ਹਰਪ੍ਰੀਤ ਸਿੰਘ ਕਾਹਲੋਂ
“ਕੋਈ ਵੀ ਕੁੜੀ ਹਿੰਦੂ ਹੋਵੇ ਜਾਂ ਮੁਸਲਮਾਨ ਜੇ ਉਹ ਮੁੜਕੇ ਆਪਣੇ ਸਹੀ ਠਿਕਾਣੇ ਪਹੁੰਚਦੀ ਹੈ ਤਾਂ ਸਮਝਣਾ ਉਹਦੇ ਨਾਲ ਹੀ ਪੂਰੋ ਦੀ ਆਤਮਾ ਵੀ ਪਹੁੰਚ ਗਈ।”
ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦਾ ਇਹ ਵਰ੍ਹਾ ਜਨਮ ਸ਼ਤਾਬਦੀ ਵਰ੍ਹਾ ਹੈ।ਅੱਜ ਆਖਾਂ ਵਾਰਸ ਸ਼ਾਹ ਉਹਦੀ ਪਛਾਣ ਹੈ।ਸੁਨੇਹੜੇ ਉਹਦਾ ਸਿਰਨਾਵਾਂ ਹੈ।ਉਹ ਆਪਣੇ ਨਾਵਲ ਪਿੰਜਰ ‘ਚ ਪੂਰੋ ਦੇ ਕਿਰਦਾਰ ‘ਚੋਂ ਤ੍ਰਾਸਦੀਆਂ ਵੇਲੇ ਔਰਤਾਂ ਦੇ ਤਨ-ਮਨ ‘ਤੇ ਹੰਡਾਏ ਸੰਤਾਪ ਨੂੰ ਜ਼ੁਬਾਨ ਦਿੰਦੀ ਹੈ।ਅੰਮ੍ਰਿਤਾ ਨੇ ਆਪਣੇ ਪਾਠਕਾਂ ਦਾ ਪਿਆਰ ਸਨੇਹ ਵੀ ਪਾਇਆ ਅਤੇ ਅਫਵਾਹਾਂ,ਫਟਕਾਰਾਂ,ਰੁਸਵਾਈਆਂ ਵੀ ਪਾਈਆਂ।
ਟੁੱਟੀ ਇੱਕ ਪੱਤੀ ਕਿਸੇ ਟਾਹਣ ਨਾਲੋਂ
ਵਣਾਂ ਵਣਾਂ ‘ਚੋਂ ਰੋਹਣੀਆਂ ਬੋਲ ਪਈਆਂ
ਬਾਵਜੂਦ ਇਹਦੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ।ਪੰਜਾਬੀ ਅਦਬ ‘ਚੋਂ ਉਹਦੀ ਥਾਂ ਕਦੇ ਮਨਫੀ ਨਹੀਂ ਹੋ ਸਕਦੀ।ਤਮਾਮ ਰੁਸਵਾਈਆਂ ‘ਚ ਅੰਮ੍ਰਿਤਾ ਦੀ ਪੂਰੋ (ਨਾਵਲ ਪਿੰਜਰ ਦੀ ਪਾਤਰ) ਸਾਡੇ ਪੰਜਾਬ ਦੀ ਵੰਡ ਅਤੇ ਸਾਂਝੀਵਾਲਤਾ ਨੂੰ ਤੋੜਦਿਆਂ ਸਾਡੇ ਪੰਜਾਬੀਆਂ ਹੱਥੋਂ ਹੋਏ ਗੁਨਾਹ ਦੀ ਨਿਸ਼ਾਨਦੇਹੀ ਹੀ ਤਾਂ ਹੈ।
ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲੱਭਕੇ ਲਿਆਈਏ ਵਾਰਸ ਸ਼ਾਹ ਇੱਕ ਹੋਰ
ਇਸ ਦੌਰ ਦੀ ਚੁੱਪ ਅਤੇ ਸਹਿਮ ‘ਚ ਅੰਮ੍ਰਿਤਾ ਦੇ ਨਾਵਲ ਦਾ ਪਾਤਰ ਰਸ਼ੀਦ ਮਹਿਸੂਸ ਕਰਨ ਵਾਲਾ ਕਿਰਦਾਰ ਹੈ।ਉਹ ਪੂਰੋ ਨੂੰ ਆਪਣੇ ਵੱਡਿਆਂ ਦੇ ਪਾਏ ਕੌਲ ਕਾਰਨ ਉਧਾਲਦਾ ਹੈ।ਪੂਰੋ ਨਾਲ ਅਜਿਹਾ ਕਿਉਂ ਹੁੰਦਾ ਹੈ? ਕਿਉਂ ਕਿ ਪੂਰੋ ਦੇ ਵੱਡਿਆਂ ਨੇ ਇਹੋ ਵਰਤਾਰਾ ਰਸ਼ੀਦ ਦੀ ਭੂਆ ਨਾਲ ਕੀਤਾ ਸੀ।ਇਸ ਦੌਰ ਅੰਦਰ ਰਸ਼ੀਦ ਵਰਗਾ ਬੰਦਾ ਲੱਭਣਾ ਔਖਾ ਹੈ।ਕਿਉਂਕਿ ਰਸ਼ੀਦ ਆਪਣੇ ਕੀਤੇ ਦੇ ਪਛਤਾਵੇ ‘ਚ ਹੈ।ਉਹ ਆਪਣੇ ਕੀਤੇ ਨੂੰ ਸੁਧਾਰਣਾ ਚਾਹੁੰਦਾ ਹੈ।ਬੀਤਿਆ ਵੇਲਾ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਰਸ਼ੀਦ ਪਛਚਾਤਾਪ ਕਰਦਾ ਹੈ।
