ਜਲੰਧਰ — ਮਹਾਨਗਰ ਜਲੰਧਰ ਜ਼ਿਲ੍ਹੇ 'ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਹਰ ਸਾਲ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੂਰੋਂ-ਦੂਰੋਂ ਸੰਗਤਾਂ ਇਥੇ ਮੱਥਾ ਟੇਕਣ ਲਈ ਆਉਂਦੀਆਂ ਹਨ। ਇਸ ਵਾਰ ਪੂਰੀ ਦੁਨੀਆ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ ਜਿੱਥੇ ਸਾਰੇ ਤਿਉਹਾਰਾਂ ਨੂੰ ਫਿੱਕਾ ਕਰ ਦਿੱਤਾ ਹੈ, ਉਥੇ ਹੀ ਮਹਾਨਗਰ ਜਲੰਧਰ ਜ਼ਿਲ੍ਹੇ 'ਚ ਇਸ ਸਾਲ ਪਹਿਲਾਂ ਵਾਂਗ ਬਾਬਾ ਸੋਢਲ ਦੇ ਮੇਲੇ ਮੌਕੇ ਭੀੜ ਵੇਖਣ ਨੂੰ ਨਹੀਂ ਮਿਲੇਗੀ।
ਮੇਲੇ ਨੂੰ ਲੈ ਕੇ ਸੱਜਿਆ ਬਾਬਾ ਸੋਢਲ ਦਾ ਦਰਬਾਰ
ਬਾਬਾ ਸੋਢਲ ਦਾ ਮੇਲਾ 1 ਸਤੰਬਰ ਯਾਨੀ ਕਿ ਕੱਲ੍ਹ ਮਨਾਇਆ ਜਾਵੇਗਾ। ਮੇਲੇ ਦੀ ਸ਼ੁਰੂਆਤ ਐਤਵਾਰ ਤੋਂ ਹੀ ਸ਼ੁਰੂ ਹੋ ਗਈ ਹੈ। ਹਰ ਸਾਲ ਧੂਮ-ਧਾਮ ਨਾਲ ਮਨਾਏ ਜਾਣ ਵਾਲੇ ਬਾਬਾ ਸੋਢਲ ਦੇ ਮੇਲੇ ਲਈ ਦਰਬਾਰ ਪੂਰੀ ਤਰ੍ਹਾਂ ਸੱਜ ਚੁੱਕਾ ਹੈ ਅਤੇ ਸਮਾਜਿਕ ਦੂਰੀ ਦੇ ਨਾਲ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨ ਕਰ ਸਕਣਗੇ।
ਕੋਰੋਨਾ ਨੂੰ ਲੈ ਕੇ ਜਾਰੀ ਹੋਈਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਬਾਬਾ ਸੋਢਲ ਮੰਦਿਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਐਤਵਾਰ ਦੀ ਸ਼ਾਮ ਨੂੰ ਇਥੇ ਝੰਡਾ ਚੜ੍ਹਾਉਣ ਦੀ ਰਸਮ ਪੂਰੀ ਕੀਤੀ ਗਈ। ਇਸ ਮੌਕੇ ਮੰਦਿਰ 'ਚ ਟਰੱਸਟ ਅਤੇ ਚੱਢਾ ਬਰਾਦਰੀ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਟਰੱਸਟੀ ਬਿੱਲੂ ਚੱਢਾ, ਸੁਰੇਸ਼ ਚੱਢਾ, ਪ੍ਰਧਾਨ ਵਿਪਨ ਚੱਢਾ ਬੱਬੀ, ਪ੍ਰਧਾਨ ਆਗਿਆ ਪਾਲ ਚੱਢਾ, ਵਰਿੰਦਰ ਚੱਢਾ ਆਦਿ ਮੌਜੂਦ ਸਨ। ਕੱਲ੍ਹ ਯਾਨੀ ਮੰਗਲਵਾਰ ਨੂੰ ਹਵਨ ਕੀਤਾ ਜਾਵੇਗਾ, ਜਿਸ 'ਚ ਬਹੁਤ ਹੀ ਘੱਟ ਲੋਕ ਸ਼ਾਮਲ ਹੋਣਗੇ। ਮੰਦਿਰ ਕਮੇਟੀ, ਪ੍ਰਸ਼ਾਸਨ ਅਤੇ ਨਿਗਮ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਖੇਤਰੀ ਬੀਜਣ ਵਾਲੇ ਪਰਿਵਾਰਾਂ 'ਚੋਂ ਇਕ-ਇਕ ਮੈਂਬਰ ਹੀ ਕਰੇਗਾ ਖੇਤਰੀ ਅਰਪਣ
