ਖਰੜ (ਗਗਨਦੀਪ) - ਪੰਜਾਬੀ ਮਾਂ ਬੋਲੀ ਜਿਸ ਨੂੰ ਹਰ ਇਕ ਪੰਜਾਬੀ ਜੰਮਦਾ ਹੀ ਸਿੱਖਦਾ ਹੈ ਅਤੇ ਮਰਨ ਤਕ ਇਹ ਉਸ ਦੇ ਨਾਲ ਰਹਿੰਦੀ ਹੈ। ਪੰਜਾਬੀ ਵਿਅਕਤੀ ਚਾਹੇ ਜਿਥੇ ਮਰਜੀ ਚਲਾ ਜਾਵੇ ਪਰ ਆਪਣੀ ਬੋਲੀ ਨਹੀਂ ਵਿਸਾਰਦਾ ਸਗੋਂ ਵਿਦੇਸ਼ਾਂ 'ਚ ਜਾ ਕਿ ਵੀ ਪੰਜਾਬੀਆਂ ਨੇ ਮਾਂ ਬੋਲੀ ਪੰਜਾਬੀ ਦੇ ਝੰਡੇ ਗੱਡੇ ਹਨ। ਸਾਨੂੰ ਬਾਹਰਲੇ ਦੇਸ਼ਾਂ 'ਚ ਸਾਈਨ ਬੋਰਡਾਂ 'ਤੇ ਪੰਜਾਬੀ ਆਮ ਲਿਖੀ ਹੋਈ ਦਿੱਖ ਜਾਂਦੀ ਹੈ ਪਰ ਇਸ ਦੇ ਉਲਟ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਵਿਸਾਰਨ ਦੇ ਨਾਲ-ਨਾਲ ਇਸ ਦਾ ਘਾਣ ਵੀ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ-5 'ਤੇ ਦੇਖਣ ਨੂੰ ਮਿਲਦੀ ਹੈ, ਜਿਥੇ ਖਰੜ ਸ਼ਹਿਰ ਲਾਗੇ ਲੱਗੇ ਟੋਲ ਪਲਾਜ਼ਾ 'ਤੇ ਅੰਗਰੇਜ਼ੀ ਤੇ ਹਿੰਦੀ 'ਚ ਜਾਣਕਾਰੀ ਦਿੱਤੀ ਗਈ ਹੈ ਅਤੇ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਨਾਲ ਵਿਸਾਰਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਗਦੀਸ਼ ਸਿੰਘ ਖਾਲਸਾ, ਰਣਬੀਰ ਸਿੰਘ ਸਰਪੰਚ ਕੋਟਲਾ, ਹਰਨੇਕ ਸਿੰਘ ਸਾਬਕਾ ਸਰਪੰਚ ਆਦਿ ਨੇ ਦੱਸਿਆ ਕਿ ਖਰੜ-ਲੁਧਿਆਣਾ ਸੜਕ 'ਤੇ ਜਾਂਦੇ ਹੋਏ ਪੰਜਾਬੀ ਭਾਸ਼ਾ ਨੂੰ ਵਿਸਾਰਿਆ ਗਿਆ ਹੈ। ਜਿਥੇ ਕਿਤੇ ਸਾਈਨ ਬੋਰਡਾਂ 'ਤੇ ਪੰਜਾਬੀ ਦੀ ਵਰਤੋਂ ਕੀਤੀ ਗਈ ਹੈ ਉਥੇ ਪੰਜਾਬੀ ਦਾ ਖੂਬ ਘਾਣ ਕੀਤਾ ਗਿਆ ਹੈ। ਇਸ ਮਾਰਗ 'ਤੇ ਪਿੰਡਾਂ ਦੇ ਨਾਂ ਗਲਤ ਲਿਖੇ ਗਏ ਹਨ ਅਤੇ ਜ਼ਿਆਦਾਤਰ ਮੀਲ ਪੱਥਰ ਹਿੰਦੀ 'ਚ ਲਿਖੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ 'ਚ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਬਹੁ ਗਿਣਤੀ ਲੋਕ ਸਿਰਫ਼ ਪੰਜਾਬੀ ਹੀ ਪੜ੍ਹਨੀ ਅਤੇ ਲਿਖਣੀ ਜਾਣਦੇ ਹਨ ਅਜਿਹੇ ਲੋਕ ਹਿੰਦੀ ਅਤੇ ਅੰਗਰੇਜ਼ੀ ਦੇ ਬੋਰਡ ਪੜ੍ਹ ਕੇ ਕਿਤੇ ਨਹੀਂ ਜਾ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ 'ਚ ਸੜਕਾਂ 'ਤੇ ਲਗਾਏ ਗਏ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਵਰਤਿਆਂ ਜਾਵੇ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY