ਚੰਡੀਗੜ੍ਹ (ਭੁੱਲਰ) - ਜੋਧਪੁਰ ਜੇਲ 'ਚੋਂ ਰਿਹਾਅ ਹੋਏ ਸਿੱਖ ਬੰਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤੇ ਉਨ੍ਹਾਂ ਕੋਲ ਕੇਂਦਰ ਸਰਕਾਰ ਵਲੋਂ ਹਾਈ ਕੋਰਟ ਵਿਚ ਪਾਈ ਗਈ ਅਪੀਲ ਦੇ ਮਾਮਲੇ ਵਿਚ ਦਖਲ ਦੇ ਕੇ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਜੇਲ 'ਚੋਂ ਰਿਹਾਅ ਹੋਏ ਸਿੱਖਾਂ ਦਾ ਇਹ ਵਫਦ ਬੀਤੇ ਦਿਨੀਂ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਸੀ। ਅੱਜ ਇਸ ਵਫ਼ਦ ਦੇ ਮੈਂਬਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਵਲੋਂ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਹ ਇਸ ਸਬੰਧੀ ਕੇਂਦਰ ਤੋਂ ਮੰਗ ਕਰ ਚੁੱਕੇ ਹਨ ਤੇ ਅੱਜ ਮੁੜ ਕੇਂਦਰੀ ਗ੍ਰਹਿ ਮੰਤਰੀ ਨੂੰ ਦੁਬਾਰਾ ਪੱਤਰ ਲਿਖ ਰਹੇ ਹਨ। ਵਫ਼ਦ ਦੇ ਮੈਂਬਰਾਂ ਅਨੁਸਾਰ ਕੈ. ਅਮਰਿੰਦਰ ਨੇ ਇਥੋਂ ਤੱਕ ਭਰੋਸਾ ਦਿੱਤਾ ਹੈ ਕਿ ਲੋੜ ਪਈ ਤਾਂ ਉਹ ਮੁਆਵਜ਼ੇ ਦੀ ਰਾਸ਼ੀ ਦੀ ਖੁਦ ਅਦਾਇਗੀ ਕਰਵਾ ਦੇਣਗੇ। ਕੈਪਟਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਮੁੜ ਪੱਤਰ ਭੇਜ ਕੇ ਉਹ ਹਾਈ ਕੋਰਟ 'ਚ ਕੀਤਾ ਕੇਸ ਵਾਪਸ ਲੈਣ ਲਈ ਵਿਸ਼ੇਸ਼ ਤੌਰ 'ਤੇ ਅਪੀਲ ਕਰ ਰਹੇ ਹਨ। ਵਫਦ ਨੇ ਮੁੱਖ ਮੰਤਰੀ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ 2 ਜੁਲਾਈ ਤੋਂ ਪਹਿਲਾਂ-ਪਹਿਲਾਂ ਇਹ ਕੇਸ ਵਾਪਸ ਕਰਵਾਇਆ ਜਾਵੇ ਨਹੀਂ ਤਾਂ ਇਹ 30 ਸਾਲ ਹੋਰ ਲਟਕ ਸਕਦਾ ਹੈ। ਵਫਦ ਵਿਚ ਜਸਬੀਰ ਸਿੰਘ ਘੁੰਮਣ ਤੋਂ ਇਲਾਵਾ ਗੁਰਦਰਸ਼ਨ ਸਿੰਘ, ਰਾਜ ਸਿੰਘ, ਵਰਪਾਲ ਸਿੰਘ, ਵੱਸਣ ਸਿੰਘ ਚਾਹਲ, ਤਰਸੇਮ ਸਿੰਘ ਖੇਲਾ ਅਤੇ ਮੀਟਿੰਗ ਦਾ ਪ੍ਰਬੰਧ ਕਰਨ ਵਾਲੇ ਸੁਖਜੀਤ ਸਿੰਘ ਬਘੌਰਾ ਮੈਂਬਰ ਵਰਕਿੰਗ ਕਮੇਟੀ ਵੀ ਸ਼ਾਮਲ ਸਨ।
2 ਲਾਪਤਾ ਬੱਚੀਆਂ ਨੂੰ ਢਿੱਲਵਾਂ ਪੁਲਸ ਨੇ ਕੀਤਾ ਮਾਪਿਆਂ ਹਵਾਲੇ
NEXT STORY