ਮਾਣ ਸੁੱਚੇ ਇਸ਼ਕ ਦਾ
ਹੁਨਰ ਦਾ ਦਾਅਵਾ ਨਹੀਂ
ਕਲਮ ਦੇ ਇਸ ਭੇਦ ਨੂੰ
ਕੋਈ ਇਲਮ ਵਾਲਾ ਪਾਵੇਗਾ
ਪਿਆਰ ਦੀ ਛੋਹ ਬੰਦੇ ਦੀ ਇਬਾਦਤ ਹੈ।ਅੰਮ੍ਰਿਤਾ ਇੰਝ ਪੜ੍ਹਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ।ਉਹਦਾ ਅਸਰ ਹਾਲ ਹੀ ‘ਚ ਆਈ ਫਿਲਮ ਮਨਮਰਜ਼ੀਆਂ ‘ਤੇ ਵੀ ਹੈ।ਅੰਮ੍ਰਿਤਾ ਪ੍ਰੀਤਮ ਤੱਕ ਪਹੁੰਚਣ ਲਈ ਉਹਦੇ ਰੂਬਰੂ ਹੋਣਾ ਜ਼ਰੂਰੀ ਹੈ।ਅੰਮ੍ਰਿਤਾ ਲਿਖਦੀ ਹੈ ਕਿ
ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਹੌਕਾ ਤੇਰੀ ਗੱਲ ਕਰੇ
ਪਰ ਉਹਦਾ ਵਿਸ਼ਵਾਸ਼ ਹੈ ਕਿ
ਮੈਂ ਤੈਨੂੰ ਫੇਰ ਮਿਲਾਂਗੀ!
ਸਭ ਕੁਝ ਜਾਣ ਲੈਣ ਤੋਂ ਉਰਾਂ ਇੱਕ ਇਹ ਵੀ ਸੱਚ ਹੈ ਜੋ ਅੰਮ੍ਰਿਤਾ ਪ੍ਰੀਤਮ ਦਾ ਬਿਆਨ ਹੈ-
ਪਰਛਾਵਿਆਂ ਨੂੰ ਪਕੜਣ ਵਾਲਿਓ,ਛਾਤੀ ‘ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ!
ਮੁਹੱਬਤ ਇੱਕ ਦ੍ਰਿਸ਼ਟੀਕੋਣ… ਅੰਮ੍ਰਿਤਾ-ਸਾਹਿਰ-ਇਮਰੋਜ਼-ਪ੍ਰੀਤਮ
“ਪਿਆਰ ਉਹ ਜੀਹਨੂੰ ਮਾਣਕੇ ਮਨ ਉੱਚਾ ਹੋ ਜਾਵੇ ਅਤੇ ਤਨ ਸੁੱਚਾ ਹੋ ਜਾਵੇ।”
ਅੰਮ੍ਰਿਤਾ ਪ੍ਰੀਤਮ ਅਤੇ ਉਹਦੇ ਰਿਸ਼ਤਿਆਂ ‘ਚ ਵੇਖਣ ਵਾਲਿਆਂ ਨੂੰ ਨਾਰੀਵਾਦੀ, ਤ੍ਰਾਸਦੀ, ਇਸ਼ਕ ਹਕੀਕੀ,ਮਜਾਜ਼ੀ,ਭਟਕਣ,ਪੂਰਨਤਾ ਹਰ ਤਰ੍ਹਾਂ ਦਾ ਝਲਕਾਰਾ ਮਿਲਦਾ ਹੈ।ਔਰਤ ਮਨ ਦੇ ਹਜ਼ਾਰਾਂ ਰੰਗਾ ਦੀ ਤਰਾਸ਼ ਅੰਮ੍ਰਿਤਾ ਦਾ ਜ਼ਿੰਦਗੀਨਾਮਾ ਹੈ। ਉਹਦਾ ਵਿਆਹ ਪ੍ਰੀਤਮ ਸਿੰਘ ਨਾਲ ਹੁੰਦਾ ਹੈ।ਆਪਣੇ ਨਾਮ ਦਾ ਤਖ਼ੱਲਸ ‘ਪ੍ਰੀਤਮ’ ਰੱਖਦੇ ਹਨ।ਉਹਨਾਂ ਦਾ ਰਿਸ਼ਤਾ ਉਹਨਾਂ ਨਾਲ ਟੁੱਟਦਾ ਹੈ।ਉਹਨਾਂ ਦਾ ਪ੍ਰੀਤਮ ਉਹਨਾਂ ਮੁਤਾਬਕ ਉਹਦਾ ਨਾ ਹੋ ਸਕਿਆ।ਉਹ ਉਸ ਰਿਸ਼ਤੇ ਦੀ ਬੰਦਿਸ਼ਾਂ ਤੋਂ ਛੁਟਕਾਰਾ ਪਾਉਂਦੀ ਹੈ ਪਰ ਨਾਮ ਨਾਲ ਪ੍ਰੀਤਮ ਅਖੀਰ ਤੱਕ ਜੁੜਿਆ ਰਿਹਾ।ਰਿਸ਼ਤੇ ਚੋਣ ਅਤੇ ਨਾਮ ਦੀ ਮਸ਼ਹੂਰੀ ‘ਚ ਅੰਮ੍ਰਿਤਾ ਇਸ ਨੂੰ ਲੈਕੇ ਕਿਵੇਂ ਸੋਚਦੀ ਹੋਵੇਗੀ?
ਸਾਹਿਰ ਨਾਲ ਆਪਣੇ ਰਿਸ਼ਤੇ ਬਾਰੇ ਆਪਣੀ ਜੀਵਨੀ ‘ਰਸੀਦੀ ਟਿਕਟ’ ‘ਚ ਬੇਬਾਕ ਅਤੇ ਦਿਲੋਂ ਜ਼ਿਕਰ ਹੈ।ਇਸ ਰਿਸ਼ਤੇ ‘ਚ ਦੋਵਾਂ ਵਿਚਕਾਰ ਕੀ ਸੀ? ਸਾਹਿਰ ਵਰਗਾ ਸ਼ਾਇਰ ਮਨ ਅੰਮ੍ਰਿਤਾ ਪ੍ਰੀਤਮ ਬਾਰੇ ਕੀ ਸੋਚਦਾ ਸੀ ਇਹਦਾ ਕਦੀ ਹਵਾਲਾ ਨਹੀਂ ਮਿਲਦਾ।ਮਿਲਦਾ ਹੈ ਤਾਂ ਸਿਰਫ ਤੇ ਸਿਰਫ ਅੰਮ੍ਰਿਤਾ ਪ੍ਰੀਤਮ ਦਾ ਹੀ ਹਲਫ਼ੀਆ ਬਿਆਨ!
ਪੰਜਾਬੀ ਅਦੀਬ ਦਲੀਪ ਕੌਰ ਟਿਵਾਣਾ ਇਹਨੂੰ ‘ਇਲੂਇਜ਼ਨ ਆਫ ਲਵ’ ਕਹਿੰਦੇ ਹਨ।ਦਲੀਪ ਕੌਰ ਟਿਵਾਣਾ ਕਹਿੰਦੇ ਹਨ ਕਿ ਜਦੋਂ ਲੋਕ ਸਾਹਿਰ ਨਾਲ ਉਹਨਾਂ ਦਾ ਜ਼ਿਕਰ ਕਰਦੇ ਹਨ ਤਾਂ ਉਹ ਪਰੇਸ਼ਾਨ ਹੁੰਦੀ ਹੈ। ਖਾਸ ਕਰਕੇ ਆਖਰੀ ਦਿਨਾਂ ਤੱਕ ਅੰਮ੍ਰਿਤਾ ਨੇ ਇਹ ਧਾਰ ਲਿਆ ਸੀ ਕਿ ਲੋਕ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਅਜਿਹਾ ਕਰਦੇ ਹਨ ਪਰ ਜਾਪਦਾ ਹੈ ਕਿ ਇਹ ਇੱਕ ਤਰਫਾ ਜਾਂ ਅੰਮ੍ਰਿਤਾ ਦੀ ਆਪਣੀ ਦੁਨੀਆਂ ‘ਚ ਹੀ ਪੁੰਗਰਿਆ ਰਿਸ਼ਤਾ ਸੀ।ਜਿਹਦਾ ਬੂਟਾ ਵੀ ਉਹ ਖੁਦ ਸੀ ਅਤੇ ਮਾਲੀ ਵੀ ਖੁਦ ਸੀ ਅਤੇ ਸਾਹਿਰ ਸਿਰਫ ਉਹਦਾ ਆਪਣਾ ਖਿਆਲ!
