ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰੀ ਕਲਾਂ ਦੇ ਹਰਦੀਪ ਸਿੰਘ ਤੇ ਪਿੰਡ ਸਤੌਜ ਦੀ ਗੁਰਪ੍ਰੀਤ ਕੌਰ ਦਾ ਬਿਨਾ ਦਾਜ ਦੇ ਹੋਇਆ ਸਾਦਾ ਵਿਆਹ ਇਲਾਕੇ ਭਰ ਵਿਚ ਚਰਚਾ 'ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਮਰਹੂਮ ਨਿਹਾਲ ਸਿੰਘ ਦੇ ਛੋਟੇ ਪੁੱਤਰ ਹਰਦੀਪ ਸਿੰਘ ਉਰਫ਼ ਮੋਟੂ ਦਾ ਵਿਆਹ ਪਰਿਵਾਰਕ ਮੈਂਬਰਾਂ ਨੇ ਪਿੰਡ ਸਤੌਜ ਦੀ ਗੁਰਪ੍ਰੀਤ ਕੌਰ ਨਾਲ ਜਿਉਂ ਹੀ ਵਿਆਹ ਦੀ ਤਾਰੀਕ ਪੱਕੀ ਕੀਤੀ ਤਾਂ ਹਰਦੀਪ ਨੇ ਬਿਨਾ ਦਾਜ-ਦਹੇਜ ਵਿਆਹ ਸਬੰਧੀ ਆਪਣੀ ਸ਼ਰਤ ਦਾ ਖ਼ੁਲਾਸਾ ਕੀਤਾ।
ਹਰਦੀਪ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਸ ਦੇ ਸਿਰਫ਼ ਚਾਰ ਬਰਾਤੀ ਇਕ ਗੱਡੀ ਵਿਚ ਗਏ ਸਨ ਜਦੋਂ ਕਿ ਉਹ ਖੁਦ ਮੋਟਰਸਾਈਕਲ 'ਤੇ ਗਿਆ, ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਕਰਵਾਏ ਅਤੇ ਆਪਣੀ ਪਤਨੀ ਨੂੰ ਆਪਣੇ ਮੋਟਰਸਾਈਕਲ 'ਤੇ ਹੀ ਆਪਣੇ ਘਰ ਲੈ ਆਇਆ। ਉਨ੍ਹਾਂ ਦਾਅਵਾ ਕੀਤਾ ਕਿ ਉਸਨੇ ਆਪਣੇ ਸਹੁਰੇ ਪਰਿਵਾਰ ਤੋਂ ਉਕਾ ਹੀ ਈ ਦਾਜ ਨਹੀਂ ਲਿਆ। ਉਂਝ ਉਹ ਆਪਣੇ ਸਹੁਰੇ ਘਰ ਖਾਣਾ ਖਾਣ ਮੌਕੇ ਵੀ ਪੰਗਤ 'ਚ ਬੈਠ ਕੇ ਲੰਗਰ ਛਕਣਾ ਚਾਹੁੰਦਾ ਸੀ ਪਰ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਖਾਣਾ ਜ਼ਰੂਰ ਕੁਰਸੀ 'ਤੇ ਬਿਠਾ ਕੇ ਛਕਾਇਆ।
ਚੰਗੀ ਚੋਖੀ ਜ਼ਮੀਨ ਦੇ ਮਾਲਕ ਹਰਦੀਪ ਸਿੰਘ ਦੀ ਵਿਦਿਅਕ ਯੋਗਤਾ ਅੰਡਰ ਮੈਟ੍ਰਿਕ ਤੇ ਉਸਦੀ ਪਤਨੀ ਦੀ ਵਿਦਿਅਕ ਯੋਗਤਾ ਐੱਮ. ਐੱਸ. ਸੀ. ਦੱਸੀ ਜਾ ਰਹੀ ਹੈ ਅਤੇ ਆਈਲੈਟਸ ਵਿਚੋਂ ਵੀ ਚੰਗੇ ਬੈਂਡ ਪ੍ਰਾਪਤ ਹਨ। ਉਂਝ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਨਹੀਂ ਹੈ। ਸਮਾਜ ਸੇਵੀ ਮਾਸਟਰ ਕੁਲਵੰਤ ਸਿੰਘ ਨੇ ਇਸ ਵਿਲੱਖਣ ਵਿਆਹ ਨੂੰ ਹੋਰਨਾ ਨੌਜਵਾਨਾਂ ਰਾਹ ਦਰਸਾਉ ਤੇ ਪ੍ਰੇਰਣਾ ਸਰੋਤ ਕਰਾਰ ਦਿੰਦਿਆਂ ਨੌਜਵਾਨਾਂ ਦੀ ਅਜਿਹੀ ਹਾਂ-ਪੱਖੀ ਸੋਚ ਨੂੰ ਸਮਾਜ ਲਈ ਸ਼ੁਭ ਸ਼ਗਨ ਕਿਹਾ।
ਓ. ਐੱਲ. ਐੱਕਸ. ਜ਼ਰੀਏ 6 ਲੋਕਾਂ ਨਾਲ ਹੋਈ ਆਨਲਾਈਨ ਠੱਗੀ, ਇੰਝ ਹੋਇਆ ਖ਼ੁਲਾਸਾ
NEXT STORY