ਖੇਤਰੀ ਬੀਜਣ ਵਾਲੇ ਪਰਿਵਾਰਾਂ 'ਚੋਂ ਇਕ-ਇਕ ਮੈਂਬਰ ਨੂੰ ਖੇਤਰੀ ਅਰਪਣ ਕਰਨ ਅਤੇ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਥੇ ਦੱਸ ਦੇਈਏ ਕਿ ਖੇਤਰੀ ਅਰਪਣ ਕਰਨ ਲਈ 1678 ਪਰਿਵਾਰਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਹਵਨ 'ਚ ਹਿੱਸਾ ਲੈਣ ਵਾਲੇ ਪੰਡਿਤਾਂ ਦਾ ਹੋਇਆ ਕੋਰੋਨਾ ਟੈਸਟ
ਇਥੇ ਦੱਸਣਯੋਗ ਹੈ ਕਿ ਪਹਿਲੀ ਸਤੰਬਰ ਨੂੰ ਹਵਨ 'ਚ ਹਿੱਸੇ ਲੈਣ ਵਾਲੇ ਲੋਕ ਅਤੇ ਹੋਰ ਪੰਡਿਤਾਂ ਦਾ ਐਤਵਾਰ ਨੂੰ ਕੋਰੋਨਾ ਟੈਸਟ ਕੀਤਾ ਗਿਆ। ਟਰੱਸਟ ਅਤੇ ਚੱਢਾ ਬਰਾਦਰੀ ਦੇ ਮੈਂਬਰਾਂ ਨੇ ਦੱਸਿਆ ਕਿ ਕਰੀਬ 16 ਪੰਡਿਤਾਂ ਦੇ ਸਿਹਤ ਮਹਿਕਮੇ ਦੀ ਟੀਮ ਨੇ ਕੋਰੋਨਾ ਜਾਂਚ ਲਈ ਟੈਸਟ ਲਏ ਹਨ।
ਕਾਰੋਬਾਰ ਦਾ ਹੱਬ ਬਣ ਚੁੱਕਿਆ ਹੈ ਬਾਬਾ ਸੋਢਲ ਦਾ ਮੇਲਾ
ਇਥੇ ਦੱਸਣਯੋਗ ਹੈ ਕਿ ਸੋਢਲ ਦਾ ਮੇਲਾ 50 ਸਾਲਾਂ ਤੋਂ ਧਾਰਮਿਕ ਪਰੰਪਰਾਵਾਂ ਨਾਲ ਜੁੜਿਆ ਹੈ। ਸੋਢਲ ਦਾ ਮੇਲਾ ਕਾਰੋਬਾਰੀਆਂ ਦਾ ਹੱਬ ਬਣ ਚੁੱਕਾ ਹੈ। ਹਰ ਸਾਲ ਇਹ ਮੇਲਾ ਕਰੀਬ 5 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ।
ਇਸ ਵਾਰ ਨਹੀਂ ਸੱਜਣਗੀਆਂ ਦੁਕਾਨਾਂ
ਘਰ ਦੇ ਲੋੜ ਦੇ ਹਰ ਸਾਮਾਨ ਤੋਂ ਲੈ ਕੇ ਬੱਚਿਆਂ ਦੇ ਖਿਡਾਉਣੇ, ਭਾਂਡੇ, ਕੱਪੜੇ ਮਠਿਆਈਆਂ, ਝੂਲਿਆਂ ਤੋਂ ਲੈ ਕੇ ਇਸ ਵਾਰ ਕੋਰੋਨਾ ਦੇ ਚਲਦਿਆਂ ਨਦਾਰਦ ਰਹਿਣਗੇ। ਇਸ ਵਾਰ ਮੇਲਾ ਬਿਲਕੁਲ ਹੀ ਸਾਦੇ ਢੰਗ ਨਾਲ ਸੰਪੰਨ ਹੋਵੇਗਾ। ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਮੁਤਾਬਕ ਮੇਲੇ ਦੌਰਾਨ ਦੁਕਾਨਦਾਰਾਂ ਨੂੰ ਲੱਖਾਂ ਦਾ ਫਾਇਦਾ ਹੁੰਦਾ ਸੀ। ਮੇਲੇ 'ਚ ਲੋਕ ਟੋਲੀਆਂ ਬਣਾ ਕੇ ਢੋਲ-ਨਗਾੜਿਆਂ ਦੇ ਨਾਲ ਆਉਂਦੇ ਸਨ ਪਰ ਇਸ ਵਾਰ ਮੰਦਿਰ ਦੇ ਨੇੜੇ-ਤੇੜੇ ਕੋਈ ਵੀ ਭੀੜ ਇਕੱਠੀ ਨਹੀਂ ਹੋਵੇਗੀ।
