ਭਕਨਾ ਕਲਾਂ, (ਜਸਬੀਰ)- ਪਿੰਡ ਭਕਨਾ ਕਲਾਂ ਦੇ ਮੁੱਖ ਬਾਜ਼ਾਰ 'ਚ ਅੱਜ 2 ਨਕਲੀ ਠੱਗ ਬਾਬੇ ਦੁਕਾਨਦਾਰਾਂ ਨੇ ਕਾਬੂ ਕੀਤੇ, ਜੋ ਸ੍ਰੀ ਹਜ਼ੂਰ ਸਾਹਿਬ ਦੇ ਨਾਂ 'ਤੇ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰ ਕੇ ਖੂਬ ਛਿੱਤਰ-ਪਰੇਡ ਕੀਤੀ ਗਈ ਤੇ ਇਨ੍ਹਾਂ ਨੇ ਸਾਰੀ ਸੰਗਤ ਅੱਗੇ ਮੁਆਫੀ ਮੰਗਦਿਆਂ ਅੱਗੇ ਤੋਂ ਇਸ ਤਰ੍ਹਾਂ ਦੀ ਠੱਗੀ ਮਾਰਨ ਤੋਂ ਤੌਬਾ ਕੀਤੀ।
ਇਸ ਸਬੰਧੀ ਮੌਕੇ 'ਤੇ ਹਾਜ਼ਰ ਸਾਬਕਾ ਫੌਜੀ ਤਲਵਿੰਦਰ ਸਿੰਘ ਭਕਨਾ ਤੇ ਜਥੇ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੋ ਦਿਨ ਦੇ ਚੋਰ ਕਾਬੂ ਕੀਤੇ ਗਏ ਹਨ, ਪਿਛਲੇ 2 ਦਿਨਾਂ ਤੋਂ ਸਥਾਨਕ ਪਿੰਡ ਭਕਨਾ ਕਲਾਂ, ਮਾਲੂਵਾਲ, ਨੱਥੂਪੁਰਾ 'ਚ ਜਾ ਕੇ ਭੋਲੀ-ਭਾਲੀ ਜਨਤਾ ਕੋਲੋਂ ਗੁਰੂ ਦੇ ਨਾਂ 'ਤੇ ਪੈਸੇ ਇਕੱਠੇ ਕਰ ਰਹੇ ਸਨ ਤੇ ਜਦੋਂ ਇਹ ਭਕਨਾ ਚੌਕ ਵਿਚ ਦੁਕਾਨਦਾਰਾਂ ਕੋਲੋਂ ਪੈਸੇ ਲੈ ਕੇ ਰਸੀਦ ਵੀ ਕਿਸੇ ਨਾ-ਮਾਲੂਮ ਸੰਸਥਾ ਦੀ ਦੇ ਰਹੇ ਸਨ ਤਾਂ ਇਨ੍ਹਾਂ 'ਤੇ ਸ਼ੱਕ ਹੋਣ 'ਤੇ ਅਸੀਂ ਕੁਝ ਪੁੱਛਗਿੱਛ ਕੀਤੀ ਤਾਂ ਇਹ ਉਥੋਂ ਫਰਾਰ ਹੋਣ ਲੱਗੇ ਪਰ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ 'ਚੋਂ ਇਕ ਨੇ ਦੱਸਿਆ ਕਿ ਮੈਨੂੰ 250 ਰੁਪਏ ਦਿਹਾੜੀ ਮਿਲਣੀ ਹੈ ਤੇ ਦੂਸਰੇ ਨੇ ਆਪਣਾ ਪਿੰਡ ਚਾਟੀਵਿੰਡ ਦੱਸਿਆ। ਫੌਜੀ ਤਲਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਠੱਗ ਬਹੁਤ ਹਨ, ਜੋ ਲੋਕਾਂ ਦੀ ਹੱਕ ਦੀ ਕਮਾਈ 'ਤੇ ਦਿਨ-ਦਿਹਾੜੇ ਡਾਕੇ ਮਾਰਦੇ ਫਿਰਦੇ ਹਨ, ਜਿਨ੍ਹਾਂ ਤੋਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਅੱਡਾ ਭਕਨਾ ਕਲਾਂ ਦੇ ਸਮੂਹ ਦੁਕਾਨਦਾਰਾਂ ਨੇ ਕਿਸੇ ਵੀ ਅਣਜਾਣ ਨੂੰ ਕੋਈ ਵੀ ਉਗਰਾਹੀ ਨਾ ਦੇਣ ਦਾ ਪ੍ਰਣ ਕੀਤਾ। ਅੱਡਾ ਯੂਨੀਅਨ ਦੇ ਪ੍ਰਧਾਨ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸੇ ਸੰਸਥਾ ਦੇ ਨਾਂ 'ਤੇ ਪੈਸੇ ਇਕੱਠੇ ਕਰਦਾ ਹੈ ਤਾਂ ਉਸ ਨੂੰ ਮੇਰੇ ਕੋਲ ਭੇਜਿਆ ਜਾਵੇ ਤਾਂ ਜੋ ਅਸਲੀ-ਨਕਲੀ ਦੀ ਪਛਾਣ ਕੀਤੀ ਜਾ ਸਕੇ।
ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਦੇ ਬਾਹਰ ਰੋਹ ਭਰਿਆ ਧਰਨਾ
NEXT STORY