ਪਠਾਨਕੋਟ/ਹਿਮਾਚਲ (ਸ਼ਾਰਦਾ) : ਧਾਰਮਿਕ ਸਥਾਨ ਮਣੀਕਰਨ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਦਾ ਉਸ ਸਮੇਂ ਸਭ ਕੁਝ ਉੱਜੜ ਗਿਆ, ਜਦੋਂ ਦਿਲ ਕੰਬਾਊ ਹਾਦਸੇ ਦਾ ਸ਼ਿਕਾਰ ਹੋ ਕੇ ਉਨ੍ਹਾਂ ਦੀ ਕਾਰ ਪੰਡੋਹ ਡੈਮ 'ਚ ਡੁੱਬ ਗਈ। ਇਸ ਹਾਦਸੇ ਦੌਰਾਨ ਪਰਿਵਾਰ ਦੇ 7 ਜੀਅ ਕਾਰ ਦੇ ਨਾਲ ਹੀ ਰੁੜ੍ਹ ਗਏ, ਜਦੋਂ ਇਕ ਇਕ ਮੈਂਬਰ ਦਾ ਬਚਾਅ ਹੋ ਗਿਆ। ਇਸ ਦਿਲ ਕੰਬਾਊ ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਮੁਹੱਲਾ ਰਾਮਪੁਰਾ ਵਾਸੀ ਸੁਧੀਰ ਕੁਮਾਰ ਉਰਫ ਮੋਨੂੰ (23) ਪੇਸ਼ੇ ਤੋਂ ਡਰਾਈਵਰ ਹੈ। ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਉਸ ਦੀ ਪਤਨੀ ਪੂਜਾ ਆਪਣੀ ਡੇਢ ਮਹੀਨੇ ਦੀ ਬੇਟੀ ਨੂੰ ਲੈ ਕੇ ਮਣੀਕਰਨ ਸਾਹਿਬ ਦੇ ਨੇੜੇ ਪਿੰਡ ਦਿਓੜ 'ਚ ਆਪਣੇ ਪੇਕੇ ਘਰ ਗਈ ਹੋ ਹੋਈ ਸੀ। ਜਦੋਂ ਮੋਨੂੰ ਉਨ੍ਹਾਂ ਨੂੰ ਲੈਣ ਗਿਆ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਮਣੀਕਰਨ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਇਸ ਤੋਂ ਬਾਅਦ ਮੋਨੂੰ, ਉਸ ਦੀ ਪਤਨੀ ਪੂਜਾ ਡੇਢ ਮਹੀਨੇ ਦੀ ਬੱਚੀ, ਸੱਸ ਮੀਰਾ ਦੇਵੀ, ਦੋ ਸਾਲੇ, ਮਾਸੀ ਸੱਸ ਅਨੀਤਾ ਦੇਵੀ ਅਤੇ ਉਸ ਦੀ ਬੇਟੀ ਬਬਲੀ ਨਾਲ ਕਾਰ 'ਚ ਸਵਾਰ ਹੋ ਕੇ ਮੱਥਾ ਟੇਕਣ ਲਈ ਨਿਕਲ ਗਏ। ਵਾਪਸ ਆਉਂਦੇ ਸਮੇਂ ਮੋਨੂੰ ਆਪਣੇ ਸਹੁਰਾ ਪਰਿਵਾਰ ਨੂੰ ਪਿੰਡ ਦਿਓੜ ਛੱਡਣ ਜਾ ਰਿਹਾ ਸੀ ਕਿ ਓਟ ਦੇ ਨੇੜੇ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਅਣਪਛਾਤੇ ਵਾਹਨ ਨਾਲ ਹੋ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਪੂਰੇ ਪਰਿਵਾਰ ਨਾਲ ਭਰੀ ਕਾਰ ਸੜਕ ਕਿਨਾਰੇ ਸਥਿਤ ਪਹਾੜੀ ਨਾਲ ਟਕਰਾ ਕੇ ਪਲਟੀਆਂ ਖਾਂਦੀ ਹੋਈ ਪੰਡੋਹ ਡੈਮ 'ਚ ਡਿਗ ਗਈ। ਇਸ ਹਾਦਸੇ ਦੇ ਸਮੇਂ ਮੋਨੂੰ ਦਾ ਇਕ ਸਾਲਾ ਕਾਰ ਦੀ ਬਾਰੀ ਖੁੱਲ੍ਹ ਜਾਣ ਕਾਰਨ ਸੜਕ 'ਤੇ ਡਿਗ ਗਿਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਇਕ ਔਰਤ ਦੀ ਲਾਸ਼ ਨੂੰ ਇੱਥੋਂ ਥੋੜੀ ਦੂਰ ਲਾਰਜੀ ਡੈਮ ਤੋਂ ਬਰਾਮਦ ਕਰ ਲਿਆ।
ਫਿਲਹਾਲ ਪੁਲਸ ਵਲੋਂ ਬਾਕੀ 6 ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਇਹ ਖਬਰ ਜਿਵੇਂ ਹੀ ਪਠਾਨਕੋਟ 'ਚ ਮੋਨੂੰ ਦੇ ਘਰ ਪੁੱਜੀ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮੋਨੂੰ ਦੀ ਮਾਂ ਪਿੰਕੀ ਖਬਰ ਸੁਣਦੇ ਸਾਰ ਹੀ ਬੇਹੋਸ਼ ਹੋ ਗਈ। ਪਿੰਕੀ ਨੇ ਦੱਸਿਆ ਕਿ ਉਸ ਦਾ ਹੱਸਦਾ-ਖੇਡਦਾ ਬਾਗ ਉਜੜ ਗਿਆ ਹੈ ਅਤੇ ਹੋਣੀ ਉਸ ਦੇ ਲਾਡਲੇ ਅਤੇ ਪਰਿਵਾਰ 'ਤੇ ਭਾਰੀ ਪੈ ਗਈ, ਜੋ ਉਸ ਦੇ ਬੱਚਿਆਂ ਨੂੰ ਉਸ ਪਾਸੋਂ ਖੋਹ ਕੇ ਲੈ ਗਈ। ਇਸ ਘਟਨਾ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਮਾਤਮ ਛਾ ਗਿਆ ਹੈ ਅਤੇ ਰਿਸ਼ਤੇਦਾਰਾਂ ਸਮੇਤ ਬਾਕੀ ਲੋਕ ਦੁੱਖ ਦੀ ਇਸ ਘੜੀ 'ਚ ਪਰਿਵਾਰ ਵਾਲਿਆਂ ਨੂੰ ਸਹਾਰਾ ਦੇ ਰਹੇ ਹਨ।
ਦਿਓਰ-ਭਰਜਾਈ ਦੀ ਸ਼ਰਮਨਾਕ ਕਰਤੂਤ, ਮਾਸੂਮ ਲੜਕੀ ਦੀ ਇੱਜ਼ਤ ਕੀਤੀ ਤਾਰ-ਤਾਰ
NEXT STORY