ਆਨਲਾਈਨ ਦਰਸ਼ਨ ਕਰ ਸਕਣਗੇ ਸ਼ਰਧਾਲੂ
ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ 'ਚ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਬੈਠਕ ਸਰਕਟ ਹਾਊਸ 'ਚ ਕੀਤੀ ਗਈ ਸੀ, ਜਿਸ 'ਚ ਜਸਬੀਰ ਸਿੰਘ ਏ. ਡੀ. ਸੀ. ਅਤੇ ਗੁਰਮੀਤ ਸਿੰਘ ਡੀ. ਸੀ. ਪੀ. ਨੇ ਦੱਸਿਆ ਸੀ ਕਿ ਇਕ ਸਤੰਬਰ ਨੂੰ ਮਨਾਇਆ ਜਾਂਦਾ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਵਾਰ ਸਾਰੀ ਸੰਗਤ ਘਰ ਤੋਂ ਹੀ ਬਾਬਾ ਜੀ ਦੇ ਦਰਸ਼ਨ ਕਰੇਗੀ ਅਤੇ ਮੇਲਾ ਨਹੀਂ ਲੱਗੇਗਾ।
ਇਸ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਆਰਗੇਨਾਈਜ਼ਿੰਗ ਸੈਕਟਰੀ, ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਆਗਿਆਪਾਲ ਚੱਢਾ ਅਤੇ ਟਰੱਸਟੀ ਸੁਰਿੰਦਰ ਚੱਢਾ ਮੁਤਾਬਕ ਪ੍ਰਸ਼ਾਸਨ ਨੇ ਡਿਊਟੀ ਲਾਈ ਹੈ ਕਿ ਉਹ ਆਪਸ 'ਚ ਵਿਚਾਰ-ਵਟਾਂਦਰਾ ਕਰਕੇ ਬਾਬਾ ਜੀ ਦੀ ਪੂਜਾ ਬਾਰੇ ਮਿਲ ਕੇ ਫੈਸਲਾ ਲੈਣ। ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ ਦੱਸਿਆ ਕਿ ਇਸ ਵਾਰ ਬਾਬਾ ਜੀ ਦਾ ਮੇਲਾ ਸੰਗਤ ਲਈ ਨਹੀਂ ਹੋਵੇਗਾ। ਬਾਬਾ ਜੀ ਦੇ ਭਗਤ ਆਪਣੇ ਘਰ ਤੋਂ ਹੀ ਆਨਲਾਈਨ ਬਾਬਾ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਬਾਬਾ ਜੀ ਸਭ 'ਤੇ ਕ੍ਰਿਪਾ ਕਰਨ ਅਤੇ ਜਲਦ ਕੋਰੋਨਾ ਮਹਾਮਾਰੀ ਦਾ ਅੰਤ ਹੋਵੇ।
ਅੰਮ੍ਰਿਤਾ ਪ੍ਰੀਤਮ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼: ਮਾਣ ਸੁੱਚੇ ਇਸ਼ਕ ਦਾ ਅਤੇ ਖਿੰਡੀ ਸ਼ਖ਼ਸੀਅਤ
NEXT STORY