ਭਗਤਾ ਭਾਈ, (ਪਰਵੀਨ)- ਬੀਤੇ ਦਿਨੀਂ ਪੁਲਸ ਦਾ ਕਹਿਰ ਝੱਲਣ ਵਾਲੇ ਪੀਡ਼ਤ ਪਰਿਵਾਰ ਦੇ ਹੱਕ ’ਚ ਇਕਜੁੱਟ ਹੋਈਆਂ ਅੱਧੀ ਦਰਜ਼ਨ ਜਥੇਬੰਦੀਆਂ ਨੇ ਥਾਣਾ ਦਿਆਲਪੁਰਾ ਭਗਤਾ ਨੂੰ ਘੇਰ ਕੇ ਧਰਨਾ ਮਾਰਿਆ ਅਤੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਕੈਪਟਨ ਸਰਕਾਰ, ਪੁਲਸ ਅਤੇ ਭੱਠਾ ਮਾਲਕ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੰਗ ਤਹਿਤ ਕਿਸਾਨ, ਮਜ਼ਦੂਰ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਭੱਠਾ ਕਾਂਡ ਜਬਰ ਵਿਰੋਧੀ ਐਕਸ਼ਨ ਕਮੇਟੀ ਵੀ ਗਠਨ ਕੀਤੀ ਗਈ ਹੈ, ਜਿਸਦੇ ਮੁਖੀ ਰਿਤੇਸ਼ ਰਿੰਕੂ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਦੋਵੇਂ ਪੁਲਸ ਅਧਿਕਾਰੀਆਂ ਨੂੰ ਨੌਕਰੀ ਤੋਂ ਲਾਂਭੇ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਭੱਠਾ ਮਾਲਕ ਵਿਰੁੱਧ ਹੋਰ ਧਾਰਾਵਾਂ ਤੋਂ ਇਲਾਵਾ ਐੱਸ. ਸੀ. ਐਕਟ ਤਹਿਤ ਵੀ ਮਾਮਲਾ ਦਰਜ ਹੋਵੇ। ਇਸ ਮੌਕੇ ਸਮੂਹ ਬੁਲਾਰਿਆਂ ਨੇ ਪੁਲਸ ਦੀ ਨਿੰਦਾ ਕਰਦਿਆਂ ਕਿਹਾ ਕਿ ਭੱਠਾ ਮਜ਼ਦੂਰ ਪਰਿਵਾਰ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦੀ ਬਜਾਏ ਉਸਦੀ ਨਾਜਾਇਜ਼ ਕੁੱਟ-ਮਾਰ ਕਰ ਦਿੱਤੀ, ਬਲਕਿ ਬਜ਼ੁਰਗ ਅੌਰਤ ਨੂੰ ਵੀ ਨਹੀਂ ਬਖਸ਼ਿਆ ਗਿਆ।
ਇਸ ਮੌਕੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਯੋਧਾਂ, ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਸੁਰਮੁੱਖ ਸਿੰਘ ਸੇਲਬਰਾਹ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਤੀਰਥ ਸਿੰਘ ਕੋਠਾਗੁਰੂ, ਭਾਕਿਯੂ ਡਕੌਂਦਾ ਦੇ ਗੁਰਦੀਪ ਸਿੰਘ ਰਾਮਪੁਰਾ, ਭਾਕਿਯੂ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾਗੁਰੂ, ਦਰਸ਼ਨ ਸਿੰਘ ਬਾਜਾਖਾਨਾ, ਲਖਵੀਰ ਸਿੰਘ ਲੱਖਾ ਸਿਧਾਨਾ, ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਡੀ. ਐੱਸ. ਪੀ. ਫੂਲ ਗੁਰਪ੍ਰੀਤ ਸਿੰਘ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਵਿਚਕਾਰ ਹੋਈ ਗੱਲਬਾਤ ਉਪਰੰਤ ਪੁਲਸ ਵਲੋਂ ਭੱਠਾ ਮਾਲਕਾਂ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹ ਧਰਨਾ ਸਮਾਪਤ ਹੋਇਆ।
ਐੱਸ.ਜੀ.ਆਰ.ਡੀ. ਏਅਰਪੋਰਟ ਕਾਰਗੋ ਤੋਂ ਦੇਸ਼-ਵਿਦੇਸ਼ ਵਿਚ ਕੀਤਾ ਜਾਵੇਗਾ ਐਕਸਪੋਰਟ
NEXT STORY