ਰੱਖੜਾ,(ਰਾਣਾ, ਜੋਸਨ)- ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ 'ਚ ਸੁਧਾਰ ਕਰ ਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਚੰਗੀ ਨਸਲ ਦੇ ਪਸ਼ੂਆਂ ਦਾ ਸੀਮਨ ਬ੍ਰਾਜ਼ੀਲ ਤੋਂ ਮੰਗਵਾਇਆ ਗਿਆ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਕਲਿਆਣ ਦੇ ਸੰਤ ਬਾਬਾ ਕ੍ਰਿਪਾਲ ਸਿੰਘ ਸਟੇਡੀਅਮ ਵਿਖੇ 2 ਰੋਜ਼ਾ ਪੰਜਾਬ ਰਾਜ ਜ਼ਿਲਾ ਪੱਧਰੀ ਪਸ਼ੂ-ਧਨ ਮੇਲਾ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪਸ਼ੂ-ਧਨ ਕਿਸੇ ਵੀ ਦੇਸ਼ ਜਾਂ ਸੂਬੇ ਦਾ ਵੱਡਾ ਸਰਮਾਇਆ ਹੁੰਦਾ ਹੈ। ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਬੜੀ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਫਸਲਾਂ ਦੀ ਕਾਸ਼ਤ ਦੇ ਨਾਲ-ਨਾਲ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਪਸ਼ੂ, ਮੁਰਗੀਆਂ, ਮੱਛੀ, ਸੂਰ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦੇ ਵੀ ਅਪਣਾਉਣ।
ਸ਼੍ਰੀ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਪਸ਼ੂ ਪਾਲਕਾਂ ਦੇ ਕਿੱਤੇ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਸੂਬਾ ਪੱਧਰੀ ਪਸ਼ੂ-ਧਨ ਮੇਲਾ 1 ਤੋਂ 5 ਦਸੰਬਰ ਤੱਕ ਪਟਿਆਲਾ ਜ਼ਿਲੇ ਦੇ ਪਿੰਡ ਜਾਲ੍ਹਾਂ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ। ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਸਵਾ ਕਰੋੜ ਦੇ ਇਨਾਮ ਵੰਡੇ ਜਾਣਗੇ। ਸ਼੍ਰੀ ਮਹਿੰਦਰਾ ਨੇ ਕਿਹਾ ਕਿ ਕਲਿਆਣ ਵਿਖੇ ਲੱਗੇ ਪਸ਼ੂ-ਧਨ ਮੇਲੇ ਵਿੱਚ ਜੇਤੂ ਰਹਿਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ 7 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਹੌਸਲਾ-ਅਫ਼ਜ਼ਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ 2 ਰੋਜ਼ਾ ਮੇਲੇ ਵਿਚ ਪਸ਼ੂ ਪਾਲਕਾਂ ਲਈ ਬਿਹਤਰ ਪ੍ਰਬੰਧ ਕੀਤੇ ਗਏ ਹਨ। ਮੇਲੇ ਦੌਰਾਨ ਮੁਰ੍ਹਾ, ਨੀਲੀ ਰਾਵੀ ਨਸਲ ਦੀਆਂ ਮੱਝਾਂ, ਹੋਸਟਨ ਫਰੀਜ਼ਨ, ਸਾਹੀਵਾਲ ਤੇ ਜਰਸੀ ਨਸਲ ਦੀਆਂ ਗਾਵਾਂ, ਨੁੱਕਰੇ ਘੋੜੇ, ਬੀਟਲ ਬੱਕਰੀਆਂ ਅਤੇ ਵੱਖ-ਵੱਖ ਨਸਲਾਂ ਦੇ ਕੁੱਤੇ ਖਿੱਚ ਦਾ ਕੇਂਦਰ ਸਨ। ਪਸ਼ੂ ਮੇਲੇ ਦੇ ਪਹਿਲੇ ਦਿਨ ਬਾਅਦ ਦੁਪਹਿਰ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਸ਼ੂ ਪਾਲਕਾਂ ਦੀ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਉਂਦਾ ਹੈ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਐੱਚ. ਐੱਮ. ਵਾਲੀਆ ਨੇ ਦੱਸਿਆ ਕਿ ਇਸ ਮੇਲੇ ਵਿਚ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਤੋਂ ਇਲਾਵਾ ਘੋੜੀਆਂ ਦੇ ਡਾਂਸ ਅਤੇ ਸਜਾਵਟ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਵਿਚ ਕੁੱਲ 55 ਸ਼੍ਰੇਣੀਆਂ 'ਚ ਪਸ਼ੂਆਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਵਿਚ ਪਸ਼ੂ ਪਾਲਕਾਂ ਨੂੰ 7 ਲੱਖ ਦੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਤੋਂ ਇਲਾਵਾ ਕੁੱਤਿਆਂ ਦੀਆਂ ਪੰਜ ਨਸਲਾਂ ਜਰਮਨ ਸ਼ੈਫਰਡ, ਲੈਬਰਾਡੋਰ, ਰੋਟਵੀਲ੍ਹਰ, ਪਾਮੇਰੀਅਨ ਅਤੇ ਪੱਗ ਨਸਲ ਦੇ ਮੁਕਾਬਲੇ ਕਰਵਾਏ ਜਾਣਗੇ। ਡਾ. ਵਾਲੀਆ ਨੇ ਦੱਸਿਆ ਕਿ 24 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਹੋਣਗੇ। ਮੇਲੇ ਵਿਚ ਪੂਰੇ ਜ਼ਿਲੇ ਭਰ ਦੇ ਪਸ਼ੂ ਪਾਲਕਾਂ ਤੋਂ ਇਲਾਵਾ ਡਿਪਟੀ ਡਾਇਰਕੈਟਰ ਡੇਅਰੀ ਸ਼੍ਰੀ ਅਸ਼ੋਕ ਰੌਣੀ, ਇਲਾਕੇ ਦੇ ਪਿੰਡਾਂ ਦੇ ਪੰਚ-ਸਰਪੰਚ ਤੇ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਅਤੇ ਦਰਸ਼ਕ ਵੀ ਹਾਜ਼ਰ ਸਨ। ਇਸ ਮੌਕੇ ਅਮਰਦੀਪ ਸਿੰਘ ਵਿੱਕੀ ਕਲਿਆਣ, ਹੁਸ਼ਿਆਰ ਸਿੰਘ ਕੈਦੂਪੁਰ, ਹਰਵਿੰਦਰ ਸਿੰਘ ਧੰਗੇੜਾ, ਰਤਨਜੀਤ ਸਿੰਘ ਜਾਹਲਾਂ, ਪੀ. ਏ. ਬਹਾਦਰ ਖਾਨ, ਸੁਖਚੈਨ ਸਿੰਘ ਨੰਬਰਦਾਰ ਲੁਬਾਣਾ ਕਰਮੂ, ਡਾ. ਰਾਜਿੰਦਰ ਸਿੰਘ ਮੂੰਡਖੇੜਾ, ਨਰਿੰਦਰ ਸਿੰਘ ਕਾਲੇਕਾ, ਮਦਨ ਭਾਰਦਵਾਜ, ਰਾਜਮੋਹਨ ਸਿੰਘ ਕਾਲੇਕਾ ਪ੍ਰਸਿੱਧ ਆਰਗੈਨਿਕ ਖੇਤੀ ਮਾਹਿਰ, ਰਘਵੀਰ ਸਿੰਘ ਖੱਟੜਾ ਰੋਹਟੀ ਮੌੜਾਂ ਅਤੇ ਸਰਪੰਚ ਜੱਸੋਵਾਲ ਆਦਿ ਮੌਜੂਦ ਸਨ।
ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਕਾਬੂ
NEXT STORY