ਦਲੀਪ ਕੌਰ ਟਿਵਾਣਾ ਅੰਮ੍ਰਿਤਾ-ਇਮਰੋਜ਼ ਰਿਸ਼ਤੇ ਨੂੰ ਰਿਸ਼ਤਿਆਂ ਦੀ ਵੱਡੀ ਸਾਧਨਾ ਵੱਜੋਂ ਵੇਖਦੇ ਹਨ।ਇਸ ਬਾਰੇ ਉਹਨਾਂ ਦੀ ਟਿੱਪਣੀ ਹੈ।
“ਇਮਰੋਜ਼ ਅੰਮ੍ਰਿਤਾ ਦਾ ਭਗਤ ਸੀ।ਜੋ ਉਹ ਕਹਿੰਦੀ ਸੀ ਉਹੀ ਉਹ ਕਰਦਾ ਸੀ।ਜਿਸ ਨੂੰ ਅੰਮ੍ਰਿਤਾ ਪਿਆਰ ਕਰਦੀ ਸੀ ਇਮਰੋਜ਼ ਉਸੇ ਸ਼ੈਅ ਨੂੰ ਪਿਆਰ ਕਰਨ ਲੱਗਦਾ।”
ਕੈਦੋ ਸਮੇਂ ਦੇ ਹੋਰ ਵੀ ਹੋਏ ਡਾਢੇ
ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ
ਫੋਟੋ ਧੰਨਵਾਦ ਸਹਿਤ: ਅਮਰਜੀਤ ਚੰਦਨ
ਤੂੰ ਅੱਖਰ ਅੱਖਰ ਕਵਿਤਾ..ਤੇ ਕਵਿਤਾ ਕਵਿਤਾ ਜ਼ਿੰਦਗੀ : ਇਮਰੋਜ਼
ਮੈਂ ਹੀ ਅੰਮ੍ਰਿਤਾ ਦਾ ਸਮਾਜ ਹਾਂ ਅਤੇ ਉਹ ਮੇਰਾ ਸਮਾਜ ਹੈ।ਮੇਰੇ ਅਤੇ ਅੰਮ੍ਰਿਤਾ ਦੇ ਰਿਸ਼ਤੇ ਨੂੰ ਕੋਈ ਕਿਵੇਂ ਵੇਖਦਾ ਹੈ ਇਸ ਨਾਲੋਂ ਅਹਿਮ ਇਹੋ ਹੈ ਕਿ ਅਸੀਂ ਖ਼ੁਦ ਆਪਣੇ ਰਿਸ਼ਤੇ ਨੂੰ ਕਿਵੇਂ ਵੇਖਦੇ ਹਾਂ।
ਅਸੀਂ ਸਾਦਗੀ ਵਾਲੀ ਜ਼ਿੰਦਗੀ 'ਚ ਯਕੀਨ ਕਰਦੇ ਸਾਂ।ਮੈਂ ਅਤੇ ਅੰਮ੍ਰਿਤਾ ਕਦੀ ਕਿਸੇ ਨੂੰ ਰੋਟੀ 'ਤੇ ਨਹੀਂ ਬਲਾਉਂਦੇ ਸੀ।ਇਹ ਸਾਡੀ ਮਰਜ਼ੀ ਸੀ ਕਿ ਕਿਹਨੂੰ ਸੱਦੀਏ ਅਤੇ ਕਿਹਨੂੰ ਨਹੀਂ।ਇੱਕ ਹੀ ਸਬਜ਼ੀ ਨਾਲ ਅਸਾਂ ਰੋਟੀ ਖਾਣੀ,ਉਹਨੇ ਆਪਣੇ ਕਮਰੇ 'ਚ ਲਿਖ ਰਿਹਾ ਹੋਣਾ,ਮੈਂ ਆਪਣੇ ਕਮਰੇ 'ਚ ਤਸਵੀਰ ਬਣਾ ਰਿਹਾ ਹੋਣਾ,ਏਨੀ ਵੱਡੀ ਲਿਖਾਰੀ ਪਰ ਆਖਰੀ ਸਮੇਂ ਤੱਕ ਉਹਨੇ ਰੋਟੀ ਆਪ ਬਣਾਈ,ਇੱਕਠਿਆਂ ਅਸਾਂ ਰਸੌਈ 'ਚ ਕੰਮ ਕਰਨਾ ਭਾਵ ਕਿ ਜ਼ਿੰਦਗੀ ਤਾਂ ਅਜਿਹੀਆਂ ਨਿੱਕੀਆਂ ਨਿੱਕੀਆਂ ਯਾਦਾਂ ਦਾ ਗੁੱਛਾ ਹੈ ਅਤੇ ਵੱਡੀਆਂ ਗੱਲਾਂ ਕੁਝ ਹੋਰ ਹੁੰਦੀਆਂ ਹਨ।
ਮੇਰਾ ਪਹਿਲਾ ਜਨਮ ਦਿਨ ਬਹੁਤ ਯਾਦਗਾਰ ਸੀ।ਉਹਦੇ ਅਤੇ ਮੇਰੇ ਘਰ ਵਿਚਕਾਰ ਇੱਕ ਸੜਕ ਦਾ ਫਾਸਲਾ ਸੀ।ਮੈਂ ਉਹਨੂੰ ਮਿਲਣ ਜਾਂਦਾ ਹੁੰਦਾ ਸਾਂ।ਅਸੀਂ ਇੱਕਠੇ ਬੈਠੇ ਅਤੇ ਗੱਲਾਂ ਕਰਨ ਲੱਗੇ।ਗੱਲਾਂ ਗੱਲਾਂ 'ਚ ਜਨਮ ਦਿਨ ਦਾ ਜ਼ਿਕਰ ਆਇਆ।ਅਸੀਂ ਫਿਰ ਕੇਕ ਕੱਟਿਆ।ਮੇਰੇ ਪਿੰਡਾਂ ਦਾ ਇਹ ਰਿਵਾਜ਼ ਨਹੀਂ ਸੀ।ਪਰ ਉਸ ਦਿਨ ਕੇਕ ਕੱਟਿਆ,ਉਹਨੇ ਮੈਨੂੰ ਕੇਕ ਦਿੱਤਾ ਅਤੇ ਥੋੜ੍ਹਾ ਆਪ ਖਾਧਾ।ਨਾ ਉਹਨੇ ਮੈਨੂੰ ਹੈਪੀ ਬਰਥ ਡੇ ਕਿਹਾ ਅਤੇ ਮੈਂ ਉਹਨੂੰ ਥੈਂਕ ਯੂ ਬੱਸ ਇੱਕ ਦੂਜੇ ਨੂੰ ਵੇਖਦੇ ਰਹੇ ਅਤੇ ਮੁਸਕਰਾਉਂਦੇ ਰਹੇ।
40 ਸਾਲ ਅਸੀਂ ਇੱਕਠੇ ਰਹੇ ਹਾਂ।ਇਹ ਪਿਆਰ ਸੀ ਪਰ ਅਸੀਂ ਕਦੀ ਇਜ਼ਹਾਰ ਨਹੀਂ ਕੀਤਾ।ਇਹਦੀ ਲੋੜ ਹੀ ਕੀ ਹੈ ? ਜੇ ਕੋਈ ਬਿਨਾਂ ਬੋਲਿਆ ਸਭ ਕੁਝ ਕਹਿ ਦੇਵੇ ਤਾਂ ਕੁਝ ਬੋਲਣ ਦੀ ਲੋੜ ਕੀ ਹੈ ? ਪਿਆਰ ਨੂੰ ਇਜ਼ਹਾਰ ਦੀ ਲੋੜ ਨਹੀਂ,ਇਜ਼ਹਾਰ ਤਾਂ ਕੋਸ਼ਿਸ਼ ਹੁੰਦੀ ਹੈ ਪਿਆਰ ਬਣਾਉਣ ਦੀ...
ਅੰਮ੍ਰਿਤਾ ਪ੍ਰੀਤਮ ਦੀ 100 ਸਾਲਾ ਸ਼ਤਾਬਦੀ 'ਤੇ ਮਰਹੂਮ ਸਤਿਕਾਰਤ ਦਲੀਪ ਕੌਰ ਟਿਵਾਣਾ ਨੇ ਹਰਪ੍ਰੀਤ ਕਾਹਲੋਂ ਨੂੰ ਜਿਵੇਂ ਦੱਸਿਆ -
ਅਦੀਬ ਦੀ ਨਜ਼ਰ ਤੋਂ ਅਦੀਬ ਦਾ ਜ਼ਿਕਰ || ਦਲੀਪ ਕੌਰ ਟਿਵਾਣਾ
ਪੰਜਾਬੀ ਨਾਵਲਕਾਰ
ਸਾਹਿਤ ਅਕਾਦਮੀ ਪੁਰਸਕਾਰ 1971,ਪਦਮ ਸ਼੍ਰੀ ਪੁਰਸਕਾਰ 2004
ਮੇਰੀ ਪਹਿਲੀ ਮੁਲਾਕਾਤ
ਉਹ ਪਹਿਲੀ ਵਾਰ ਮੈਨੂੰ ਸਰਕਾਰੀ ਕਾਲਜ ਧਰਮਸ਼ਾਲਾ ਮਿਲੇ।ਸ਼ਾਇਦ ਅੰਮ੍ਰਿਤਾ ਨੇ ਸੁਣਿਆ ਹੋਣਾ ਕਿ ਪੰਜਾਬੀ ਦੀ ਕੋਈ ਲੇਖਿਕਾ ਧਰਮਸ਼ਾਲਾ ਆਈ ਹੈ।ਇਸ ਤੋਂ ਬਾਅਦ ਅਸੀਂ ਸ਼ੋਭਾ ਸਿੰਘ ਦੇ ਕੋਲ ਅੰਧਰੇਟੇ ਮਿਲੇ।ਇਸ ਮੁਲਾਕਾਤ ਵਿੱਚ ਕੋਈ ਖਾਸ ਗੱਲਬਾਤ ਨਹੀਂ ਹੋਈ ,ਰਸਮੀ ਹਾਲਚਾਲ ਤੋਂ ਬਾਅਦ ਸ. ਸੋਭਾ ਸਿੰਘ ਪੁੱਛਣ ਲੱਗੇ ਕਿ ਦਿਲ ਲੱਗ ਗਿਆ ਜਾਂ ਨਹੀਂ? ਕਿਤੇ ਉਡਾਰੀ ਤਾਂ ਨਹੀਂ ਮਾਰ ਜਾਏਂਗੀ?
