ਜਲੰਧਰ (ਮੋਹਨ ਪਾਂਡੇ)-ਜਦੋਂ ਤੱਕ ਅਸੀਂ ਭਗਵਾਨ ਸ਼੍ਰੀ ਰਾਮ ਜੀ ਦੀ ਮਰਿਆਦਾ ਦੀ ਪਾਲਣਾ ਨਹੀਂ ਕਰਾਂਗੇ, ਉਦੋਂ ਤੱਕ ਦੇਸ਼ ਅਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਸਾਡੀ ਸੋਚ ਅਤੇ ਨਜ਼ਰੀਆ ਸਾਡੇ ਮਨੁੱਖੀ ਜੀਵਨ ਦੀ ਸਿਰਜਣਾ ਕਰਦਾ ਹੈ। ਉਪਰੋਕਤ ਸ਼ਬਦ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਪੰਜਾਬ ਭਰ ’ਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਦਰਬਾਰ, ਭਗਵਤੀ ਜਾਗਰਣ, ਚੌਂਕੀ, ਕੀਰਤਨ ਦਰਬਾਰ ਕਰਵਾਉਣ ਵਾਲੀਆਂ 450 ਸੰਸਥਾਵਾਂ ਦੇ 1350 ਨੁਮਾਇੰਦਿਆਂ ਨੂੰ ਸਨਮਾਨਤ ਕਰਨ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੋਟਲ ਕਲੱਬ ਕਬਾਨਾ ਵਿਖੇ ਕਰਵਾਏ ਸਮਾਗਮ ਦੌਰਾਨ ਕਹੇ। ਇਸ ਦੌਰਾਨ ਹਰੇਕ ਸੰਸਥਾ ਨੂੰ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ ਤਿੰਨ ਮੈਂਬਰਾਂ ਨੂੰ ਰੋਜ਼ਾਨਾ ਲੋੜੀਂਦੀ ਸਮੱਗਰੀ ਨਾਲ ਭਰਿਆ ਇਕ ਬੈਗ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ ’ਚ 6 ਅਨੁਸੂਚਿਤ ਜਾਤੀ ਦੇ ਮੰਤਰੀ, ਸਿਆਸਤ ’ਚ ਕਮਜ਼ੋਰ ਵਰਗਾਂ ਲਈ ਸ਼ੁੱਭ ਸੰਕੇਤ
ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਪਰਿਵਾਰ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਅਰੋੜਾ ਨੇ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ’ਚ ਪੰਜਾਬ ਭਰ ਦੀਆਂ ਧਾਰਮਿਕ ਜਥੇਬੰਦੀਆਂ ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਰਹੀਆਂ ਹਨ। ਮੈਂ ਸਮਝਦਾ ਹਾਂ ਕਿ ਇਹ ਮੇਰੇ ਲਈ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਮੈਨੂੰ ਅਜਿਹੇ ਪਵਿੱਤਰ ਯੱਗ ’ਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਪੰਜਾਬ ਕੇਸਰੀ, ਹਿੰਦ ਸਮਾਚਾਰ ਗਰੁੱਪ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਅੱਜ ਸ਼੍ਰੀ ਰਾਮ ਜੀ ਦੇ ਆਦਰਸ਼ਾਂ ’ਤੇ ਚੱਲਣ ਦੀ ਲੋੜ ਹੈ। ਮੇਰਾ ਮੰਨਣਾ ਹੈ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਮਰਿਆਦਾ ’ਤੇ ਚੱਲ ਕੇ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਮਾਜ ਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਜੇਕਰ ਕੋਈ ਮੂਲ ਮੰਤਰ ਹੈ ਤਾਂ ਉਹ ਧਰਮ ਦਾ ਪ੍ਰਚਾਰ ਕਰਨਾ ਹੈ। ਜਿਵੇਂ-ਜਿਵੇਂ ਸਮਾਜ ’ਚ ਧਰਮ ਦਾ ਪ੍ਰਚਾਰ ਹੁੰਦਾ ਹੈ, ਬੁਰਾਈਆਂ ਦਾ ਵੀ ਖ਼ਾਤਮਾ ਹੁੰਦਾ ਜਾਂਦਾ ਹੈ। ਮਰਿਆਦਾ ’ਚ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਵਾਲੇ ਜੇਕਰ ਕੋਈ ਹਨ ਤਾਂ ਉਹ ਭਗਵਾਨ ਸ਼੍ਰੀ ਰਾਮ ਹੋਏ ਹਨ। ਉਨ੍ਹਾਂ ਨੇ ਆਪਣੇ ਜੀਵਨ ਰਾਹੀਂ ਸਾਨੂੰ ਪ੍ਰੇਰਿਤ ਕੀਤਾ ਹੈ ਕਿ ਸਾਨੂੰ ਸਮਾਜ ’ਚ ਕਿਵੇਂ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ CM ਮਾਨ ਵੱਲੋਂ ਸਮੀਖਿਆ ਮੀਟਿੰਗ, ਅਫ਼ਸਰਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ
ਯੋਗ ਗੁਰੂ ਸਵਾਮੀ ਗੁਰਬਖਸ਼ ਨੇ ਕਿਹਾ ਕਿ ਸਮਾਜ ਨੂੰ ਸਨਾਤਨ ਦੀ ਸਭ ਤੋਂ ਮਹਾਨ ਦੇਣ ਅਸ਼ਟਾਂਗ ਯੋਗ, ਖਗੋਲ ਵਿਗਿਆਨ, ਆਯੁਰਵੇਦ ਹੈ। ਉਨ੍ਹਾਂ ਕਿਹਾ ਕਿ ਕਿੰਨੀਆਂ ਸ਼ਤਾਬਦੀਆਂ ਪਹਿਲਾਂ ਸਾਡੇ ਪੁਰਖਿਆਂ ਦੀ ਜੋ ਦੇਣ ਹੈ, ਉਥੇ ਵਿਗਿਆਨ ਅਤੇ ਮੈਡੀਕਲ ਸਾਇੰਸ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਯੋਗਾ ਰਾਹੀਂ ਸਰੀਰ ਦੇ ਵਿਕਾਰ ਦੂਰ ਕੀਤੇ ਜਾ ਸਕਦੇ ਹਨ। ਭਗਵਾਨ ਨੇ ਸਾਨੂੰ ਦਿਮਾਗ ਦਿੱਤਾ ਹੈ, ਅਸੀਂ ਸੋਚਣਾ ਹੈ ਕਿ ਕਿਹੜੀ ਚੀਜ਼ ਨੂੰ ਗ੍ਰਹਿਣ ਕਰਨਾ ਹੈ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਇਸ ਸਨਮਾਨ ਸਮਾਰੋਹ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਮੈਂ ਸ਼੍ਰੀ ਵਿਜੇ ਚੋਪੜਾ ਅਤੇ ਉਨ੍ਹਾਂ ਦੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ। ਰਾਮ ਸਾਡੇ ਆਦਰਸ਼ ਹਨ।
ਤੁਸੀਂ ਸਾਰੇ ਰਾਮ ਭਗਤਾਂ ਨੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਕਰਕੇ ਆਪਣੀ ਵਿਰਾਸਤ ਨੂੰ ਜਿਊਂਦਾ ਰੱਖਿਆ ਹੈ। ਸ਼੍ਰੀ ਰਾਮ ਦੀ ਸ਼ਖ਼ਸੀਅਤ ਸ਼ਕਤੀ ਦਾ ਪ੍ਰਤੀਕ ਹੈ। ਸ਼੍ਰੀ ਰਾਮ ਇਸ ਦੇਸ਼ ਦੀ ਪਛਾਣ ਦਾ ਪ੍ਰਤੀਕ ਹਨ। ਉਨ੍ਹਾਂ ਨੇ ਹਾਲ ’ਚ ਮੌਜੂਦ ਹਜ਼ਾਰਾਂ ਰਾਮ ਭਗਤਾਂ ਵਿਚਕਾਰ ਰਾਵਣ ਦੇ ਕਿਰਦਾਰ ਦੇ ਡਾਇਲਾਗ ਪੇਸ਼ ਕਰ ਕੇ ਰਾਮ ਲੀਲਾ ਦੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਸਾਬਕਾ ਮੰਤਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਧਰਮ ਬਹੁਤ ਡੂੰਘਾਈ ਦਾ ਵਿਸ਼ਾ ਹੈ। ਇਹ ਵਿਚਾਰਨ ਦਾ ਵਿਸ਼ਾ ਹੈ। ਭਾਰਤ ਇਕ ਧਾਰਮਿਕ ਦੇਸ਼ ਹੈ। ਹਰ ਯੁੱਗ ’ਚ ਕੋਈ ਨਾ ਕੋਈ ਸੰਤ ਜਾਂ ਮਹਾਪੁਰਖ ਆਉਂਦਾ ਹੈ, ਜੋ ਸਮਾਜ ਨੂੰ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਇਕ ਅਜਿਹਾ ਮੰਚ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਸ਼੍ਰੀ ਵਿਜੇ ਚੋਪੜਾ ਨੇ ਪੰਜਾਬ ਅਤੇ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ’ਚ ਬਹੁਤ ਹੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਸਮਾਗਮ ’ਚ ਪਹੁੰਚੇ ਲੋਕ ਪੰਜਾਬ ਦੇ ਇਤਿਹਾਸ ਦਾ ਗਵਾਹ ਹਨ ਅਤੇ ਇਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਨਿਖਾਰਿਆ ਹੈ। ਅੱਜ ਅਸੀਂ ਪੰਜਾਬ ’ਚ ਜੋ ਸ਼ਾਂਤੀ ਵੇਖ ਰਹੇ ਹਾਂ, ਉਸ ਨੂੰ ਕਾਇਮ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ’ਚ ਸਾਰੇ ਰਾਮ ਭਗਤਾਂ ਦਾ ਵਿਸ਼ੇਸ਼ ਯੋਗਦਾਨ ਹੈ। ਅੱਜ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਦੀ ਲੋੜ ਹੈ, ਜਿਸ ’ਚ ਤੁਸੀਂ ਸਭ ਵਿਸ਼ੇਸ਼ ਯੋਗਦਾਨ ਪਾ ਸਕਦੇ ਹੋ। ਐੱਮ. ਪੀ. ਮਲਵਿੰਦਰ ਸਿੰਘ ਕੰਗ ਨੇ ਸਮਾਗਮ ’ਚ ਪਹੁੰਚੇ ਰਾਮ ਭਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਂ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਕਰਦਾ ਹਾਂ ਕਿ ਉਹ ਪੰਜਾਬ ਅਤੇ ਦੇਸ਼ ’ਤੇ ਆਸ਼ੀਰਵਾਦ ਬਣਾਈ ਰੱਖਣ। ਉਨ੍ਹਾਂ ਨੇ ਸ਼੍ਰੀ ਵਿਜੇ ਚੋਪੜਾ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ’ਤੇ ਬਣਿਆ ਰਹੇ।
ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਫਸਾ ਸਰਕਾਰੀ ਮਹਿਲਾ ਮੁਲਾਜ਼ਮ ਦੀ ਰੋਲਦਾ ਰਿਹਾ ਪੱਤ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਸਨਮਾਨ ਸਮਾਗਮ ’ਚ ਪਹੁੰਚੇ ਭਗਵਾਨ ਸ਼੍ਰੀ ਰਾਮ ਦੇ ਭਗਤਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਅਸੀਂ ਹਰ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਦੇ ਆ ਰਹੇ ਹਾਂ ਪਰ ਇਸ ਦੌਰਾਨ ਕੋਵਿਡ ਕਾਰਨ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ। ਅੱਜ ਅਸੀਂ ਭਗਵਾਨ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਇਕ ਲੰਬੇ ਸਮੇਂ ਬਾਅਦ ਇਕੱਠੇ ਹੋ ਰਹੇ ਹਾਂ। ਇਹ ਪ੍ਰੋਗਰਾਮ ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ, ਨਵੋਦਿਆ ਟਾਈਮਜ਼ ਦੇ ਮੁੱਖ ਸੰਪਾਦਕ ਅਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦੇ ਨਿਰਦੇਸ਼ਾਂ ਹੇਠ ਕਰਵਾਇਆ ਜਾਂਦਾ ਹੈ, ਜਿਸ ’ਚ ਧਾਰਮਿਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਤੁਸੀਂ ਸਾਰੇ ਇਹ ਨਹੀਂ ਦੇਖਦੇ ਕਿ ਯਾਦਗਾਰੀ ਚਿੰਨ੍ਹ ਕਿਹੋ ਜਿਹਾ ਹੈ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤੁਸੀਂ ਸਮਾਗਮ ’ਚ ਆ ਕੇ ਸਾਡਾ ਮਾਣ ਵਧਾਉਂਦੇ ਹੋ। ਅਸੀਂ ਤੁਹਾਡੀ ਓਨੀ ਸੇਵਾ ਕਰਨ ਦੇ ਯੋਗ ਨਹੀਂ ਹਾਂ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ ਪਰ ਫਿਰ ਵੀ ਤੁਸੀਂ ਵੱਡੀ ਗਿਣਤੀ ’ਚ ਆ ਕੇ ਸਾਨੂੰ ਕੰਮ ਕਰਨ ਲਈ ਉਤਸ਼ਾਹਤ ਕਰਦੇ ਹੋ। ਅਸੀਂ ਸਾਰੇ ਸ਼੍ਰੀ ਰਾਮ ਭਗਤਾਂ ਦਾ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਸਹਿਮੇ ਲੋਕ
