ਜਗਰਾਓਂ(ਜਸਬੀਰ ਸ਼ੇਤਰਾ)– ਸੋਸ਼ਲ ਮੀਡੀਆ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਅਕਸਰ ਬਹਿਸ ਚੱਲਦੀ ਰਹਿੰਦੀ ਹੈ ਤੇ ਮਾਪੇ ਬੱਚਿਆਂ ਦੇ ਸੋਸ਼ਲ ਮੀਡੀਆ ਨਾਲ ਚਿੰਬੜੇ ਰਹਿਣ ਨੂੰ ਲੈ ਕੇ ਚਿੰਤਤ ਨਜ਼ਰ ਆਉਂਦੇ ਹਨ ਪਰ ਜੇਕਰ ਸੋਸ਼ਲ ਮੀਡੀਆ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਬਹੁਤ ਸਹਾਈ ਵੀ ਸਿੱਧ ਹੋ ਸਕਦਾ ਹੈ। 13 ਸਾਲਾਂ ਦੇ ਗੁਆਚੇ ਬੱਚੇ ਨੂੰ ਕੁਝ ਘੰਟਿਆਂ 'ਚ ਹੀ ਸੋਸ਼ਲ ਮੀਡੀਆ ਦੀ ਮਦਦ ਨਾਲ ਬਠਿੰਡੇ ਤੋਂ ਭਾਲ ਕੇ ਗਰੀਬ ਮਾਪਿਆਂ ਤੱਕ ਪਹੁੰਚਦਾ ਕਰਨ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ ਕਿ ਜਗਰਾਓਂ ਦੇ ਨੌਜਵਾਨ ਸੁਖਦੀਪ ਸਿੰਘ ਸੁੱਖ ਨੇ। ਵੇਰਵਿਆਂ ਅਨੁਸਾਰ ਬੀਤੇ ਕੱਲ ਦਿਹਾੜੀਦਾਰ ਮਨਜੀਤ ਸਿੰਘ ਦਾ 13 ਸਾਲਾ ਪੁੱਤਰ ਰਮਨਦੀਪ ਸਿੰਘ ਗੁਆਚ ਗਿਆ। ਬੱਚਾ ਥੋੜ੍ਹਾ ਸਿੱਧਰਾ ਹੋਣ ਕਰਕੇ ਮਾਪਿਆਂ ਨੂੰ ਉਸ ਦੀ ਵਧੇਰੇ ਹੀ ਚਿੰਤਾ ਹੋ ਰਹੀ ਸੀ।
ਇਸ ਗੱਲ ਦਾ ਪਤਾ ਜਿਵੇਂ ਹੀ ਨੌਜਵਾਨ ਸੁੱਖ ਜਗਰਾਓਂ ਨੂੰ ਲੱਗਾ ਤਾਂ ਉਸ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਸ 'ਚ ਬੱਚੇ ਦਾ ਹੁਲੀਆ, ਫੋਟੋ ਤੇ ਹੋਰ ਵੇਰਵੇ ਦੇਣ ਤੋਂ ਇਲਾਵਾ ਪਤਾ ਲੱਗਣ 'ਤੇ ਪਰਿਵਾਰ ਦਾ ਪਤਾ-ਟਿਕਾਣਾ ਵੀ ਦੱਸਿਆ। ਨਾਲ ਹੀ ਸੁੱਖ ਨੇ ਦੋਸਤਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਬੇਨਤੀ ਕੀਤੀ। ਦੁਪਹਿਰ ਤੱਕ ਬੱਚੇ ਦੇ ਮਖੂ ਰੇਲਵੇ ਸਟੇਸ਼ਨ 'ਤੇ ਹੋਣ ਦੀ ਰੇਲਵੇ ਮੁਲਾਜ਼ਮ ਸਨੀ ਮਖੂ ਤੋਂ ਜਾਣਕਾਰੀ ਮਿਲ ਗਈ। ਗੱਲਬਾਤ ਹੋਣ 'ਤੇ ਸਨੀ ਮਖੂ ਨੇ ਜੀ. ਆਰ. ਪੀ. ਨੂੰ ਬੱਚਾ ਫ਼ਿਰੋਜ਼ਪੁਰ ਭੇਜਣ ਲਈ ਕਿਹਾ ਤਾਂ ਜੋ ਉਥੋਂ ਲੁਧਿਆਣਾ ਵਾਲੀ ਰੇਲ ਗੱਡੀ 'ਚ ਭੇਜ ਕੇ ਇਸ ਨੂੰ ਜਗਰਾਓਂ ਪਹੁੰਚਦਾ ਕੀਤਾ ਜਾ ਸਕੇ। ਸੁੱਖ ਜਗਰਾਓਂ ਨੇ ਦੱਸਿਆ ਕਿ ਜੀ. ਆਰ. ਪੀ. ਮੁਲਾਜ਼ਮਾਂ ਨੇ ਲਾਪ੍ਰਵਾਹੀ ਵਰਤੀ ਤੇ ਬੱਚੇ ਨੂੰ ਇਕੱਲੇ ਜੰਮੂ-ਤਵੀ ਅਹਿਮਦਾਬਾਦ ਐਕਸਪ੍ਰੈੱਸ ਦੇ ਡੱਬੇ ਚਾਰ ਐੱਸ 'ਚ ਬਿਠਾ ਕੇ ਫ਼ਿਰੋਜ਼ਪੁਰ ਵੱਲ ਭੇਜ ਦਿੱਤਾ। ਬੱਚਾ ਉਥੋਂ ਬਠਿੰਡਾ ਪਹੁੰਚ ਗਿਆ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਇਸ ਤਰ੍ਹਾਂ ਗੁਆਚ ਕੇ ਇਕ ਵਾਰ ਮਿਲਦਾ-ਮਿਲਦਾ ਬੱਚਾ ਮੁੜ ਗੁਆਚ ਗਿਆ। ਜੀ. ਆਰ. ਪੀ. ਮੁਲਾਜ਼ਮਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਬੱਚਾ ਫ਼ਿਰੋਜ਼ਪੁਰ ਦੇ ਰਾਹ 'ਚ ਕਿੱਧਰੇ ਉਤਰ ਗਿਆ ਹੋਵੇਗਾ। ਇਸ 'ਤੇ ਸੁੱਖ ਜਗਰਾਓਂ ਨੇ ਸਨੀ ਮਖੂ ਨਾਲ ਰਾਬਤਾ ਕਾਇਮ ਕੀਤਾ, ਜਿਸ ਨੇ ਅੱਗੇ ਆਪਣੇ ਬਠਿੰਡਾ ਰਹਿੰਦੇ ਦੋਸਤਾਂ ਯਸ਼ਪਾਲ ਤੇ ਰਾਜੇਸ਼ ਨੂੰ ਬੱਚਾ ਲੱਭਣ ਬਠਿੰਡਾ ਰੇਲਵੇ ਸਟੇਸ਼ਨ ਭੇਜਿਆ। ਉਨ੍ਹਾਂ ਨੂੰ ਰਮਨਦੀਪ ਉਥੇ ਰੇਲਵੇ ਸਟੇਸ਼ਨ 'ਤੇ ਬੈਠਾ ਮਿਲ ਗਿਆ। ਬੱਚੇ ਨੂੰ ਰੋਟੀ-ਪਾਣੀ ਖੁਆਉਣ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਜਗਰਾਓਂ ਤੱਕ ਪਹੁੰਚਦੀ ਕੀਤੀ। ਇਕ ਭੈਣ ਦਾ ਇਕਲੌਤਾ ਭਰਾ ਅੱਜ ਆਪਣੇ ਘਰ ਪਹੁੰਚ ਗਿਆ ਹੈ ਪਰ ਉਸ ਦੇ ਗੁੰਮ ਹੋਣ ਦੀ ਵੀਡੀਓ ਹਾਲੇ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੀਟਾਂ ਦੀ ਕਮੀ ਬਣੇਗੀ ਮੁਸੀਬਤ : 140 ਸੀਟਾਂ 'ਤੇ 1510 ਬਿਨੇ-ਪੱਤਰ
NEXT STORY