ਫਿਰ ਕਈ ਵਰਿਆ ਮਗਰੋਂ ਜਦੋਂ ਮੈਂ ਉਹਨਾਂ ਦੇ ਘਰ ਗਈ ਹੋਈ ਸੀ।ਉਹਨਾਂ ਦੀ ਨੌਕਰਾਣੀ ਨੇ ਮੇਰੇ ਵੱਲ ਹੱਥ ਕਰਕੇ ਅੰਮ੍ਰਿਤਾ ਨੂੰ ਪੁੱਛਿਆ ਕਿ ਬੀਬੀ ਇਹ ਤੇਰੀ ਭੈਣ ਹੈ ਜਾਂ ਧੀ ? ਅੰਮ੍ਰਿਤਾ ਕਹਿੰਦੀ ਕਿ ਇਹ ਮੇਰੀ ਭੈਣ ਵੀ ਹੈ ਤੇ ਧੀ ਵੀ!
ਅੰਮ੍ਰਿਤਾ ਦੀਆਂ ਰਚਨਾਵਾਂ
ਅੰਮ੍ਰਿਤਾ ਜਦੋਂ ਕਵਿਤਾਵਾਂ ਲਿਖਦੀ ਹੈ ਤਾਂ ਪਾਠਕਾਂ ਨੂੰ ਨਾਲ ਵਹਾ ਲੈ ਜਾਂਦੀ ਹੈ।ਇਸ ਤੋਂ ਇਲਾਵਾ ਲਿਖਣ ਦੇ ਨਾਲ-ਨਾਲ ਪੜ੍ਹਦੇ ਰਹਿਣਾ ਵੀ ਉਹਨਾਂ ਦੀ ਇੱਕ ਬਹੁਤ ਚੰਗੀ ਆਦਤ ਸੀ।ਕੰਮ ਦੇ ਪ੍ਰਤੀ ਉਸਦੀ ਪ੍ਰਤੀਬੱਧਤਾ ਬਹੁਤ ਸੀ।ਔਰਤਾਂ ਲਈ ਉਸ ਦਾ ਨਜ਼ਰੀਆ ਧਿਆਨ ਨਾਲ ਸਮਝਣ ਦੀ ਲੋੜ ਹੈ।ਅੰਮ੍ਰਿਤਾ ਤੋਂ ਪਹਿਲਾਂ ਆਦਮੀ ਹੀ ਔਰਤਾਂ ਬਾਰੇ ਲਿਖਿਆ ਕਰਦੇ ਸੀ।ਕਈ ਵਾਰ ਮਰਦ ਦ੍ਰਿਸ਼ਟੀਕੋਣ ਤੋਂ ਗਲਤ ਵੀ ਲਿਖ ਦਿੱਤਾ ਜਾਂਦਾ ਸੀ।ਅੰਮ੍ਰਿਤਾ ਪਹਿਲੀ ਵੱਡੀ ਲੇਖਿਕਾ ਸੀ ਜਿਸਨੇ ਔਰਤ ਬਾਰੇ ਸੱਚ ਲਿਖਣ ਦੀ ਹਿੰਮਤ ਕੀਤੀ।“ਮੈਂ ਤੇਰਾ ਅੰਨ ਖਾਦੀ ਹਾਂ,ਤੂੰ ਮੈਨੂੰ ਜਿਵੇਂ ਮਰਜ਼ੀ ਵਰਤ ਲੈ” ਜਿਹੀਆਂ ਰਚਨਾਵਾਂ ਰਾਹੀਂ ਅੰਮ੍ਰਿਤਾ ਔਰਤਾਂ ਦੀ ਆਵਾਜ਼ ਬਣੀ।ਉਸਦਾ ਰਸਾਲਾ ਨਾਗਮਣੀ ਪੰਜਾਬੀ ਅਦਬ ਦਾ ਹਾਸਲ ਹੈ।ਨਾਗਮਣੀ ਨੇ ਕਈ ਲਿਖਾਰੀਆਂ ਨੂੰ ਪੇਸ਼ ਕੀਤਾ।ਨਾਗਮਣੀ ਦੀ ਖੁਬੀ ਸੀ ਕਿ ਉਹ ਨਵੇਂ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਸ਼ਾਮਿਲ ਕਰਦਾ ਸੀ,ਜਦੋਂਕਿ ਹੋਰ ਰਸਾਲਿਆਂ ‘ਚ ਅਜਿਹਾ ਨਹੀਂ ਸੀ।
ਹੋਜ਼ ਖ਼ਾਸ ਦਾ ਠਿਕਾਣਾ ਅਤੇ ਮਾਂ ਅੰਮ੍ਰਿਤਾ
ਸੁਣਿਆ ਹੈ ਵਿਲੀਅਮ ਸ਼ੇਕਸਪੀਅਰ ਦਾ ਘਰ ਇੰਗਲੈਂਡ ਦੇ ਅਦਬ ਦਾ ਸਿਰਨਾਵਾਂ ਹੈ।ਸਾਡੇ ਅਦੀਬਾਂ ਦਾ ਸਿਰਨਾਵਾਂ ਵੀ ਇੰਝ ਹੋ ਸਕਦਾ ਸੀ।ਅੰਮ੍ਰਿਤਾ ਪ੍ਰੀਤਮ ਦੇ ਘਰ ਨੂੰ ਪੰਜਾਬ ਸਰਕਾਰ ਮਿਊਜ਼ੀਅਮ ਬਣਾਉਣਾ ਚਾਹੁੰਦੀ ਸੀ।ਇਸ ਲਈ ਪੇਸ਼ਕਸ਼ ਵੀ ਸੀ ਕਿ ਅੰਮ੍ਰਿਤਾ ਇਸ ਦੀ ਆਗਿਆ ਦੇ ਦੇਵੇ ਅਤੇ ਇਮਰੋਜ਼ ਉਸ ਦਾ ਟ੍ਰਸਟੀ ਬਣ ਜਾਵੇਗਾ।ਇਹ ਪੰਜਾਬੀ ਅਦਬ ‘ਚ ਚੰਗਾ ਕਦਮ ਹੁੰਦਾ।ਪਾਠਕ ਆਪਣੇ ਅਦੀਬ ਦਾ ਘਰ ਵੇਖਦੇ ਉਹਦੇ ਨਾਲ ਇਸ ਜ਼ਰੀਏ ਗੱਲਾਂ ਕਰਦੇ ਪਰ ਅੰਮ੍ਰਿਤਾ ਪ੍ਰੀਤਮ ਨੂੰ ਆਖਰੀ ਉੱਮਰੇ ਵੀ ਇਹੋ ਸੀ ਕਿ ਉਹਦਾ ਘਰ ਉਹਦੇ ਬਾਅਦ ਉਹਦੇ ਪੁੱਤ ਦੇ ਕੰਮ ਆਵੇ।ਅੱਜ ਉਹ ਠਿਕਾਣਾ ਵਿਕ ਚੁੱਕਾ ਹੈ।ਅੰਮ੍ਰਿਤਾ ਦਾ ਸਿਰਨਾਵਾਂ ਹੁਣ ਉਸ ਘਰ ਨਹੀਂ ਬੋਲਦਾ।ਮਲਬੇ ਦੇ ਢੇਰ ‘ਤੇ ਕੋਈ ਨਵੀਂ ਇਮਰਾਤ ਉਸਰ ਰਹੀ ਹੈ ਅਤੇ ਅੰਮ੍ਰਿਤਾ ਦਾ ਘਰ ਸਿਰਫ ਉਹਦੀਆਂ ਰਚਨਾਵਾਂ ‘ਚ ਹੀ ਬਾਕੀ ਹੈ।
ਸਮੇਂ ਤੋਂ ਅੱਗੇ ਤੁਰਦੀ ਅੰਮ੍ਰਿਤਾ
ਅੰਮ੍ਰਿਤਾ ਆਪਣੇ ਸਮੇਂ ਦੀਆਂ ਔਰਤਾਂ ਨਾਲੋਂ ਬਿਲਕੁਲ ਵੱਖਰੀ ਸੀ।ਅਜੋਕੀਆਂ ਕੁੜੀਆਂ ਜੋ ਪਹਿਰਾਵਾ ਪਾਉਂਦੀਆਂ ਨੇ,ਖੁੱਲ੍ਹਾਂ ਮਾਣ ਰਹੀਆਂ ਨੇ ਓਹੀ ਖੁੱਲ੍ਹ ਅੰਮ੍ਰਿਤਾ ਨੇ ਪੰਜਾਹ ਸਾਲ ਪਹਿਲਾਂ ਲਈ।ਅੰਮ੍ਰਿਤਾ ‘ਚ ਸੱਚ ਬੋਲਣ ਦੀ ਹਿੰਮਤ ਸੀ,ਜ਼ੇਰਾ ਸੀ।ਔਰਤਾਂ ਦੇ ਹੱਕਾਂ ਤੇ ਦਰਦ ਨੂੰ ਪਛਾਣਦੇ ਹੋਏ ਉਸ ਨੇ ਆਪਣੇ ਨਾਵਲ ਪਿੰਜਰ ਵਿੱਚ ਵੰਡ ਦੀ ਤ੍ਰਾਸਦੀ ਹੰਢਾਉਂਦੇ ਲੋਕਾਂ ਅਤੇ ਔਰਤਾਂ ਦੀ ਮਨੋਦਸ਼ਾ ਨੂੰ ਬਾਖੂਬੀ ਬਿਆਨ ਕੀਤਾ ਹੈ।ਅੱਜ ਦੇ ਦੌਰ ‘ਚ ਔਰਤ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅੰਮ੍ਰਿਤਾ ਲਿਖਦੀ ਹੈ।ਅੰਮ੍ਰਿਤਾ ਦੀ ਖੂਬੀ ਸੀ ਕਿ ਉਹ ਸਮਕਾਲੀ ਲੇਖਕਾਂ ‘ਚ ਇਕੱਲੀ ਔਰਤ ਸੀ।ਜਿਸਨੇ ਬੋਲਡ ਤਰੀਕੇ ਨਾਲ ਲਿਖਣਾ ਸ਼ੁਰੂ ਕੀਤਾ।
ਖਿੰਡੀ ਸ਼ਖ਼ਸੀਅਤ
