ਲੁਧਿਆਣਾ (ਵਿੱਕੀ) : ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਜਿਵੇਂ ਹੀ ਲੋਕਾਂ ਨੂੰ ਮਿਲੀ ਤਾਂ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ ਦੋਸਤਾਂ ਅਤੇ ਅਧਿਆਪਕਾਂ ਨੂੰ ਵੀ ਮੌਤ ਦੀ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ ਹੈ। ਦੱਸ ਦੇਈਏ ਆਪਣੀ ਗਾਇਕੀ ਨਾਲ ਦੁਨੀਆ ਭਰ ਦੇ ਨੌਜਵਾਨਾਂ ’ਚ ਵੱਖਰੀ ਪਛਾਣ ਬਣਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਬੀ. ਟੈੱਕ. ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਸੀ। ਉਹ 2012 ਤੋਂ 2016 ਦੇ ਦੌਰਾਨ ਜੀ.ਐੱਨ.ਡੀ.ਸੀ. ਦੇ ਰੈਗੂਲਰ ਵਿਦਿਆਰਥੀ ਰਹਿਣ ਦੇ ਨਾਲ ਗਾਣੇ ਲਿਖਣ ਦੇ ਵੀ ਸ਼ੌਕੀਨ ਸਨ, ਜਿਸ ਕਰਕੇ ਉਨ੍ਹਾਂ ਦੀ ਕਾਲਜ ਵਿੱਚ ਵੀ ਇਕ ਵੱਖਰੀ ਪਛਾਣ ਬਣ ਗਈ ਸੀ। ਕਾਲਜ ਦੇ ਵੱਖ-ਵੱਖ ਪ੍ਰੋਫੈਸਰਾਂ ਅਤੇ ਉਨ੍ਹਾਂ ਦੇ ਸਹਿਪਾਠੀ ਰਹਿਣ ਵਾਲਿਆਂ ਨੇ ਸਿੱਧੂ ਨੂੰ ਇਕ ਚੰਗਾ ਤੇ ਹੋਣਹਾਰ ਵਿਦਿਆਰਥੀ ਹੋਣ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਸਾਧੇ ਸੁਭਾਅ ਵਾਲਾ ਵਿਅਕਤੀ ਦੱਸਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡੀ ਖ਼ਬਰ: ਇਕ ਹੋਰ ਸਾਥੀ ਦੀ ਮੌਤ (ਵੀਡੀਓ)
ਪ੍ਰੋਫੈਸਰਾਂ ਦੇ ਮੁਤਾਬਕ ਕਾਲਜ ’ਚ ਫ੍ਰੀ ਲੈਕਚਰ ਦੌਰਾਨ ਉਹ ਗਾਣੇ ਲਿਖਦੇ ਰਹਿੰਦੇ ਸਨ। ਉਨ੍ਹਾਂ ਨੂੰ ਉਸ ਸਮੇਂ ਦੌਰਾਨ ਕਾਲਜ ਦੇ ਕੁਝ ਸਮਾਰੋਹ ਵਿੱਚ ਗਾਉਣ ਦਾ ਮੌਕੇ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਹ ਕਾਲਜ ਮੈੱਸ ਵਿੱਚ ਖਾਣਾ ਖਾਣ ਦੌਰਾਨ ਪੰਜਾਬੀ ਲੋਕ ਬੋਲੀਆਂ ਵੀ ਸੁਣਾਇਆ ਕਰਦੇ ਸਨ। ਕਾਲਜ ਦੌਰਾਨ ਉਨ੍ਹਾਂ ਦੀ ਕਦੇ ਕੋਈ ਸ਼ਿਕਾਇਤ ਤੱਕ ਨਹੀਂ ਆਈ ਅਤੇ ਪੜ੍ਹਾਈ ਵਿੱਚ ਵੀ ਉਹ ਫਸਟ ਡਵੀਜ਼ਨ ’ਚ ਪਾਸ ਹੋਣ ਵਾਲੇ ਵਿਦਿਆਰਥੀ ਰਹੇ।
ਗਾਣੇ ਸੁਣਨ ਸਵੇਰੇ ਉਨ੍ਹਾਂ ਦੇ ਕਮਰੇ ਵਿੱਚ ਹੀ ਚਲੇ ਜਾਂਦੇ ਸਹਿਪਾਠੀ
ਕਾਲਜ ਦੇ ਇਕ ਪ੍ਰੋਫੈਸਰ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਕ ਸੀ, ਉਹ ਅਕਸਰ ਕਾਲਜ ਵਿੱਚ ਆਪਣੇ ਦੋਸਤਾਂ ਦੇ ਸਾਹਮਣੇ ਗਾਉਂਦੇ, ਕਾਲਜ ਦੇ ਸਾਲਾਨਾ ਸਮਾਗਮ ਵਿੱਚ ਆਪਣਾ ਗੀਤ ਗਾਉਂਦੇ ਤੇ ਅਕਸਰ ਗੀਤ ਲਿਖਦੇ ਰਹਿੰਦੇ। ਉਨ੍ਹਾਂ ਨੇ ਆਪਣੇ ਕਾਲਜ ਦੇ 4 ਸਾਲ ਹੋਸਟਲ ਵਿੱਚ ਹੀ ਬਿਤਾਏ। ਹੋਸਟਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਾਲਜ ਦੇ ਸਾਬਕਾ ਵਿਦਿਆਰਥੀ ਜੋ ਕਿ ਉਨ੍ਹਾਂ ਦੇ ਜੂਨੀਅਰ ਸਨ, ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਉੱਠ ਕੇ ਹਾਰਮੋਨੀਅਮ 'ਤੇ ਅਭਿਆਸ ਕਰਦੇ ਸਨ। ਉਨ੍ਹਾਂ ਦੀ ਇਸ ਆਦਤ ਤੋਂ ਪਹਿਲਾਂ ਕੁਝ ਵਿਦਿਆਰਥੀ ਪ੍ਰੇਸ਼ਾਨ ਹੋ ਗਏ ਪਰ ਜਦੋਂ ਉਨ੍ਹਾਂ ਨੇ ਆਪਣੇ ਲਿਖੇ ਕੁਝ ਗੀਤ ਉਨ੍ਹਾਂ ਨੂੰ ਸੁਣਾਏ ਤਾਂ ਉਹ ਵੀ ਸਿੱਧੂ ਦੇ ਫੈਨ ਹੋ ਗਏ। ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਦੇ ਗੀਤ ਸੁਣਨ ਲਈ ਸਵੇਰੇ-ਸਵੇਰੇ ਉਸ ਦੇ ਕਮਰੇ ਵਿਚ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਿੱਧੂ ਅਕਸਰ ਕਿਹਾ ਕਰਦਾ ਸੀ ਕਿ ਕਾਲਜ ਤੋਂ ਬਾਅਦ ਜਾਂ ਤਾਂ 'ਉਹ ਵਾਜਾ ਚੁੱਕ ਲਵੇਗਾ ਜਾਂ ਕੈਨੇਡਾ ਚਲਾ ਜਾਵੇਗਾ।' ਉਨ੍ਹਾਂ ਨੇ ਇਹ ਦੋਵੇਂ ਗੱਲਾਂ ਸੱਚ ਸਾਬਤ ਕਰ ਦਿੱਤੀਆਂ। ਕਾਲਜ ਦੇ ਦਿਨਾਂ ਦੌਰਾਨ ਵੀ ਉਸ ਦੇ ਗੀਤ ਸੁਣਨ ਵਾਲੇ ਬਹੁਤ ਸਾਰੇ ਪ੍ਰਸ਼ੰਸਕ ਸਨ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕੱਲ੍ਹ ਦਾ ਸਟਾਰ ਹੈ। ਉਨ੍ਹਾਂ ਦੱਸਿਆ ਕਿ ਆਪਣੇ ਦੋਸਤਾਂ ਦੇ ਹਰ ਸੁੱਖ-ਦੁੱਖ ਵਿੱਚ ਸ਼ਰੀਕ ਹੋਣਾ ਸਿੱਧੂ ਦੀ ਸ਼ਖ਼ਸੀਅਤ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਾਂ ਹੋ ਗਈ ਬੇਹੋਸ਼, ਵੇਖੋ ਤਸਵੀਰਾਂ
ਜਦੋਂ ਅੰਮ੍ਰਿਤਸਰ 'ਚ ਸ਼ੂਟਿੰਗ ਛੱਡ ਕਾਲਜ ਪਹੁੰਚ ਗਏ ਸਨ ਸਿੱਧੂ
ਕਾਲਜ ਦੇ ਇਕ ਹੋਰ ਪ੍ਰੋਫੈਸਰ ਨੇ ਦੱਸਿਆ ਕਿ ਉਹ ਅਕਸਰ ਸਿੱਧੂ ਨਾਲ ਫੋਨ 'ਤੇ ਗੱਲ ਕਰਦੇ ਰਹਿੰਦੇ ਸਨ ਅਤੇ ਉਹ ਆਪਣੇ ਪ੍ਰੋਫੈਸਰਾਂ ਦਾ ਬਹੁਤ ਸਤਿਕਾਰ ਕਰਦੇ ਸਨ। ਪ੍ਰੋਫੈਸਰ ਨੇ ਦੱਸਿਆ ਕਿ ਪਿਛਲੇ ਸਾਲ ਮੈਂ ਸਿੱਧੂ ਨੂੰ ਕਾਲਜ ਦੇ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਫੋਨ ’ਤੇ ਬੁਲਾਇਆ ਸੀ, ਜਦੋਂ ਉਸ ਨੂੰ ਕਾਲਜ ਆਉਣ ਲਈ ਕਿਹਾ ਗਿਆ ਤਾਂ ਉਸ ਦੀ ਸ਼ੂਟਿੰਗ ਅੰਮ੍ਰਿਤਸਰ ਵਿੱਚ ਚੱਲ ਰਹੀ ਸੀ ਅਤੇ ਉਹ ਸ਼ੂਟਿੰਗ ਅੱਧ-ਵਿਚਾਲੇ ਛੱਡ ਕੇ ਕਾਲਜ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਹ ਸਦਮੇ 'ਚ ਹਨ, ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦਾ ਇਕ ਹੋਣਹਾਰ ਵਿਦਿਆਰਥੀ ਹੁਣ ਇਸ ਦੁਨੀਆ 'ਚ ਨਹੀਂ ਰਿਹਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਰਾਜਾ ਵੜਿੰਗ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਿਰੋਜ਼ਪੁਰ 'ਚ NSUI ਨੇ ਕੱਢਿਆ ਕੈਂਡਲ ਮਾਰਚ
NEXT STORY