ਜਲੰਧਰ(ਵਿਸ਼ੇਸ਼)- ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਖਾਲਿਸਤਾਨ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਸੁਰਖੀਆਂ ਵਿਚ ਆਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਫਤੇ ਬਾਅਦ ਹੀ ਆਪਣੇ ਬਿਆਨ ਤੋਂ ਯੂ-ਟਰਨ ਮਾਰ ਲਿਆ ਹੈ। ਆਪਣੇ ਤਾਜ਼ਾ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਨੂੰ ਸਿਰਫ ਖਾਲਿਸਤਾਨ ਦੇ ਅਧਾਰ 'ਤੇ ਹੀ ਨਹੀਂ ਪਰਿਭਾਸ਼ਿਤ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਉਹ ਪੰਜਾਬ ਦੇ ਸਿੱਖਾਂ ਨੂੰ ਵਰਗਲਾਉਣ ਦੀ ਪਾਕਿਸਤਾਨ ਦੀ ਮੁਹਿੰਮ ਦਾ ਹਿੱਸਾ ਨਾ ਬਣਨ।
ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਜਾਰੀ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ। ਵਿਦੇਸ਼ਾਂ ਵਿਚ ਸਿੱਖ ਰੈਫਰੈਂਡਮ ਦੇ ਨਾਂ 'ਤੇ ਸਿੱਖਾਂ ਨੂੰ ਵਰਗਲਾ ਰਹੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਜਥੇਦਾਰ ਦੇ ਇਸ ਬਿਆਨ ਨੂੰ ਹੱਥੋਂ-ਹਾਥੀਂ ਲਿਆ ਸੀ ਤੇ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ 'ਤੇ ਵਰਗਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਸਿੱਖਸ ਫ਼ਾਰ ਜਸਟਿਸ ਨੇ ਕਿਹਾ ਸੀ ਕਿ ਭਾਰਤ ਦੇ ਜਿਹੜੇ ਸਿਆਸੀ ਆਗੂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਉਹ ਆਗੂ ਕੌਮਾਂਤਰੀ ਮੰਚਾਂ 'ਤੇ ਸਿੱਖ ਕੌਮ ਦੇ ਦੁਸ਼ਮਣ ਕਰਾਰ ਦਿੱਤੇ ਜਾਣਗੇ। ਅਮਰੀਕਾ ਤੋਂ ਆਪਰੇਟ ਹੋਣ ਵਾਲੀ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ 4 ਜੁਲਾਈ ਤੋਂ ਰੈਫਰੈਂਡਮ 2020 ਨਾਮ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਅਮਰੀਕਾ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਇਹ ਜਥੇਬੰਦੀ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਲੰਬੇ ਸਮੇਂ ਤੋਂ ਸਿੱਖ ਨੌਜਵਾਨਾਂ ਨੂੰ ਵਰਗਲਾਉਣ ਦਾ ਕੰਮ ਕਰਦੀ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿਚ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਲਏ ਬਿਨਾਂ ਉਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੁਝ ਸਿਆਸੀ ਆਗੂ ਉਨ੍ਹਾਂ ਵਲੋਂ 6 ਜੂਨ ਨੂੰ ਦਿੱਤੇ ਗਏ ਬਿਆਨ ਨੂੰ ਲੈ ਕੇ ਗੈਰ-ਜ਼ਰੂਰੀ ਬਿਆਨ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ ਮਨੁੱਖਤਾ 'ਤੇ ਅਧਾਰਿਤ ਕਾਨੂੰਨ ਦਾ ਰਾਜ ਸਿੱਖਾਂ ਦਾ ਜਮਾਂਦਰੂ ਹੱਕ ਹੈ ਤੇ ਵੱਖ-ਵੱਖ ਸਮਿਆਂ ਦੌਰਾਨ ਲੋਕਤੰਤਰ ਦੇ ਦਾਇਰੇ ਵਿਚ ਰਹਿੰਦਿਆਂ ਕਈ ਸਿੱਖ ਆਗੂਆਂ ਨੇ ਇਸ ਮੰਗ ਨੂੰ ਚੁੱਕਿਆ ਹੈ।
ਟਵਿੱਟਰ ਤੇ ਸਿੱਖਾਂ ਨੇ ਪੰਨੂ 'ਤੇ ਬੋਲਿਆ ਹਮਲਾ
ਇਸ ਵਿਚਾਲੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਸਿੱਖਸ ਫ਼ਾਰ ਜਸਟਿਸ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਆਨਲਾਈਨ ਮੰਚ 'ਤੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਟਵਿੱਟਰ 'ਤੇ ਰੀਸਰਜੇਂਟ ਪੰਜਾਬ ਨਾਂ ਦੇ ਪੇਜ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਤਾਜ਼ਾ ਬਿਆਨ ਤੋਂ ਬਾਅਦ ਲਿਖਿਆ ਹੈ “ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 6 ਜੂਨ ਨੂੰ ਦਿੱਤੇ ਗਏ ਬਿਆਨ ਤੋਂ ਬਾਅਦ ਪੱਬਾਂ ਭਰ ਆਏ ਵਿਦੇਸ਼ੀ ਕੱਟੜਪੰਥੀ ਗਰੁੱਪ ਹੁਣ ਉਨ੍ਹਾਂ ਦੇ ਇਸ ਤਾਜ਼ਾ ਬਿਆਨ 'ਤੇ ਕੀ ਕਹਿਣਗੇ?'' ਇਸ ਪੇਜ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਖ ਭਾਈਚਾਰੇ ਵਲੋਂ ਦਿੱਤੇ ਜਾਣ ਵਾਲੇ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਪਾਕਿਸਤਾਨ ਸਮਰਥਕ ਹਨ। ਕੱਟੜਪੰਥੀ ਗਰੁੱਪਾਂ ਦਾ ਜਲਦ ਪਰਦਾਫਾਸ਼ ਕਰਨਗੇ। ਇਸ ਟਵੀਟ ਵਿਚ ਸਿੱਖ ਫੈਡਰੇਸ਼ਨ ਯੂ.ਕੇ. ਸਮੇਤ ਐੱਨ.ਐੱਸ.ਵਾਈ.ਐੱਫ. ਨੂੰ ਵੀ ਟੈਗ ਕੀਤਾ ਗਿਆ ਹੈ।
ਕੋਰੋਨਾ ਵਿਰੁੱਧ ਜੰਗ 'ਚ ਲੱਗੇ ਲੋਕਾਂ ਦਾ ਸਰਕਾਰ ਵੱਲੋਂ ਕੀਤਾ ਜਾਵੇਗਾ ਸਨਮਾਨ : ਸੋਨੀ
NEXT STORY