ਲੁਧਿਆਣਾ(ਪਾਲੀ)-ਪਿਛਲੇ ਦਿਨੀਂ ਨਗਰ ਨਿਗਮ ਜ਼ੋਨ-ਸੀ ਵਿਖੇ ਇਕ ਸੇਵਾਦਾਰ ਵਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਸੇਵਾਦਾਰ ਵਲੋਂ ਨਿਗਮ ਦੇ ਦੋ ਇੰਸਪੈਕਟਰਾਂ ਦਾ ਨਾਂ ਲੈਣ ਅਤੇ ਉਨ੍ਹਾਂ ਨੂੰ ਹੀ ਪੈਸੇ ਦੇਣ ਸਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸੇਵਾਦਾਰ ਜਤਿੰਦਰ ਰਹੇਲਾ ਨੂੰ ਸਸਪੈਂਡ ਕਰ ਕੇ ਲਿੱਪਾ-ਪੋਚੀ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਹੈ ਕਿ ਇਸ ਮਾਮਲੇ 'ਚ ਦੋ ਨਿਗਮ ਇੰਸਪੈਕਟਰਾਂ ਕੁਲਜੀਤ ਸਿੰਘ ਮਾਂਗਟ ਅਤੇ ਕਿਰਨਦੀਪ ਸਿੰਘ ਦੇ ਖਿਲਾਫ ਵੀ ਪੁਲਸ ਨੂੰ ਲਿਖ ਕੇ ਭੇਜਿਆ ਜਾਵੇ ਤਾਂ ਜੋ ਸੇਵਾਦਾਰ ਅਤੇ ਦੋਵੇਂ ਇੰਸਪੈਕਟਰਾਂ 'ਤੇ ਪਰਚਾ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਵਿਧਾਇਕ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਲੁਧਿਆਣਾ ਨਗਰ ਨਿਗਮ ਜ਼ੋਨ-ਸੀ ਵਿਖੇ ਉਨ੍ਹਾਂ ਅਤੇ ਲੋਕ ਇਨਸਾਫ ਟੀਮ ਦੇ ਮੈਂਬਰਾਂ ਨੇ ਇਕ ਸੇਵਾਦਾਰ ਨੂੰ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਸੀ ਤਾਂ ਉਸ ਵਿਅਕਤੀ ਦੀ ਜੇਬ 'ਚੋਂ ਮਿਲੇ 10 ਹਜ਼ਾਰ ਰੁਪਏ ਬਾਰੇ ਜਾਣਕਾਰੀ ਮੰਗੀ ਸੀ ਤਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਤਾਂ ਸਿਰਫ ਇਸ 'ਚੋਂ 20 ਫੀਸਦੀ ਹੀ ਮਿਲਦਾ ਹੈ ਜਦੋਂ ਕਿ ਬਾਕੀ ਦੀ ਸਾਰੀ ਰਕਮ ਨਿਗਮ ਇੰਸਪੈਕਟਰ ਕੁਲਜੀਤ ਮਾਂਗਟ ਅਤੇ ਕਿਰਨਦੀਪ ਸਿੰਘ ਨੂੰ ਜਾਂਦੀ ਹੈ। ਬੈਂਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਗੁਰਵਿੰਦਰ ਸਿੰਘ ਅਤੇ ਜਤਿੰਦਰ ਰਹੇਲਾ ਨਾਲ ਹੋਈ ਗੱਲਬਾਤ ਉਨ੍ਹਾਂ ਕੋਲ ਆਡੀਓ ਦੇ ਰੂਪ 'ਚ ਸੁਰੱਖਿਅਤ ਹੈ। ਉਥੇ ਦੂਜੇ ਪਾਸੇ ਜਦੋਂ ਜਤਿੰਦਰ ਰਹੇਲਾ ਨੇ ਪੈਸੇ ਆਪਣੀ ਜੇਬ 'ਚੋਂ ਕੱਢੇ ਅਤੇ ਉਸ ਨੇ ਨਿਗਮ ਇੰਸਪੈਕਟਰਾਂ ਦੇ ਨਾਂ ਲਏ ਤਾਂ ਇਹ ਪੂਰਾ ਮਾਮਲਾ ਫੇਸਬੁੱਕ 'ਤੇ ਲਾਈਵ ਰਿਹਾ ਤੇ ਲੁਧਿਆਣਾ ਸਮੇਤ ਹੋਰਨਾਂ ਸ਼ਹਿਰਾਂ ਦੇ ਲੋਕਾਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ 'ਚ ਬੈਠੇ ਲੋਕਾਂ ਨੇ ਵੀ ਦੇਖਿਆ। ਇਸ ਸਬੰਧੀ ਉਨ੍ਹਾਂ ਪਿਛਲੇ ਦਿਨੀਂ ਚੀਫ ਸੈਕਟਰੀ, ਪੰਜਾਬ ਦੇ ਨਾਲ-ਨਾਲ ਪ੍ਰਿੰਸੀਪਲ ਸਕੱਤਰ, ਸਥਾਨਕ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਨੂੰ ਵੀ ਲਿਖਤ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਲੁਧਿਆਣਾ ਨੇ ਸੇਵਾਦਾਰ ਜਤਿੰਦਰ ਰਹੇਲਾ ਨੂੰ ਸਸਪੈਂਡ ਕਰ ਕੇ ਲਿੱਪਾ-ਪੋਚੀ ਕੀਤੀ ਹੈ, ਜਦੋਂ ਕਿ ਉਨ੍ਹਾਂ ਮੰਗ ਕੀਤੀ ਸੀ ਕਿ ਨਿਗਮ ਇੰਸਪੈਕਟਰਾਂ ਕੁਲਜੀਤ ਸਿੰਘ ਮਾਂਗਟ ਅਤੇ ਕਿਰਨਦੀਪ ਸਿੰਘ ਖਿਲਾਫ ਵੀ ਕਾਰਵਾਈ ਕਰਦੇ ਹੋਏ ਵਿਜੀਲੈਂਸ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਦੋਵਾਂ ਇੰਸਪੈਕਟਰਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ।
ਮਾਸੂਮ ਭਤੀਜੇ ਦੀ ਗਰਦਨ ਵੱਢਣ ਵਾਲਾ ਚਾਚਾ ਗ੍ਰਿਫਤਾਰ
NEXT STORY