ਜੈਂਤੀਪੁਰ, (ਬਲਜੀਤ)- ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਮਹਿਤਾ ਭਰਾਵਾਂ ਦੇ ਆਪਸੀ ਝਗੜੇ ਵਿਚ ਆਮ ਦੁਕਾਨਦਾਰ ਪਿਸ ਰਹੇ ਹਨ। ਜ਼ਿਕਰਯੋਗ ਹੈ ਕਿ ਦਿਹਾਤੀ ਇਲਾਕਿਆਂ ਵਿਚ ਪੁਲਸ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਬਿਨਾਂ ਕਿਸੇ ਅਦਾਲਤੀ ਹੁਕਮਾਂ ਦੇ ਦੁਕਾਨਦਾਰਾਂ ਤੋਂ ਧੱਕੇ ਨਾਲ ਮਾਲ ਚੁੱਕਿਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਸਬਾ ਜੈਂਤੀਪੁਰ ਵਿਖੇ ਇਕ ਦੁਕਾਨਦਾਰ ਪਾਸੋਂ ਮਹਿਤਾ ਛਾਪ ਖਲ ਦੀਆਂ 36 ਬੋਰੀਆਂ ਧੱਕੇ ਨਾਲ ਚੁੱਕ ਲਈਆਂ ਗਈਆਂ। ਜਦੋਂ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਪੁਲਸ ਕੋਲੋਂ ਇਸ ਕਾਰਵਾਈ ਸਬੰਧੀ ਅਦਾਲਤੀ ਹੁਕਮ ਜਾਂ ਕੋਈ ਹੋਰ ਆਦੇਸ਼ ਦਿਖਾਉਣ ਦੀ ਮੰਗ ਕੀਤੀ ਤਾਂ ਪੁਲਸ ਪਾਰਟੀ ਦੇ ਕਰਮਚਾਰੀਆਂ ਨੇ ਦੁਕਾਨਦਾਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਜੇ ਸਾਡੀ ਇਸ ਕਾਰਵਾਈ ਵਿਚ ਕੋਈ ਅੱਗੇ ਆਇਆ ਤਾਂ ਤੁਹਾਡੇ ਖਿਲਾਫ ਵੀ ਪਰਚਾ ਦਰਜ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਪੱਤਰਕਾਰਾਂ ਵੱਲੋਂ ਪੁਲਸ ਪਾਰਟੀ ਨੂੰ ਪੁੱਛਿਆ ਗਿਆ ਕਿ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਜਾਅਲੀ ਮਹਿਤਾ ਛਾਪ ਮਾਰਕੇ ਦੀ ਖਲ ਵੇਚਣ ਕਰ ਕੇ ਕੀਤੀ ਜਾ ਰਹੀ ਹੈ ਅਤੇ ਇਹ ਕਾਰਵਾਈ ਪੁਲਸ ਦੇ ਉੱਚ ਅਧਿਕਾਰੀਆਂ ਦੀ ਪਾਲਣਾ ਹਿੱਤ ਕੀਤੀ ਜਾ ਰਹੀ ਹੈ।
ਪੀੜਤ ਮਹਿਤਾ ਭਰਾ ਸੁਖਦੇਵ ਸਿੰਘ ਤੇ ਵਰਿਆਮ ਸਿੰਘ ਨੇ ਦੋਸ਼ ਲਾਏ ਕਿ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਜਦਕਿ ਇਸ ਮਾਮਲੇ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਅਦਾਲਤੀ ਕੇਸ ਦੇ ਫੈਸਲੇ ਤੋਂ ਪਹਿਲਾਂ ਹੀ ਪੁਲਸ ਵੱਲੋਂ ਪੈਸੇ ਲੈ ਕੇ ਸਾਡੇ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਐੱਸ. ਪੀ. ਇਨਵੈਸਟੀਗੇਸ਼ਨ ਵੱਲੋਂ ਜਾਂਚ ਕਰ ਕੇ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪੁਲਸ ਸਾਡੇ ਭਰਾ ਬਲਦੇਵ ਸਿੰਘ ਨਾਲ ਮਿਲ ਕੇ ਸਾਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਸਾਡੀਆਂ ਦੁਕਾਨਾਂ ਤੋਂ ਮਾਲ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅੱਜ ਤੱਕ ਸਾਡੀਆਂ ਖੋਹਾਲੀ, ਛਹਿਰਾਟਾ, ਨਰੈਣਗੜ੍ਹ, ਬਾਉਲੀ, ਖੁਜ਼ਾਲਾ, ਭੱਟੀਕੇ, ਮੱਤੇਵਾਲ, ਬੁੱਟਰ, ਜੇਠੂਵਾਲ, ਝੰਡੇ ਅਤੇ ਜੈਂਤੀਪੁਰ ਤੋਂ 36 ਬੋਰੀਆਂ ਖਲ ਜ਼ਬਰਦਸਤੀ ਚੁੱਕੀ ਗਈ। ਉਨ੍ਹਾਂ ਕਿਹਾ ਕਿ ਪੁਲਸ ਸਾਨੂੰ ਆਰਥਕ ਤੌਰ 'ਤੇ ਕਮਜ਼ੋਰ ਕਰਨਾ ਚਾਹੁੰਦੀ ਹੈ, ਇਸ ਲਈ ਉਪਰੋਕਤ ਦੁਕਾਨਾਂ ਤੋਂ ਇਲਾਵਾ ਸਾਡੇ ਗੋਦਾਮ ਵਿਚੋਂ 2 ਟਰੱਕ ਜਿੰਦਰੇ ਤੋੜ ਕੇ ਖਲ ਖੋਹ ਚੁੱਕੀ ਹੈ, ਜਿਸ ਦੀ ਗਿਣਤੀ 2000 ਤੋਂ ਵੱਧ ਬੋਰੀਆਂ ਦੀ ਬਣਦੀ ਹੈ। ਇਸ ਸਬੰਧੀ ਦੂਜੀ ਧਿਰ ਬਲਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਚਾਰ ਭਰਾ ਹਾਂ ਅਤੇ ਚੌਥੇ ਹਿੱਸੇ ਵਿਚੋਂ ਮੈਨੂੰ ਮਹਿਤਾ ਖਲ ਦਾ ਮਾਰਕਾ ਦਿੱਤਾ ਗਿਆ ਸੀ ਪਰ ਉਸ ਉਪਰ ਵੀ ਮੇਰੇ ਭਰਾਵਾਂ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਮੇਰੇ ਮਾਰਕੇ ਦੀ ਵਰਤੋਂ ਕਰਦੇ ਹੋਏ ਬਾਜ਼ਾਰ ਵਿਚ ਮਾਲ ਵੇਚਿਆ ਹੈ, ਜਿਸ ਸਬੰਧੀ ਪੁਲਸ ਵੱਲੋਂ ਪਰਚਾ ਦਰਜ ਕਰ ਕੇ ਦੁਕਾਨਾਂ ਤੋਂ ਮਾਲ ਚੁੱਕਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਜੇ ਦੁਕਾਨਦਾਰ ਜਾਅਲੀ ਮਾਰਕੇ ਦੇ ਮਾਲ ਵੇਚ ਰਹੇ ਹਨ ਤਾਂ ਪੁਲਸ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਥਾਣਾ ਚਾਟੀਵਿੰਡ ਦੀ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ।
ਇਸ ਸਬੰਧੀ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕਾਰਵਾਈ ਕਰ ਰਹੇ ਹਾਂ, ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਲ ਚੁੱੱਕਿਆ ਜਾ ਰਿਹਾ ਹੈ, ਉਸਦੀ ਰਸੀਦ ਦੁਕਾਨਦਾਰ ਨੂੰ ਦਿੱਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੇ ਕਿਸੇ ਦੁਕਾਨਦਾਰ ਪਾਸੋਂ ਨਕਲੀ ਮਾਰਕੇ ਦਾ ਮਾਲ ਫੜਿਆ ਜਾਂਦਾ ਹੈ ਤਾਂ ਉੇਸ ਦੁਕਾਨਦਾਰ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਨੈਣਾ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 35 ਜ਼ਖਮੀ
NEXT STORY