ਅੰਮ੍ਰਿਤਾ ਮਹਾਂਨਗਰ ਦੀ ਬਾਸ਼ਿੰਦੀ ਹੋਣ ਕਰਕੇ ਲੋਕਾਂ ਨਾਲੋਂ ਤੇ ਪਰਿਵਾਰ ਨਾਲੋਂ ਟੁੱਟੀ ਹੋਈ ਜਾਪਦੀ ਸੀ।ਜਿਸ ਸਦਕਾ ਕਿਤੇ ਨਾ ਕਿਤੇ ਉਹ ਪੰਜਾਬੀਆਂ ਨੂੰ ਅੱਖਰਦੀ ਸੀ।ਮਹਾਂਨਗਰ ‘ਚ ਰਹਿੰਦੇ ਹੋਣ ਕਾਰਨ ਜੇਕਰ ਅੰਮ੍ਰਿਤਾ ਦੀ ਟੁੱਟ-ਭੱਜ ਨਾ ਹੋਈ ਹੁੰਦੀ ਤਾਂ ਸ਼ਾਇਦ ਬਿਹਤਰ ਤਰੀਕੇ ਨਾਲ ਹੋਰ ਲਿਖ ਪਾਉਂਦੀ।ਅਕਸਰ ਇਹ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਅੰਮ੍ਰਿਤਾ ਮਾਣ-ਸਨਮਾਨ ਦੀ ਭੁੱਖੀ ਸੀ ਇਹ ਸਭ ਸੁਣੀਆਂ ਸੁਣਾਈਆਂ ਗੱਲਾਂ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਸਾਹਿਤਕ ਯੋਗਦਾਨ ਲਈ ਸਰਕਾਰੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਸੀ,ਜੋ ਕਿ ਸਮੇ ਦੀ ਜ਼ਰੂਰਤ ਵੀ ਸੀ।ਕਿਉਂਕਿ ਉਹਨਾਂ ਦਿਨਾਂ ‘ਚ ਹੀ ਉਹਨਾਂ ਦਾ ਪੁੱਤਰ ਜ਼ੇਰੇ ਇਲਾਜ ਸੀ।ਲੇਖਕ ਇਨਸਾਨ ਵੀ ਹੈ,ਰਿਸ਼ਤਿਆਂ ‘ਚ ਬੱਝਾ ਵੀ ਅਤੇ ਕਈ ਕਮਜ਼ੋਰੀਆਂ ‘ਚ ਘਿਰਿਆ ਅਦਨਾ ਜਿਹਾ ਵਿਚਾਰਾ ਵੀ ਤਾਂ ਹੁੰਦਾ ਹੀ ਹੈ।1984 ਬਾਰੇ ਉਹਨਾਂ ਦੀ ਚੁੱਪ,ਇੰਦਰਾ ਗਾਂਧੀ ਨਾਲ ਦੋਸਤੀ ਅਤੇ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰਦੀ ਅੰਮ੍ਰਿਤਾ ਨੇ ਮੁਹੱਬਤ ਵੀ ਬਹੁਤ ਲਈ ਅਤੇ ਰੁਸਵਾਈ ਵੀ ਬਹੁਤ ਲਈ।
ਜਨਮ : 31 ਅਗਸਤ 1919
ਥਾਂ : ਗੁਜਰਾਂਵਾਲਾ (ਲਹਿੰਦਾ ਪੰਜਾਬ,ਪਾਕਿਸਤਾਨ)
ਮੌਤ : 31 ਅਕਤੂਬਰ 2005
ਮਾਣ-ਸਨਮਾਨ
1956 : ਸਾਹਿਤ ਅਕਾਦਮੀ ਪੁਰਸਕਾਰ
1981 : ਗਿਆਨਪੀਠ ਪੁਰਸਕਾਰ
2004 : ਪਦਮ ਵਿਭੂਸ਼ਣ ਅਤੇ ਪੰਜਾਬ ਰਤਨ ਪੁਰਸਕਾਰ
ਰਚਨਾਵਾਂ : ਸੁਨੇਹੜੇ,ਪਿੰਜਰ,ਰਸੀਦੀ ਟਿਕਟ,ਕਾਗ਼ਜ਼ ਤੇ ਕੈਨਵਸ
ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, 9 ਮਹੀਨਿਆਂ ਦੇ ਬੱਚੇ ਸਿਰੋਂ ਉੱਠਿਆ ਪਿਓ ਦਾ ਹੱਥ
NEXT STORY