਅਤੇ ਹਰਚਰਨ ਸਿੰਘ ਮੁੱਖ ਸਕੱਤਰ ਪ੍ਰਬੰਧ ਨੂੰ ਕਿੰਨਾ ਕੁ ਸਮਾਂ ਚਲਾ ਸਕੇ ਹਨ ਇਸ ਤੋਂ ਸਮੁੱਚਾ ਸਿੱਖ ਜਗਤ ਭਲੀ ਪ੍ਰਕਾਰ ਜਾਣੂ ਹੈ।
ਮਤਾ ਨੰ.267 ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦਾ ਹੈ ਨਾ ਕਿ ਕਿਸੇ ਗੁਰਦੁਆਰਾ ਐਕਟ ਦੀ ਧਾਰਾ ਜਿਸ ਦੀ ਉਲੰਘਣਾ ਹੋਈ ਹੋਵੇ ਅਤੇ ਇਹ ਪਦਉੱਨਤੀਆਂ ਵੀ ਅੰਤਿੰ੍ਰਗ ਕਮੇਟੀ ਵਲੋਂ ਹੀ ਕੀਤੀਆਂ ਗਈਆਂ ਹਨ। ਜਿਥੋਂ ਤੱਕ ਸਕੱਤਰ ਦੀ ਯੋਗਤਾ ਐੱਮ. ਏ. ਪਾਸ ਦੀ ਗੱਲ ਹੈ ਇਹ ਕੇਵਲ ਨਵੀਂ ਨਿਯੁਕਤੀ ਲਈ ਹੈ ਤਜਰਬੇ ਅਤੇ ਸੀਨੀਆਰਟੀ ਨਾਲ ਪਦਉੱਨਤ ਹੋਣ ਵਾਲੇ ਅਧਿਕਾਰੀਆਂ ਲਈ ਨਹੀਂ। ਜਿਵੇਂ ਸ਼੍ਰੋਮਣੀ ਕਮੇਟੀ 'ਚ 'ਹੀ ਨਹੀਂ ਬਲਕਿ ਸਰਕਾਰੀ ਅਦਾਰਿਆ 'ਚ ਵੀ ਉਦਾਹਰਨ ਵਜੋਂ ਪਟਵਾਰੀ ਵਰਗੀ ਪੋਸਟ ਤੋਂ ਤਜਰਬੇ ਤੇ ਸੀਨੀਆਰਟੀ ਦੇ ਆਧਾਰ 'ਤੇ ਤਹਿਸੀਲਦਾਰ ਅਤੇ ਐੱਸ. ਡੀ. ਐੱਮ. ਦੇ ਅਹੁਦੇ ਤੱਕ ਵੀ ਪਦ ਉੱਨਤੀਆਂ ਹੁੰਦੀਆਂ ਹਨ ਜਿਨ੍ਹਾਂ ਲਈ ਪੀ. ਸੀ. ਐੱਸ. ਦਾ ਟੈਸਟ ਪਾਸ ਕਰਨਾ ਜ਼ਰੂਰੀ ਨਹੀਂ। ਜੇਕਰ ਪੜ੍ਹਾਈ ਨੂੰ ਹੀ ਆਧਾਰ ਮੰਨਿਆ ਜਾਂਦਾ ਹੋਵੇ ਤਾਂ ਪਿਛਲੇ ਸਮੇਂ ਪੰਜਾਬ ਪੁਲਸ 'ਚ ਭਰਤੀ ਹੋਏ ਬਹੁਤ ਸਾਰੇ ਸਿਪਾਹੀ ਪੋਸਟ ਗ੍ਰੈਜੂਏਟ ਹਨ ਜਦਕਿ ਥਾਣਿਆਂ 'ਚ ਲੱਗੇ ਐੱਸ.ਐੱਚ.ਓ. ਗ੍ਰੈਜੂਏਟ ਅਤੇ ਮੈਟ੍ਰਿਕ ਪਾਸ ਵੀ ਹਨ ਜੋ ਲੰਮੇ ਤਜਰਬੇ ਤੋਂ ਬਾਅਦ ਲੱਗੇ ਹਨ ਤਾਂ ਕੀ ਸੀਨੀਆਰਟੀ ਨੂੰ ਛਿੱਕੇ 'ਤੇ ਟੰਗ ਕੇ ਨਵੇਂ ਸਿਪਾਹੀਆਂ ਨੂੰ ਉਨ੍ਹਾਂ ਉੱਪਰ ਲਗਾਇਆ ਜਾ ਸਕਦਾ ਹੈ? ਉਨ੍ਹਾਂ ਅਨੁਸਾਰ ਜਿਥੋਂ ਤੱਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੀ ਗੱਲ ਹੈ, ਉਨ੍ਹਾਂ ਨੇ ਪ੍ਰਬੰਧਕੀ ਢਾਂਚੇ ਨੂੰ ਚੁਸਤ-ਦਰੁਸਤ ਬਣਾਉਣ, ਧਰਮ ਪ੍ਰਚਾਰ 'ਚ ਆਈ ਖੜੌਤ ਨੂੰ ਤੋੜਨ ਅਤੇ ਸਿੱਖੀ ਦੀ ਪਛਾਣ ਸਬੰਧੀ ਮਸਲਿਆਂ ਨੂੰ ਕੌਮੀ ਪੱਧਰ 'ਤੇ ਬਾਖੂਬੀ ਉਭਾਰਿਆ ਹੈ। ਸ਼੍ਰੋਮਣੀ ਕਮੇਟੀ ਦੇ ਰਿਕਾਰਡ ਅਨੁਸਾਰ ਹੁਣ ਤੱਕ ਦੇ ਰਹੇ ਪ੍ਰਧਾਨਾਂ 'ਚੋਂ ਜਥੇ. ਜਗਦੇਵ ਸਿੰਘ ਤਲਵੰਡੀ ਸਭ ਤੋਂ ਘੱਟ ਪੜ੍ਹੇ-ਲਿਖੇ ਸਨ ਪਰ ਉਨ੍ਹਾਂ ਸ਼ਰਧਾ ਤੇ ਸਮਰਪਣ ਭਾਵਨਾ ਨਾਲ ਪ੍ਰਬੰਧ ਨੂੰ ਬਾਖੂਬੀ ਚਲਾਇਆ। ਇਸੇ ਤਰ੍ਹਾਂ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਭ ਤੋਂ ਵੱਧ ਪੜ੍ਹੇ-ਲਿਖੇ, ਵਿਦਵਾਨ, ਸ਼ਰਧਾਵਾਨ ਤੇ ਕੁਸ਼ਲ ਪ੍ਰਬੰਧਕ ਸਾਬਤ ਹੋਏ ਹਨ ਜਿਨ੍ਹਾਂ ਦੀ ਪ੍ਰਧਾਨਗੀ 'ਚ ਲਏ ਫੈਸਲਿਆਂ ਨੂੰ ਬੇਲੋੜਾ ਕਹਿਣਾ ਸਿੱਖ ਜਗਤ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਉਣ ਦੇ ਤੁਲ ਹੈ।
ਖੇਤਰ 'ਤੇ ਕਬਜ਼ਾ ਕਰਨ ਲਈ ਕਿੰਨਰਾਂ ਵਲੋਂ ਸਾਥੀ ਕਿੰਨਰ 'ਤੇ ਕਾਤਲਾਨਾ ਹਮਲਾ
NEXT STORY