ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ, ਜਿਸ 'ਚ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਸ਼ਾਮਲ ਹਨ, ਜਲਦੀ ਹੀ ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ 'ਚ ਜਾ ਕੇ ਉਨ੍ਹਾਂ ਪੀੜਤ ਸਿੱਖਾਂ ਨਾਲ ਮੁਲਾਕਾਤ ਕਰੇਗੀ, ਜਿਹੜੇ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਸਦਕਾ ਉਜਾੜੇ ਅਤੇ ਝੂਠੇ ਪੁਲਸ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ 'ਚ ਤਾਜ਼ਾ ਵਾਪਰੀਆਂ ਘਟਨਾਵਾਂ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਤੁਰੰਤ ਮੱਦਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸੀਨੀਅਰ ਆਗੂ ਭੂੰਦੜ, ਪ੍ਰੋਫੈਸਰ ਚੰਦੂਮਾਜਰਾ ਅਤੇ ਗੁਜਰਾਲ ਜਲਦੀ ਹੀ ਮੱਧ ਪ੍ਰਦੇਸ਼ ਅਤੇ ਉਤਰ ਪ੍ਰੁਦੇਸ਼ ਜਾ ਕੇ ਉਨ੍ਹਾਂ ਸਿੱਖਾਂ ਦੀ ਮੱਦਦ ਕਰਨਗੇ, ਜਿਨ੍ਹਾਂ ਨੂੰ ਬਿਨਾਂ ਕਿਸੇ ਗਲਤੀ ਤੋਂ ਸਥਾਨਕ ਪ੍ਰਸ਼ਾਸਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖਾਂ ਦੇ ਘਰਾਂ ਅਤੇ ਰੁਜ਼ਗਾਰ 'ਤੇ ਮੰਡਰਾ ਰਹੇ ਖਤਰੇ ਦਾ ਸਾਹਮਣਾ ਕਰਨ ਲਈ ਅਕਾਲੀ ਦਲ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲੇ ਅੰਦਰ ਸਿੱਖਾਂ ਦੇ 9 ਘਰਾਂ ਅਤੇ 200 ਏਕੜ ਜ਼ਮੀਨ ਨੂੰ ਸਥਾਨਕ ਪ੍ਰਸ਼ਾਸਨ ਵਲੋਂ 'ਗੈਰਕਾਨੂੰਨੀ ਕਬਜ਼ੇ ਵਾਲੀ ਸੰਪਤੀ' ਕਹਿ ਕੇ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਪੀਲੀਭੀਤ 'ਚ ਇਕ ਨਗਰ ਕੀਰਤਨ 'ਚ ਭਾਗ ਲੈਣ ਵਾਲੇ 55 ਸਿੱਖਾਂ 'ਤੇ ਝੂਠੇ ਕੇਸ ਪਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਕਮੇਟੀ ਦੇ ਮੈਂਬਰ ਇਨ੍ਹਾਂ ਦੋਵਾਂ ਥਾਵਾਂ 'ਤੇ ਜਾਣਗੇ ਅਤੇ ਪੀੜਤਾਂ ਦੇ ਕੇਸਾਂ ਨੂੰ ਸਹੀ ਢੰਗ ਨਾਲ ਉਠਾਉਣਗੇ।
ਸਾਊਦੀ ਅਰਬ 'ਚ ਮੌਤ ਨਾਲ ਜੂਝ ਰਹੇ ਬਲਵਿੰਦਰ ਦੀ ਮਦਦ ਲਈ ਬੈਲਜੀਅਮ ਤੋਂ ਪੁੱਜੇ ਪੰਜਾਬੀ
NEXT STORY