ਨਵਾਂਸ਼ਹਿਰ, (ਤ੍ਰਿਪਾਠੀ)- ਆਂਗਣਵਾੜੀ ਵਰਕਰਾਂ 'ਤੇ ਪਾਏ ਜਾ ਰਹੇ ਵਾਧੂ ਕੰਮਾਂ ਦੇ ਵਿਰੋਧ 'ਚ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ। ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਕਾਹਲੋਂ, ਸਕੱਤਰ ਬਲਜੀਤ ਕੌਰ ਅਤੇ ਸੀਟੂ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ 'ਤੇ ਲਗਾਤਾਰ ਪਾਏ ਜਾ ਰਹੇ ਵਾਧੂ ਕੰਮਾਂ ਦੇ ਬੋਝ ਦੇ ਕਾਰਨ ਜਿਥੇ ਵਰਕਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ 0-6 ਸਾਲ ਦੇ ਬੱਚੇ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ 6 ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਵਿਚ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨਾਂ ਅਤੇ ਨੀਲੇ ਕਾਰਡਾਂ ਦੀ ਜਾਂਚ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਉਸਦਾ ਬੋਝ ਵੀ ਜਾਣਬੁੱਝ ਕੇ ਆਂਗਣਵਾੜੀ ਵਰਕਰਾਂ 'ਤੇ ਪਾਇਆ ਜਾ ਰਿਹਾ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪ੍ਰਭਾਵਿਤ ਹੋ ਰਹੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੈਨਸ਼ਨ ਅਤੇ ਨੀਲੇ ਕਾਰਡਾਂ ਦੀ ਜਾਂਚ ਦੇ ਕੰਮ ਦਾ ਬੋਝ ਉਨ੍ਹਾਂ 'ਤੇ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਂਗਣਵਾੜੀ ਵਰਕਰਾਂ ਤੋਂ ਧੱਕੇਸ਼ਾਹੀ ਨਾਲ ਪੈਨਸ਼ਨਰਾਂ ਅਤੇ ਨੀਲੇ ਕਾਰਡਾਂ ਹੋਲਡਰਾਂ ਦੀ ਜਾਂਚ ਦਾ ਕੰਮ ਲੈਣ ਦਾ ਯਤਨ ਕੀਤਾ ਤਾਂ ਇਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਸੋਮਾਦੇਵੀ, ਮਨਜੀਤ ਕੌਰ, ਦਲਜੀਤ ਕੌਰ, ਕਾਂਤਾ ਦੇਵੀ, ਹਰਜੀਤ ਕੌਰ, ਜਸਵੀਰ ਕੌਰ, ਅਕਵਿੰਦਰ ਕੌਰ, ਗੁਰਮੇਜ ਕੌਰ, ਦਵਿੰਦਰ ਜੀਤ ਕੌਰ ਆਦਿ ਹਾਜ਼ਰ ਸਨ।
ਪੰਜਾਬ 'ਚ ਕਿਸੇ ਕੀਮਤ 'ਤੇ ਖਾਲਿਸਤਾਨੀ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ
NEXT STORY