ਫਗਵਾੜਾ, (ਰੁਪਿੰਦਰ ਕੌਰ)- ਸਿਵਲ ਸਰਜਨ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਹੁਕਮਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਅਨਿਲ ਕੁਮਾਰ ਤੇ ਐੱਸ. ਐੱਮ. ਓ. ਫਗਵਾੜਾ ਡਾ. ਦਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੰਚਾਰਜ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਫਗਵਾੜਾ ਦੇ ਖੋਖਿਆਂ ਤੇ ਦੁਕਾਨਾਂ 'ਤੇ ਤੰਬਾਕੂ ਨਾਲ ਬਣੇ ਪਦਾਰਥ ਸਿਗਰਟ ਆਦਿ ਖੁੱਲ੍ਹੇਆਮ ਵੇਚਣ ਵਾਲਿਆਂ ਦੇ ਚਲਾਨ ਕੱਟੇ ਗਏ।
ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਐਕਟ 2003 ਅਧੀਨ ਕੋਈ ਵੀ ਦੁਕਾਨਦਾਰ ਜਾਂ ਰੇਹੜੀ ਵਾਲਾ ਖੁੱਲ੍ਹੀ ਹੋਈ ਸਿਗਰਟ ਦੀ ਡੱਬੀ ਨਹੀਂ ਵੇਚ ਸਕਦਾ ਤੇ ਨਾ ਹੀ ਖੁੱਲ੍ਹੇਆਮ ਸਿਗਰਟ-ਬੀੜੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਤੇ 18 ਸਾਲ ਤੋਂ ਘੱਟ ਦੀ ਉਮਰ ਵਾਲੇ ਵਿਅਕਤੀ ਨੂੰ ਤੰਬਾਕੂ ਨਾਲ ਬਣੀਆਂ ਚੀਜ਼ਾਂ ਵੇਚਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਫਗਵਾੜੇ ਦੇ ਦੁਕਾਨਾਂ, ਰੇਹੜੀਆਂ ਤੇ ਖੋਖੇ ਵਾਲਿਆਂ ਦੇ 8 ਚਲਾਨ ਕੱਟੇ ਗਏ ਤੇ 30 ਤੋਂ ਜ਼ਿਆਦਾ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।
ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੈਂਸਰ ਜਿਹੀ ਖਤਰਨਾਕ ਬੀਮਾਰੀ ਦਾ ਸਭ ਤੋਂ ਮੁੱਢਲਾ ਕਾਰਨ ਹੀ ਤੰਬਾਕੂਨੋਸ਼ੀ ਹੈ। ਇਸ ਲਈ ਸਾਨੂੰ ਤੰਬਾਕੂ ਤੇ ਇਸ ਨਾਲ ਬਣੇ ਸਾਮਾਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਮੌਕੇ ਐੱਸ. ਆਈ. ਸੁਖਦੇਵ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਮਨਜਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਲਖਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਐੱਸ. ਆਈ. ਬਲਿਹਾਰ ਚੰਦ ਹਾਜ਼ਰ ਸਨ।
ਨੌਕਰੀ ਦਿਵਾਉਣ ਦੇ ਨਾਂ 'ਤੇ ਚਾਚੇ-ਭਤੀਜੇ ਨਾਲ ਠੱਗੀ
NEXT STORY