ਚੰਡੀਗੜ੍ਹ (ਹਾਂਡਾ) : ਟ੍ਰਾਈਸਿਟੀ ਵਿਚ ਕੋਰੋਨਾ ਸਬੰਧੀ ਦਿੱਲੀ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਲਈ ਨਿਰਧਾਰਿਤ ਕੀਤੇ ਗਏ ਬੈੱਡ ਭਰ ਚੁੱਕੇ ਹਨ। ਕਿਸੇ ਵੀ ਹਸਪਤਾਲ ਵਿਚ ਵੈਂਟੀਲੇਟਰ ਨਹੀਂ ਮਿਲ ਰਿਹਾ, ਨਾ ਹੀ ਆਈ. ਸੀ. ਯੂ. ਹੀ ਖਾਲ੍ਹੀ ਹਨ, ਜਿਸ ਕਾਰਣ ਕਈ ਕੋਰੋਨਾ ਮਰੀਜ਼ ਇਧਰ-ਉਧਰ ਭਟਕ ਰਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ਰੱਬ ਆਸਰੇ ਹੈ। ਹਸਪਤਾਲਾਂ ਦੇ ਡਾਕਟਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਜੋ ਦਵਾਈਆਂ ਲਿਖ ਕੇ ਦੇ ਰਹੇ ਹਨ, ਉਹ ਮਾਰਕੀਟ ਵਿਚ ਨਹੀਂ ਮਿਲ ਰਹੀਆਂ। ਆਕਸੀਜਨ ਤਾਂ ਹੈ ਪਰ ਆਕਸੀਜਨ ਨੂੰ ਫੇਫੜਿਆਂ ਤਕ ਪਹੁੰਚਾਉਣ ਲਈ ਜਿਸ ਮਸ਼ੀਨ ਦੀ ਜ਼ਰੂਰਤ ਹੈ, ਉਹ ਵੀ ਹਸਪਤਾਲਾਂ ਵਿਚ ਨਹੀਂ ਹੈ ਅਤੇ ਬਾਜ਼ਾਰ ਵਿਚ ਉਹ ਵਿਕਦੀ ਨਹੀਂ। ਇਸ ਆਕਸੀਜਨ ਮਸ਼ੀਨ ਲਈ ਹਸਪਤਾਲਾਂ ਵਿਚ ਦਲਾਲ 5 ਤੋਂ 10 ਹਜ਼ਾਰ ਰੁਪਏ ਇਕ ਹਫ਼ਤੇ ਦਾ ਕਿਰਾਇਆ ਵਸੂਲ ਰਹੇ ਹਨ। ਜੋ ਮਸ਼ੀਨਾਂ ਮਿਲ ਰਹੀਆਂ ਹਨ, ਉਹ ਵੀ ਵੱਡੀ ਸਿਫਾਰਿਸ਼ ਤੋਂ ਬਾਅਦ। ਜਿਸ ਦੀ ਸਿਫਾਰਿਸ਼ ਨਹੀਂ ਹੈ ਜਾਂ ਆਰਥਿਕ ਹਾਲਤ ਠੀਕ ਨਹੀਂ ਹੈ, ਉਹ ਅੰਤਿਮ ਸਮੇਂ ਦਾ ਇੰਤਜ਼ਾਰ ਹੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੀ. ਜੀ. ਆਈ. ਕੋਵਿਡ ਹਸਪਤਾਲ ’ਚ ਨਹੀਂ ਬਚਿਆ ਕੋਈ ਵੈਂਟੀਲੇਟਰ
ਐਂਬੂਲੈਂਸ ’ਚ ਆਕਸੀਜਨ ਦੇ ਸਹਾਰੇ ਸਾਹ ਲੈ ਰਿਹੈ ਪੰਚਕੂਲਾ ਨਿਵਾਸੀ
ਅਜਿਹਾ ਹੀ ਕੁਝ ਪੰਚਕੂਲਾ ਵਿਚ ਦੇਖਣ ਨੂੰ ਮਿਲਿਆ, ਜਿੱਥੇ ਅਸ਼ੋਕ ਨਾਂ ਦੇ ਵਿਅਕਤੀ ਨੂੰ ਕੋਰੋਨਾ ਹੋ ਗਿਆ। ਉਸ ਨੂੰ ਡਾਕਟਰਾਂ ਨੇ ਵੈਂਟੀਲੇਟਰ ਦੀ ਜ਼ਰੂਰਤ ਦੱਸੀ ਅਤੇ ਤੁਰੰਤ ਹਸਪਤਾਲ ਵਿਚ ਭਰਤੀ ਹੋਣ ਲਈ ਕਿਹਾ। ਅਸ਼ੋਕ ਪਹਿਲਾਂ ਸੈਕਟਰ-6 ਦੇ ਸਰਕਾਰੀ ਹਸਪਤਾਲ ਗਿਆ, ਜਿੱਥੇ ਵੈਂਟੀਲੇਟਰ ਨਾ ਹੋਣ ਕਾਰਣ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਅਲਕੈਮਿਸਟ ਹਸਪਤਾਲ ਲੈ ਗਏ। ਉੱਥੇ ਵੀ ਨਾ ਬੈੱਡ ਮਿਲਿਆ, ਨਾ ਵੈਂਟੀਲੇਟਰ। ਪ੍ਰੇਸ਼ਾਨ ਪਰਿਵਾਰ ਵਾਲੇ ਪਾਰਸ ਹਸਪਤਾਲ, ਮੇਯੋ ਹਸਪਤਾਲ, ਕਮਾਂਡ ਹਸਪਤਾਲ, ਮਨੀਮਾਜਰਾ ਹਸਪਤਾਲ, ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ, ਸੈਕਟਰ-16 ਦੇ ਸਰਕਾਰੀ ਹਸਪਤਾਲ, ਮੋਹਾਲੀ ਦੇ ਮੈਕਸ, ਆਈ. ਵੀ. ਵਾਈ. ਹਸਪਤਾਲ, ਗ੍ਰੇਸ਼ੀਅਨ ਸਮੇਤ ਸਾਰੇ ਹਸਪਤਾਲਾਂ ਵਿਚ ਜਾ ਕੇ ਵੈਂਟੀਲੇਟਰ ਦੀ ਗੁਹਾਰ ਲਾਉਂਦੇ ਰਹੇ ਪਰ ਕਿਤੇ ਵੀ ਆਈ. ਸੀ. ਯੂ. ਜਾਂ ਵੈਂਟੀਲੇਟਰ ਖਾਲ੍ਹੀ ਨਹੀਂ ਮਿਲਿਆ। ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਸਰਕਾਰ ਨੇ ਵੈਂਟੀਲੇਟਰ ਭੇਜੇ ਹਨ, ਜਿਸ ਤੋਂ ਬਾਅਦ ਸ਼ਾਮ 7 ਵਜੇ ਉਹ ਗਿਆਨ ਸਾਗਰ ਪੁੱਜੇ ਪਰ ਉੱਥੇ ਵੀ ਰਾਤ ਸਾਢੇ 9 ਵਜੇ ਤਕ ਵੈਂਟੀਲੇਟਰ ਨਹੀਂ ਮਿਲਿਆ ਸੀ। ਮਰੀਜ਼ ਦੀ ਹਾਲਤ ਵਿਗੜ ਰਹੀ ਸੀ, ਜੋ ਕਿ ਐਂਬੂਲੈਂਸ ਵਿਚ ਆਕਸੀਜਨ ਦੇ ਸਹਾਰੇ ਸਾਹ ਲੈ ਰਿਹਾ ਹੈ। ਜੇਕਰ ਛੇਤੀ ਹੀ ਵੈਂਟੀਲੇਟਰ ਦਾ ਇੰਤਜ਼ਾਮ ਨਾ ਹੋਇਆ ਤਾਂ ਸਵੇਰੇ ਤਕ ਮਰੀਜ਼ ਨਹੀਂ ਬਚੇਗਾ।
ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ
ਬਾਹਰੀ ਮਰੀਜ਼ਾਂ ਨੇ ਵਧਾਇਆ ਸ਼ਹਿਰ ਦੇ ਹਸਪਤਾਲਾਂ ’ਤੇ ਲੋਡ
ਜੀ. ਐੱਮ. ਸੀ. ਐੱਚ.-32 ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਹਸਪਤਾਲ ਵਿਚ ਆਈ. ਸੀ. ਯੂ. ਖਾਲ੍ਹੀ ਨਹੀਂ ਹਨ ਅਤੇ ਨਾ ਹੀ ਵੈਂਟੀਲੇਟਰ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਇਲਾਵਾ ਇੱਥੇ ਦਿੱਲੀ ਤਕ ਤੋਂ ਕੋਰੋਨਾ ਦੇ ਗੰਭੀਰ ਮਰੀਜ਼ ਆਕਸੀਜਨ ਅਤੇ ਵੈਂਟੀਲੇਟਰ ਲਈ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਦਾਖਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹੀ ਕਾਰਣ ਹੈ ਕਿ ਨਿੱਜੀ ਅਤੇ ਸਰਕਾਰੀ ਹਸਪਤਾਲ ਫੁੱਲ ਹਨ, ਜਿਸ ਕਾਰਣ ਟ੍ਰਾਈਸਿਟੀ ਦੇ ਕੋਰੋਨਾ ਮਰੀਜ਼ਾਂ ਨੂੰ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹੀ ਹਾਲਾਤ ਕੁਝ ਦਿਨ ਹੋਰ ਰਹੇ ਤਾਂ ਇੱਥੇ ਵੀ ਦਿੱਲੀ ਅਤੇ ਯੂ. ਪੀ. ਵਰਗੇ ਹਾਲਤ ਬਣ ਜਾਣਗੇ, ਜਿਸ ਲਈ ਪ੍ਰਸ਼ਾਸਨ ਨੂੰ ਸਮੇਂ ਸਿਰ ਸੋਚਣਾ ਚਾਹੀਦਾ ਹੈ।
5 ਤੋਂ 10 ਹਜ਼ਾਰ ਪ੍ਰਤੀ ਹਫ਼ਤੇ ਲਈ ਲੈ ਰਹੇ ਹਨ ਆਕਸੀਜਨ ਐਕਸੀਲੇਟਰ ਮਸ਼ੀਨ