ਪੰਜਾਬ ਕੇਸਰੀ ਗਰੁੱਪ ਹਮੇਸ਼ਾ ਸਮਾਜਸੇਵੀ ਕੰਮਾਂ ’ਚ ਰਿਹੈ ਅੱਗੇ : ਰਾਜੇਸ਼ ਧਿਰਮਾਨੀ
ਹਿਮਾਚਲ ਸਰਕਾਰ ’ਚ ਮੰਤਰੀ ਰਾਜੇਸ਼ ਧਿਰਮਾਨੀ ਨੇ ਕਿਹਾ ਕਿ ਦੇਸ਼ ’ਚ ਜਿੱਥੇ ਕਿਤੇ ਵੀ ਆਫ਼ਤ ਆਈ ਹੈ ਤਾਂ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਹੀ ਸਮਾਜਸੇਵੀ ਕੰਮਾਂ ਲਈ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਮਰਿਆਦਾ ਦੇ ਪ੍ਰਤੀਕ ਹਨ, ਜੇਕਰ ਅਸੀਂ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ਾਂ ’ਤੇ ਚੱਲਦੇ ਹਾਂ ਤਾਂ ਮੇਰਾ ਵਿਸ਼ਵਾਸ ਹੈ ਕਿ ਸਾਡਾ ਜੀਵਨ ਸਹੀ ਅਰਥਾਂ ’ਚ ਸਾਰਥਕ ਬਣ ਜਾਵੇਗਾ। ਅੱਜ ਦੁਨੀਆ ਦੇ ਸਾਰੇ ਵਿਵਾਦਾਂ ਅਤੇ ਝਗੜਿਆਂ ਨੂੰ ਖਤਮ ਕਰਨ ਲਈ ਭਗਵਾਨ ਸ਼੍ਰੀ ਰਾਮ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਹੈ। ਭਗਵਾਨ ਸ਼੍ਰੀ ਰਾਮ ਤਿਆਗ ਦੇ ਪ੍ਰਤੀਕ ਹਨ। ਆਪਣੀ ਮਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣਾ ਰਾਜ ਛੱਡ ਦਿੱਤਾ ਅਤੇ ਬਨਵਾਸ ’ਚ ਚਲੇ ਗਏ। ਅਜਿਹੀ ਅਨੋਖੀ ਮਿਸਾਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਇਸ ਤੋਂ ਇਲਾਵਾ ਉਹ ਨਿਮਰਤਾ ਦੇ ਪ੍ਰਤੀਕ ਸਨ।
ਉਨ੍ਹਾਂ ਨੇ ਯਕੀਨੀ ਬਣਾਇਆ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਾ ਹੋਵੇ। ਉਹ ਬੁਰਾਈ ਵਿਰੁੱਧ ਲੜੇ ਪਰ ਉਨ੍ਹਾਂ ਨੂੰ ਕਿਸੇ ਵਿਅਕਤੀ ਪ੍ਰਤੀ ਕੋਈ ਨਫ਼ਰਤ ਨਹੀਂ ਸੀ। ਭਗਵਾਨ ਸ਼੍ਰੀ ਰਾਮ ਨੇ ਮਾਤਾ ਸ਼ਬਰੀ ਦੇ ਝੂਠੇ ਬੇਰ ਖਾ ਕੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਮੇਰਾ ਭਗਤ ਜਿਥੇ ਵੀ ਹੈ, ਉਹ ਮੈਨੂੰ ਸਭ ਤੋਂ ਪਿਆਰਾ ਹੈ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਵੱਡਾ ਸੰਦੇਸ਼ ਮਿਲਦਾ ਹੈ। ਅੱਜ ਸਮਾਜ ’ਚ ਲੋੜ ਹੈ ਕਿ ਅਸੀਂ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਅਪਣਾਈਏ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਅਤੇ ਸਮਾਜ ਨੂੰ ਸੁਧਾਰਨ ’ਚ ਯੋਗਦਾਨ ਪਾਈਏ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਸਾਰੇ ਧਰਮਾਂ ਨੂੰ ਇਕ ਮੰਚ ’ਤੇ ਇਕੱਠਾ ਕਰਦੀ ਹੈ ਸ਼੍ਰੀ ਰਾਮ ਨੌਮੀ ਉਤਸਵ : ਈ. ਟੀ. ਓ.
ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸਮਾਗਮ ’ਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਧਾਰਮਿਕ ਜਥੇਬੰਦੀਆਂ ਦੀ ਸ਼ਮੂਲੀਅਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਏਕਤਾ ਦਾ ਪ੍ਰਤੀਕ ਹੈ। ਇਸ ਲਈ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦੇ ਲੋਕ ਇਕ-ਦੂਜੇ ਦੇ ਤਿਉਹਾਰਾਂ ਨੂੰ ਮਿਲ ਕੇ ਮਨਾਉਂਦੇ ਹਨ। ਮੈਂ ਵਾਹਿਗੁਰੂ ਜੀ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ’ਚ ਅਰਦਾਸ ਕਰਦਾ ਹਾਂ ਕਿ ਉਹ ਸ਼੍ਰੀ ਚੋਪੜਾ ਜੀ ਨੂੰ ਤੰਦਰੁਸਤ ਰੱਖਣ ਅਤੇ ਉਨ੍ਹਾਂ ਨੂੰ ਲੰਬੀ ਉਮਰ ਬਖਸ਼ਣ ਤਾਂ ਜੋ ਉਹ ਹਮੇਸ਼ਾ ਸਾਡੇ ਲਈ ਮਾਰਗਦਰਸ਼ਕ ਬਣੇ ਰਹਿਣ।
ਰਾਮ ਭਗਤਾਂ ਦਾ ਕੀਤਾ ਧੰਨਵਾਦ
ਮੰਚ ਦਾ ਸੰਚਾਲਨ ਕਰਦੇ ਹੋਏ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਭਰ ਤੋਂ ਆਏ ਰਾਮ ਭਗਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਨਮਾਨ ਸਮਾਗਮ ’ਚ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਲੱਬ ਕਬਾਨਾ ਦੇ ਮਾਲਕ ਗੋਪਾਲ ਕ੍ਰਿਸ਼ਨ ਚੋਢਾ, ਮਨੋਜ ਚੋਢਾ ਅਤੇ ਅਨਿਲ ਚੋਢਾ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਸਮਾਗਮ ’ਚ ਪੰਜਾਬ ਦੀਆਂ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਦੇ ਆਏ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ, ਕਲਯੁਗੀ ਪਿਓ ਨੇ ਗਲ਼ਾ ਘੁੱਟ ਕੇ ਮਾਰ ਦਿੱਤੀ 9 ਸਾਲ ਦੀ ਧੀ
ਪ੍ਰੋਗਰਾਮ ’ਚ ਭਜਨ ਗਾਇਕ ਅਮਰ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕਰਕੇ ਹਾਲ ’ਚ ਬੈਠੇ ਰਾਮ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਨੰਗਲ ਤੋਂ ਆਈ ਛੋਟੀ ਬੱਚੀ ਅਨਾਇਆ ਖੰਨਾ ਨੇ ਡਾਂਸ ਕੀਤਾ ਅਤੇ ਸੁਮਰੀਤ ਨੇ ਬੰਸਰੀ ਵਜਾਈ। ਸੋਨੀਆ ਜੋਸ਼ੀ ਨੇ ਯੋਗਾ ਬਾਰੇ ਜਾਣਕਾਰੀ ਦਿੰਦੇ ਹੋਏ ਆਸਣ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ। ਸਮਾਗਮ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ 3 ਨੁਮਾਇੰਦਿਆਂ ਨੂੰ ਰੋਜ਼ਾਨਾ ਲੋੜਾਂ ਲਈ ਲੋੜੀਂਦੀ ਸਮੱਗਰੀ ਸਮੇਤ ਸਰਟੀਫਿਕੇਟ ਦਿੱਤੇ ਗਏ। ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਰਾਮ ਭਗਤਾਂ ਦਾ ਕੈਂਸਰ ਚੈੱਕਅੱਪ ਕੀਤਾ ਗਿਆ। ਕੈਪੀਟੋਲ ਹਸਪਤਾਲ ਤੋਂ ਮਾਹਿਰ ਡਾਕਟਰ ਸੀ. ਐੱਸ. ਪਰੂਥੀ, ਡਾ. ਹਰਨੂਰ ਪਰੂਥੀ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਹੇਠ ਈ. ਸੀ. ਜੀ., ਹੱਡੀਆਂ ’ਚ ਕੈਲਸ਼ੀਅਮ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਨੈਸ਼ਨਲ ਆਈ ਕੇਅਰ ਸੈਂਟਰ ਦੇ ਡਾਕਟਰ ਪਿਊਸ਼ ਸੂਦ ਦੀ ਟੀਮ ਵੱਲੋਂ ਸ਼੍ਰੀ ਰਾਮ ਭਗਤਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਡਾ. ਅਰੁਣ ਵਰਮਾ ਅਤੇ ਡਾ. ਗੁਰਪ੍ਰੀਤ ਕੌਰ ਨੇ ਵੀ ਅੱਖਾਂ ਦੀ ਜਾਂਚ ਕੀਤੀ ।
ਸਮਾਗਮ ’ਚ ਮੁੱਖ ਤੌਰ ’ਤੇ ਸਾਬਕਾ ਵਿਧਾਇਕ ਸੋਮ ਪਾਲ, ਸਾਬਕਾ ਐੱਮ. ਪੀ. ਸੁਸ਼ੀਲ ਰਿੰਕੂ, ਮਨਜਿੰਦਰ ਸਿੰਘ ਬਿੱਟਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਵਿਨੋਦ ਅਗਰਵਾਲ, ਹੇਮੰਤ ਸ਼ਰਮਾ, ਸੁਮੇਸ਼ ਆਨੰਦ, ਮਨਮੋਹਨ ਕਪੂਰ, ਮੱਟੂ ਸ਼ਰਮਾ, ਯਸ਼ਪਾਲ ਸਫਰੀ, ਐੱਮ. ਡੀ. ਸੱਭਰਵਾਲ, ਰਮੇਸ਼ ਸਹਿਗਲ, ਪਵਨ ਬੋਧੀ, ਅਨਿਲ ਨਈਅਰ, ਰਵੀਸ਼ ਸੁਗੰਧ, ਸੁਨੀਤਾ ਭਾਰਦਵਾਜ, ਅਮਿਤ ਤਲਵਾੜ, ਪ੍ਰਿੰਸ ਅਸ਼ੋਕ ਗਰੋਵਰ, ਸੰਜੀਵ ਦੇਵ ਸ਼ਰਮਾ, ਸੁਦੇਸ਼ ਵਿਜ, ਜੁਆਇੰਟ ਐੱਮ. ਡੀ. ਹੇਮੰਤ ਸੂਰੀ, ਸੀ. ਈ. ਓ. ਗੁਰਪ੍ਰੀਤ ਸਿੰਘ, ਬਲਬੀਰ ਗੁਪਤਾ ਲੁਧਿਆਣਾ, ਦਿਨੇਸ਼ ਸੋਨੂੰ ਲੁਧਿਆਣਾ, ਸੁਭਾਸ਼ ਗੁਪਤਾ, ਸਿੰਮੀ ਚੋਪੜਾ, ਦਰਸ਼ਨ ਲਾਲ, ਅਜੈ ਜੈਨ, ਭੁਪਿੰਦਰ, ਮਧੂਸੂਦਨ, ਯੋਗੇਸ਼ ਸਚਦੇਵਾ, ਵਿਨੈ ਨਾਗਪਾਲ, ਕਰਨ ਨਾਗਪਾਲ, ਕਾਲੀ ਘਈ, ਬੌਬੀ ਮਲਹੋਤਰਾ, ਹਰੀਸ਼ ਗੁਪਤਾ, ਕੇਦਾਰ ਨਾਰੰਗ, ਓਮ ਪ੍ਰਕਾਸ਼ ਆਦਿ ਸਮੇਤ ਵੱਡੀ ਗਿਣਤੀ ’ਚ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ- Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ 'ਚ ਹੋਵੇਗਾ ਮਸਲਾ ਹੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਭਾਜਪਾ ਦੀ ਮੀਟਿੰਗ 'ਚ ਨਹੀਂ ਪਹੁੰਚੇ ਸੁਨੀਲ ਜਾਖੜ, ਵਿਜੇ ਰੁਪਾਣੀ ਨੇ ਦਿੱਤਾ ਵੱਡਾ ਬਿਆਨ
NEXT STORY