ਜਲੰਧਰ (ਬੁਲੰਦ)— ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਨੀਵਾਰ ਸਥਾਨਕ ਸਰਕਟ ਹਾਊਸ 'ਚ ਪ੍ਰੈੱਸ ਕਾਨਫਰੰਸ ਕਰਕੇ ਸਿੱਧੇ ਤੌਰ 'ਤੇ ਵੇਰਕਾ ਪਲਾਂਟ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ 'ਚ ਬਣੇ ਵੇਰਕਾ ਮਿਲਕ ਪਲਾਂਟਾਂ ਦਾ ਦੁੱਧ ਪੀਣ ਦੇ ਲਾਇਕ ਨਹੀਂ ਹੈ ਅਤੇ ਵੇਰਕਾ ਦੇ ਨਾਂ 'ਤੇ ਹਰ ਸਾਲ ਇਕ ਹਜ਼ਾਰ ਕਰੋੜ ਦਾ ਸਕੈਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਵੇਰਕਾ ਦਾ ਦੁੱਧ ਆਪਣੇ ਸੂਬੇ ਵਿਚ ਵੇਚਣ ਤੋਂ ਇਨਕਾਰ ਕਰਦੇ ਹੋਏ ਦੁੱਧ ਨੂੰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਲੈਬੋਟਰੀਆਂ ਵਿਚ ਟੈਸਟ ਤੋਂ ਬਾਅਦ ਉਕਤ ਦੁੱਧ ਵਿਚ ਪੌਸ਼ਟਿਕ ਤੱਤ ਨਹੀਂ ਪਾਏ ਗਏ, ਜੋ ਵੇਰਕਾ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਦੇ ਦੁੱਧ ਵਿਚ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਕਿਹਾ ਕਿ ਉਕਤ ਦੁੱਧ ਸਾਰੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਿਆ ਅਤੇ ਖੱਟਾ ਹੋ ਗਿਆ। ਵੇਰਕਾ ਦੇ ਦੁੱਧ ਵਿਚ ਕਾਸਟਿੰਗ ਸੋਡਾ ਪਾਉਣ ਦੀ ਵੀਡੀਓ ਵੀ ਉਨ੍ਹਾਂ ਕੋਲ ਹੈ ਅਤੇ ਦੁੱਧ ਦਾ ਫੈਟ ਘੱਟ ਕਰ ਕੇ ਲੋਕਾਂ ਨੂੰ ਦੁੱਧ ਸਪਲਾਈ ਕੀਤਾ ਜਾ ਰਿਹਾ ਹੈ ਪਰ ਇਸ ਸਾਰੇ ਗੋਰਖਧੰਦੇ ਨੂੰ ਸਰਕਾਰ ਅੱਖਾਂ ਬੰਦ ਕਰਕੇ ਦੇਖ ਰਹੀ ਹੈ। ਸਰਕਾਰ ਦੇ ਇਹ ਸਾਰੇ ਗੋਰਖਧੰਦੇ 'ਚ ਸ਼ਮੂਲੀਅਤ ਇਸ ਗੱਲ ਤੋਂ ਸਾਫ ਹੋ ਜਾਂਦੀ ਹੈ ਕਿ ਜਦੋਂ ਉਨ੍ਹਾਂ ਨੇ ਵੇਰਕਾ ਦਾ ਪਰਦਾਫਾਸ਼ ਕੀਤਾ ਤਾਂ ਉਲਟਾ ਉਨ੍ਹਾਂ 'ਤੇ ਹੀ ਪਰਚਾ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਚੁੱਪ ਨਹੀਂ ਬੈਠਣਗੇ ਅਤੇ ਵਿਧਾਨ ਸਭਾ ਵਿਚ ਮੁੱਦਾ ਉਠਾਉਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿਚ ਵਿਕ ਰਹੇ ਚਿੱਟਾ ਨਸ਼ੇ ਦੇ ਬਾਰੇ ਵਿਚ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਗੁਟਕਾ ਸਾਹਿਬ ਦੀ ਕਸਮਾਂ ਖਾ ਕੇ ਮੁਕਰ ਗਏ ਹਨ ਅਤੇ ਪੰਜਾਬ ਵਿਚ ਨਾ ਤਾਂ ਚਿੱਟਾ ਵਿਕਣਾ ਬੰਦ ਹੋਇਆ ਹੈ ਅਤੇ ਨਾ ਹੀ ਨਸ਼ੇ 'ਤੇ ਲਗਾਮ ਕੱਸੀ ਜਾ ਸਕੀ ਹੈ। ਰੋਜ਼ਾਨਾ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਹਾ ਸੀ ਕਿ ਮੰਤਰੀਆਂ ਦਾ ਡੋਪ ਟੈਸਟ ਹੋਵੇਗਾ। ਇਹ ਸਿਰਫ ਤਮਾਸ਼ਾ ਸੀ, ਕਿਉਂਕਿ ਨਾ ਤਾਂ ਸਾਰੇ ਮੰਤਰੀਆਂ ਨੇ ਸਹੀ ਟੈਸਟ ਕਰਵਾਇਆ ਅਤੇ ਨਾ ਹੀ ਸਾਰੇ ਵਿਧਾਇਕਾਂ ਨੇ ਟੈਸਟ ਕਰਵਾਏ। ਸਰਕਾਰ ਨੇ ਆਪਣੇ ਹੀ ਅਧਿਕਾਰੀਆਂ 'ਤੇ ਇਸ ਲਈ ਕੇਸ ਦਰਜ ਕੀਤੇ ਕਿਉਂਕਿ ਉਨ੍ਹਾਂ ਨੇ ਨਸ਼ੇ ਦੇ ਰੈਕਟ ਦਾ ਪਰਦਾਫਾਸ਼ ਕੀਤਾ, ਜਿਸ ਕਾਰਨ ਸਿਧਾਰਥ ਚੱਟੋਪਾਧਿਆਏ ਨੂੰ ਅਦਾਲਤ ਦੀ ਸ਼ਰਨ ਲੈਣੀ ਪਈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਸਰਕਾਰ 'ਚ ਮਜੀਠੀਆ ਨਸ਼ੇ ਦਾ ਕਿੰਗਪਿਨ ਰਿਹਾ ਪਰ ਕੈਪਟਨ ਨੇ ਖੁਦ ਹੀ ਉਸ ਨੂੰ ਕਲੀਨ ਚਿੱਟ ਦੇ ਕੇ ਸਾਬਤ ਕੀਤਾ ਕਿ ਇਸ ਗੋਰਖਧੰਦੇ ਵਿਚ ਸਭ ਮਿਲੇ ਹੋਏ ਹਨ। ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਵਿਚ ਹਿੰਮਤ ਹੈ ਤਾਂ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਦਿਖਾਉਣ। ਇਸ ਮੌਕੇ 'ਤੇ ਉਨ੍ਹਾਂ ਨੇ ਲੋਕ ਇਨਸਾਫ ਪਾਰਟੀ ਦੇ ਜਲੰਧਰ ਪ੍ਰਧਾਨ ਲਈ ਜਸਵੀਰ ਸਿੰਘ ਬੱਗਾ ਨੂੰ ਨਿਯੁਕਤ ਕੀਤਾ। ਓਧਰ ਮਾਮਲੇ ਬਾਰੇ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ।
ਮਮਦੋਟ : ਨਸ਼ੇ ਦੀ ਬਲੀ ਚੜ੍ਹਿਆ ਇਕ ਹੋਰ ਨੌਜਵਾਨ
NEXT STORY