ਬਾਘਾਪੁਰਾਣਾ, (ਰਾਕੇਸ਼, ਮੁਨੀਸ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਬਾਘਾਪੁਰਾਣਾ ਦੇ ਬਿਜਲੀ ਮੁਲਾਜ਼ਮਾਂ ਨੇ ਪ੍ਰਦੇਸ਼ ਵਰਕਿੰਗ ਕਮੇਟੀ ਦੇ ਸੱਦੇ 'ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਡਵੀਜ਼ਨ ਪ੍ਰਧਾਨ ਕਮਲੇਸ਼ ਕੁਮਾਰ ਦੀ ਅਗਵਾਈ 'ਚ ਮੰਡਲ ਪੱਧਰੀ ਧਰਨਾ ਦਿੱਤਾ ਅਤੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਸਾਥੀ ਕਮਲੇਸ਼ ਕੁਮਾਰ ਬਾਘਾਪੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਲੋਕਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰ ਕੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਇਥੇ ਕੰਮ ਕਰਦੇ ਹਜ਼ਾਰਾਂ ਦੀ ਗਿਣਤੀ 'ਚ ਕੱਚੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹ ਲਿਆ ਹੈ। ਪਾਵਰਕਾਮ 'ਚ ਕੰਮ ਕਰਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਘਰ-ਘਰ ਤੋਂ ਨੌਕਰੀ ਖੋਹਣ ਦੇ ਰਸਤੇ 'ਤੇ ਚੱਲ ਪਈ ਹੈ।
ਇਹ ਹੀ ਨਹੀਂ ਪਾਵਰਕਾਮ ਨੇ ਟਰਾਂਸਫਾਰਮਰ ਰਿਪੇਅਰ ਵਰਕਸ਼ਾਪਾਂ ਬੰਦ ਕਰ ਦਿੱਤੀਆਂ ਹਨ ਅਤੇ ਉੁਥੇ ਕੰਮ ਕਰਦੇ ਰੈਗੂਲਰ ਸਟਾਫ ਦੀ ਦੂਰ-ਦੂਰ ਬਦਲੀ ਕਰ ਦਿੱਤੀ ਹੈ। ਨੇਤਾਵਾਂ ਨੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਇਸ ਮੌਕੇ ਕਰਨੈਲ ਸਿੰਘ ਸਮਾਧ ਭਾਈ, ਜਤਿੰਦਰ ਸਿੰਘ ਸਮਾਲਸਰ, ਗੁਰਪ੍ਰੀਤ ਸਿੰਘ ਡੇਮਰੂ, ਜ਼ੋਰਾ ਸਿੰਘ ਪੱਤੋ ਹੀਰਾ ਤੋਂ ਇਲਾਵਾ ਪ੍ਰਦੇਸ਼ ਸੀਨੀਅਰ ਉਪ ਪ੍ਰਧਾਨ ਰਛਪਾਲ ਸਿੰਘ ਹਾਜ਼ਰ ਸਨ।
ਇਹ ਹਨ ਯੂਨੀਅਨ ਦੀਆਂ ਮੰਗਾਂ
* ਡਿਸਮਿਸ ਨੇਤਾ ਬਹਾਲ ਕੀਤੇ ਜਾਣ।
* ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ।
* ਕੱਚੇ ਮੁਲਾਜ਼ਮ ਬਹਾਲ ਕੀਤੇ ਜਾਣ।
* ਨਵੀਂ ਰੈਗੂਲਰ ਭਰਤੀ ਕੀਤੀ ਜਾਵੇ।
* ਗ੍ਰੇਡ ਪੇ-ਪੇ ਬੈਂਡ ਦਾ ਏਰੀਅਰ ਦਸੰਬਰ 2011 ਤੋਂ ਦਿੱਤਾ ਜਾਵੇ।
* 1 ਜਨਵਰੀ 2016 ਦੇ ਸਕੇਲਾਂ ਦਾ ਸੋਧ ਦੋ ਪੱਖੀ ਗੱਲਬਾਤ ਕਰ ਕੇ ਕੀਤਾ ਜਾਵੇ।
* 66 ਕੇ. ਵੀ. ਗਰਿੱਡ ਠੇਕੇ 'ਤੇ ਦੇਣ ਦੀ ਨੀਤੀ ਰੱਦ ਕੀਤੀ ਜਾਵੇ।
* ਬਜਲੀ ਐਕਟ 2003 ਰੱਦ ਕੀਤੀ ਜਾਵੇ।
* ਵਰਕਚਾਰਜ ਆਰ. ਟੀ. ਐੱਸ. ਨਾਲ ਸ. ਲ. ਮ. ਦੀ ਤਰੱਕੀ ਦਿੱਤੀ ਜਾਵੇ।
* ਸਵੀਪਰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।
* ਮੰਗ-ਪੱਤਰ 'ਚ ਦਰਜ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।
ਹੱਤਿਆ ਦੇ ਮਾਮਲੇ 'ਚ ਚਾਚੀ-ਭਤੀਜਾ ਗ੍ਰਿਫਤਾਰ
NEXT STORY