ਮੋਹਾਲੀ ਅਤੇ ਚੰਡੀਗੜ੍ਹ ਵਿਚ ਕੁਝ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਕੋਰੋਨਾ ਕਾਰਣ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ ਅਤੇ ਆਕਸੀਜਨ ਫੇਫੜਿਆਂ ਤਕ ਨਹੀਂ ਪਹੁੰਚ ਰਹੀ। ਇਸ ਲਈ ਆਕਸੀਜਨ ਐਕਸੀਲੇਟਰ ਮਸ਼ੀਨ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਲੱਗੀ ਹੋਈ ਹੈ। ਇਨ੍ਹਾਂ ਦੀ ਗਿਣਤੀ ਵੀ ਸੀਮਿਤ ਹੁੰਦੀ ਹੈ। ਮਸ਼ੀਨ ਹਸਪਤਾਲਾਂ ਵਿਚ ਹੀ ਸਪਲਾਈ ਹੁੰਦੀ ਹੈ ਅਤੇ ਕਿਸੇ ਕੈਮਿਸਟ ਜਾਂ ਮੈਡੀਕਲ ਸਟੋਰ ਵਿਚ ਨਹੀਂ ਮਿਲਦੀ ਪਰ ਡਾਕਟਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਉਕਤ ਮਸ਼ੀਨ ਦਾ ਖੁਦ ਪ੍ਰਬੰਧ ਕਰਨ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਆਕਸੀਜਨ ਦੀ ਕਮੀ ਕਾਰਣ ਬਟਾਲਾ ਦੇ ਨੌਜਵਾਨ ਦੀ ਅੰਮ੍ਰਿਤਸਰ ’ਚ ਮੌਤ
ਧੱਕੇ ਖਾਣ ਤੋਂ ਬਾਅਦ ਹਸਪਤਾਲਾਂ ਵਿਚ ਦਲਾਲਾਂ ਤੋਂ ਲੋਕ 5 ਤੋਂ 10 ਹਜ਼ਾਰ ਰੁਪਏ ਪ੍ਰਤੀ ਹਫ਼ਤੇ ਦਾ ਕਿਰਾਇਆ ਦੇ ਕੇ ਮਸ਼ੀਨ ਲੈ ਰਹੇ ਹਨ। ਰੈਮਿਡਿਸਿਵਰ ਇੰਜੈਕਸ਼ਨ ਸਬੰਧੀ ਵੀ ਇਹੀ ਹਾਲ ਹੈ। ਇਹ ਬਾਜ਼ਾਰ ਵਿਚ ਵਿਕਣਾ ਬੰਦ ਹੋ ਗਿਆ ਹੈ। ਸਿਰਫ਼ ਸਰਕਾਰੀ ਅਤੇ ਕੁਝ ਨਿੱਜੀ ਹਸਪਤਾਲਾਂ ਵਿਚ ਹੀ ਸਰਕਾਰ ਦੀ ਮਨਜ਼ੂਰੀ ਨਾਲ ਲਾਏ ਜਾ ਰਹੇ ਹਨ ਪਰ ਉਥੇ ਵੀ ਇੰਜੈਕਸ਼ਨ ਖਤਮ ਹੋ ਚੁੱਕੇ ਹਨ। ਇਕ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ ਨੂੰ ਡਾਕਟਰ ਨੇ ਉਕਤ ਇੰਜੈਕਸ਼ਨ ਦਾ ਪ੍ਰਬੰਧ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵਾਲੇ ਟ੍ਰਾਈਸਿਟੀ ਵਿਚ ਕਈ ਘੰਟੇ ਘੁੰਮਦੇ ਰਹੇ ਪਰ ਇੰਜੈਕਸ਼ਨ ਨਹੀਂ ਮਿਲਿਆ। ਥੱਕ-ਹਾਰ ਕੇ ਇਕ ਦਲਾਲ ਦਾ ਫ਼ੋਨ ਨੰਬਰ ਕਿਸੇ ਦੂਜੇ ਮਰੀਜ਼ ਦੇ ਰਿਸ਼ਤੇਦਾਰ ਨੇ ਦਿੱਤਾ ਅਤੇ ਤਿੰਨ ਗੁਣਾ ਕੀਮਤ ’ਤੇ ਇੰਜੈਕਸ਼ਨ ਦਾ ਪ੍ਰਬੰਧ ਕਰਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸੁਨਾਮ : AC ਤੇ LED ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ (ਤਸਵੀਰਾਂ)
NEXT STORY