ਮੋਗਾ (ਆਜ਼ਾਦ) - ਮੋਗਾ ਜ਼ਿਲੇ ਦੀ ਸਬ-ਡਵੀਜ਼ਨ ਧਰਮਕੋਟ ਵਿਚ 5 ਮਰਲੇ ਜਗ੍ਹਾ ਨੂੰ ਲੈ ਕੇ ਇਕ ਪੁੱਤ ਵਲੋਂ ਆਪਣੀ ਪਤਨੀ ਅਤੇ ਹੋਰਨਾਂ ਨਾਲ ਮਿਲ ਕੇ ਆਪਣੀ ਮਾਂ ਗੁਰਨਾਮ ਕੌਰ ਨਿਵਾਸੀ ਪਿੰਡ ਜਲਾਲਾਬਾਦ ਪੂਰਬੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਸਾੜ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਕਤਲ ਦੇ ਇਸ ਮਾਮਲੇ ਨੂੰ ਹੱਲ ਕਰਦਿਆਂ ਮ੍ਰਿਤਕਾ ਦੇ ਪੁੱਤ ਸੁਖਮੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਤੋਂ ਇਲਾਵਾ ਪੋਤ ਨੂੰਹ ਅਮਨਦੀਪ ਕੌਰ ਨੂੰ ਕਾਬੂ ਕੀਤਾ ਹੈ, ਜਦਕਿ ਪੋਤਰਾ ਸਤਪਾਲ ਸਿੰਘ ਪੁਲਸ ਦੇ ਕਾਬੂ ਨਹੀਂ ਆਇਆ।
ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਕਤਲ ਦੀ ਘਟਨਾ ਦਾ ਪਤਾ ਲੱਗਣ ’ਤੇ ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ, ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਤੇ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਦੇ ਬਾਅਦ ਆਸ-ਪਾਸ ਦਾ ਨਿਰੀਖਣ ਕਰਕੇ ਫਾਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ।
ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਧੀ ਦਲਜੀਤ ਕੌਰ ਨਿਵਾਸੀ ਪ੍ਰੀਤ ਕੇਬਲ ਵਾਲੀ ਗਲੀ ਲੁਧਿਆਣਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਮੈਨੂੰ ਬੀਤੀ ਰਾਤ 2 ਵਜੇ ਦੇ ਕਰੀਬ ਉਸ ਦੇ ਜੀਜੇ ਛਿੰਦਰ ਸਿੰਘ ਨੇ ਫੋਨ ’ਤੇ ਦੱਸਿਆ ਕਿ ਸਾਨੂੰ ਸੁਖਮੰਦਰ ਸਿੰਘ ਉਰਫ ਪੱਪੂ ਦਾ ਫੋਨ ਆਇਆ ਹੈ ਕਿ ਮਾਤਾ ਗੁਰਨਾਮ ਕੌਰ ਦੀ ਅੱਜ ਰਾਤ ਕਮਰੇ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ, ਤੁਸੀਂ ਜਲਦੀ ਆ ਜਾਓ। ਮੈਂ ਆਪਣੇ ਪੁੱਤ ਅਵਤਾਰ ਸਿੰਘ ਅਤੇ ਜੀਜੇ ਛਿੰਦਰ ਸਿੰਘ ਸਮੇਤ ਤੁਰੰਤ ਆਪਣੇ ਘਰ ਪਿੰਡ ਜਲਾਲਾਬਾਦ ਪੂਰਬੀ ਪਹੁੰਚੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਮੇਰੇ ਭਰਾ ਸੁਖਮੰਦਰ ਸਿੰਘ ਉਰਫ ਪੱਪੂ, ਭਾਬੀ ਬਲਵਿੰਦਰ ਕੌਰ, ਭਤੀਜੇ ਸਤਪਾਲ ਸਿੰਘ ਉਰਫ ਜੱਗੂ ਅਤੇ ਭਤੀਜ ਨੂੰਹ ਅਮਨਦੀਪ ਕੌਰ ਨੇ ਮਿਲ ਕੇ 5 ਮਰਲੇ ਦੇ ਮਕਾਨ ਖਾਤਿਰ ਮੇਰੀ ਮਾਤਾ ਗੁਰਨਾਮ ਕੌਰ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਸ ਦੇ ਬਾਅਦ ਲਾਸ਼ ਨੂੰ ਅੱਗ ਲਾ ਕੇ ਸਾੜ ਦਿੱਤਾ।
ਡੀ. ਐੱਸ. ਪੀ. ਰਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਚਰਨਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕਾਬੂ ਕੀਤੇ ਗਏ ਤਿੰਨੋਂ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਦਕਿ ਮ੍ਰਿਤਕਾ ਦੇ ਪੋਤਰੇ ਸਤਪਾਲ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਪਹੁੰਚੀ ਠੇਸ : ਮਜੀਠੀਆ
NEXT STORY