ਦਸੂਹਾ (ਝਾਵਰ)— ਬੀਤੀ ਰਾਤ ਸ਼ਹਿਰ ਦੇ ਕਸਬਾ ਮੁਹੱਲਾ ਇਮਲੀ ਚੌਕ ਤੋਂ ਪਾਣੀ ਵਾਲੀ ਟੈਂਕੀ ਤੱਕ ਚੋਰਾਂ ਨੇ 5 ਦੁਕਾਨਾਂ ਦੇ ਤਾਲੇ ਤੋੜੇ। ਉਕਤ ਪੰਜਾਂ ਦੁਕਾਨਾਂ 'ਚੋਂ ਇਕ ਮਠਿਆਈਆਂ ਦੀ ਦੁਕਾਨ ਦੇ ਮਾਲਕ ਜੋਤੀ ਰਾਮ ਪੁੱਤਰ ਬਨਾਰਸੀ ਦਾਸ ਨੇ ਦੱਸਿਆ ਕਿ ਚੋਰ ਗੱਲੇ 'ਚੋਂ 500 ਰੁਪਏ ਅਤੇ ਹੋਰ ਸਾਮਾਨ ਲੈ ਗਏ। ਕ੍ਰਿਸ਼ਨ ਕਰਿਆਨਾ ਸਟੋਰ ਦੇ ਮਾਲਕ ਕਿਸ਼ਨ ਕੁਮਾਰ ਪੁੱਤਰ ਦੁਰਗਾ ਦਾਸ ਨੇ ਦੱਸਿਆ ਕਿ ਚੋਰ ਜਦੋਂ ਦੁਕਾਨ ਦੇ ਤਾਲੇ ਤੋੜ ਰਹੇ ਸਨ ਤਾਂ ਗੁਆਂਢੀ ਜਾਗ ਗਏ। ਉਨ੍ਹਾਂ ਦੇ ਰੌਲਾ ਪਾਉਣ 'ਤੇ ਚੋਰ ਦੌੜ ਗਏ। ਇਸ ਸਮੇਂ ਇਕ ਕਾਲੇ ਸ਼ੀਸ਼ਿਆਂ ਵਾਲੀ ਕਾਰ ਵੀ ਤੇਜ਼ ਰਫਤਾਰ ਜਾਂਦੀ ਦੇਖੀ ਗਈ।
ਕੋਮਲ ਬੁਟੀਕ ਦੀ ਮਾਲਕਣ ਕੋਮਲ ਪਤਨੀ ਸੁਰਿੰਦਰ ਨੇ ਦੱਸਿਆ ਕਿ ਤਾਲਾ ਤੋੜ ਕੇ ਫਰੋਲਾ-ਫਰਾਲੀ ਕਰਨ ਉਪਰੰਤ ਚੋਰ ਕੁਝ ਨਕਦੀ ਚੋਰੀ ਕਰਨ 'ਚ ਕਾਮਯਾਬ ਹੋ ਗਏ। ਇਸ ਤੋਂ ਇਲਾਵਾ ਰਾਜਨ ਕਾਲੀਆ ਪੁੱਤਰ ਰਮੇਸ਼ ਕਾਲੀਆ ਦੀ ਕਰਿਆਨੇ ਦੀ ਦੁਕਾਨ ਦੇ ਵੀ ਸ਼ਟਰ ਤੋੜੇ ਗਏ। ਇਕ ਹੋਰ ਦੁਕਾਨਦਾਰ ਕੀਮਤੀ ਲਾਲ ਪੁੱਤਰ ਕਿਸ਼ਨ ਲਾਲ ਦੀ ਦੁਕਾਨ ਦੇ ਵੀ ਚੋਰਾਂ ਨੇ ਤਾਲੇ ਤੋੜੇ ਅਤੇ ਚੋਰ ਗੱਲਿਆਂ 'ਚ ਪਏ ਪੈਸੇ ਕੱਢ ਕੇ ਲੈ ਗਏ। ਪੰਜ ਦੁਕਾਨਾਂ ਦੇ ਇਕੱਠੇ ਤਾਲੇ ਤੋੜ ਕੇ ਚੋਰੀਆਂ ਕਰਨ ਕਾਰਨ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਕਸਬਾ ਮੁਹੱਲੇ 'ਚ ਸਟਰੀਟ ਲਾਈਟਾਂ ਨਾ ਹੋਣ ਕਾਰਨ ਚੋਰੀਆਂ ਹੁੰਦੀਆਂ ਹਨ। ਪਹਿਲਾਂ ਵੀ ਇਥੇ ਕਈ ਘਰਾਂ 'ਚ ਚੋਰੀਆਂ ਹੋ ਚੁੱਕੀਆਂ ਹਨ। ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੁਕਾਨਦਾਰਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਫਿਰ ਵੀ ਮੁਲਾਜ਼ਮ ਮੌਕੇ 'ਤੇ ਭੇਜ ਰਹੇ ਹਾਂ।
ਰਾਮ ਰਹੀਮ ਦੇ ਸਿਰ 'ਤੇ ਲਟਕ ਰਹੀ ਦੋ ਹੋਰ ਕਤਲ ਕੇਸਾਂ ਦੀ ਤਲਵਾਰ, ਫੈਸਲਾ ਜਲਦੀ
NEXT STORY